RYF
ਰੀਪਬਲਿਕ ਯੂਥ ਫੈਡਰੇਸ਼ਨ (ਆਰ.ਵਾਈ.ਐਫ.)
(ਪ੍ਰੋਗਰਾਮ ਦਾ ਖਰੜਾ)
RYF ਨੌਜਵਾਨਾਂ ਦਾ ਇੱਕ ਅਜਿਹਾ ਸਾਂਝਾ ਮੰਚ ਹੈ, ਜੋ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਬੁਲੰਦ ਹੋ ਕੇ ਸਮੂਹ ਨੌਜਵਾਨਾਂ ਲਈ ਮਿਲ ਕੇ ਸੋਚਣ ਤੇ ਸਮੂਹਿਕ ਐਕਸ਼ਨ ਕਰਨ ਲਈ ਪਲੇਟਫਾਰਮ ਮੁਹਈਆ ਕਰਵਾਉਂਦਾ ਹੈ। RYF ਕਿਸੇ ਵੀ ਤਰ੍ਹਾਂ ਦੇ ਵਿਚਾਰਧਾਰਕ ਬੰਧਨਾਂ ਨੂੰ ਸਵੀਕਾਰ ਨਹੀਂ ਕਰਦੀ, ਸਗੋਂ ਸਾਡਾ ਉਦੇਸ਼ ਦੁਨੀਆਂ ਭਰ ਦੀ ਬੌਧਿਕ ਤੇ ਰੁਹਾਨੀ ਸੰਪਦਾ ਨਾਲ ਸੰਵਾਦ ਰਚਾਉਂਦੇ ਹੋਏ, ਜੀਵਨ ਨੂੰ ਦਰਪੇਸ਼ ਮਸਲਿਆਂ ਬਾਰੇ ਮੌਲਿਕ, ਖੁੱਲ੍ਹਦਿਲੇ ਤੇ ਆਜ਼ਾਦ ਚਿੰਤਨ ਨੂੰ ਉਤਸ਼ਾਹਿਤ ਕਰਨਾ ਹੈ। RYF ਉਨ੍ਹਾਂ ਸਦੀਵੀ ਕਦਰਾਂ ਕੀਮਤਾਂ ਨੂੰ ਆਪਣਾ ਪਥ-ਪ੍ਰਦਰਸ਼ਕ ਕਬੂਲ ਕਰਦੀ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਜੁੜਨ ਲਈ ਪ੍ਰੇਰਦੇ ਹੋਏ ਸਮੁੱਚੀ ਕਾਇਨਾਤ ਨਾਲ ਉਸ ਦੇ ਸਬੰਧਾਂ ਪ੍ਰਤੀ ਸੰਵੇਦਨਸ਼ੀਲ ਬਣਾਉਂਦੀਆਂ ਹਨ। ਬਾਜ਼ਾਰੀਕਰਨ ਅਤੇ ਵਿਭਿੰਨ ਰੰਗਾਂ ਦੀ ਕੱਟੜਤਾ ਤੋ ਸਮੂਹ ਮਾਨਵਤਾ ਦੀਆਂ ਸਮਾਜਿਕ, ਰਾਜਨੀਤਿਕ, ਅਤੇ ਸੱਭਿਆਚਾਰ ਤੇ ਕਲਾਤਮਕ ਪ੍ਰਾਪਤੀਆਂ ਦੀ ਰਾਖੀ ਨੂੰ RYF ਆਪਣਾ ਮੁੱਢਲਾ ਫਰਜ਼ ਤਸਵਰ ਕਰਦੀ ਹੈ ਅਤੇ ਸਮੁੱਚੀ ਮਨੁੱਖਤਾ ਜਿਸ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਵੀ ਸ਼ਾਮਿਲ ਹਨ, ਨੂੰ ਦਰਪੇਸ਼ ਫੌਰੀ ਤੇ ਸੰਭਾਵੀ ਮਸਲਿਆਂ ਦੇ ਨਿਪਟਾਰੇ ਲਈ ਸੰਘਰਸ਼ ਉਸ ਦਾ ਇਕੋ-ਇੱਕ ਅਕੀਦਾ ਹੈ। ਸ਼ੁਰੂਆਤੀ ਦੌਰ ਵਿੱਚ ਸਾਡੀਆਂ ਸਰਗਰਮੀਆਂ ਦਾ ਭੂਗੌਲਿਕ ਦਾਇਰਾ ਭਾਵੇਂ ਸੀਮਿਤ ਹੋ ਸਕਦਾ ਹੈ , ਪਰ ਚੇਤਨਾ ਦੇ ਧਰਾਤਲ ਤੇ ਸੁਮੱਚੀ ਧਰਤੀ ਦੇ ਦੁੱਖ-ਦਰਦ ਨਾਲ ਜੁੜਨ ਤੇ ਉਨ੍ਹਾਂ ਵਿਚਲੀ ਸਾਂਝ ਨੂੰ ਮਹਿਸੂਸ ਕਰਨਾ ਸਾਡਾ ਇੱਕ ਅਹਿਮ ਫਰਜ਼ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਨੇੜ ਭਵਿੱਖ ਵਿਚਲਾ ਸੰਸਾਰ ਇੱਕ ਭੂਮੰਡਲੀ ਜੀਵਨ ਦਾ ਨਜ਼ਾਰਾ ਪੇਸ਼ ਕਰ ਰਿਹਾ ਹੈ। ਅੱਜ ਵੀ ਆਪਣੇ ਆਲੇ-ਦੁਆਲੇ ਅਸੀਂ ਅਨੇਕਾਂ ਅਜਿਹੇ ਪਰਿਵਾਰਾਂ ਨੂੰ ਦੇਖ ਸਕਦੇ ਹਾਂ ਜਿਨ੍ਹਾਂ ਦੇ ਬਹੁਤ ਕਰੀਬੀ ਮੈਂਬਰ ਦੁਨੀਆਂ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਰਹਿ ਰਹੇ ਹਨ ਤੇ ਅਜਿਹੇ ਪਰਿਵਾਰਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸੋ ਹੁਣ ''ਵਾਸੂਦੇਵ ਕੁਟੰਬਕਮ " ਦਾ ਉਦਘੋਸ਼ ਕਿਸੇ ਕਵੀ ਦੀ ਕਲਪਨਾ ਨਹੀਂ ਸਗੋਂ ਇੱਕ ਠੋਸ ਹਕੀਕਤ ਬਣ ਚੁੱਕਾ ਹੈ। RYF ਇਸ ਹਕੀਕਤ ਤੋਂ ਵੀ ਪੂਰੀ ਤਰ੍ਹਾਂ ਸੁਚੇਤ ਹੈ ਤੇ ਚੇਤਨਾ ਦੀਆਂ ਬ੍ਰਹਿਮੰਡੀ ਉਡਾਰੀਆਂ ਨੂੰ ਅਮਲੀ ਜਾਮਾ ਸਿਰਫ਼ ਉਸ ਧਰਤੀ ਉੱਤੇ ਹੀ ਪਹਿਣਾਇਆ ਜਾ ਸਕਦਾ ਹੈ ਜੋ ਠੀਕ ਸਾਡੇ ਪੈਰਾਂ ਥੱਲ੍ਹੇ ਹੈ। ਸੋ “Think Globally and Act Locally” ( ਭੂਮੰਡਲ ਪੱਧਰ ਤੇ ਸੋਚੋ ਅਤੇ ਸਥਾਨਕ ਪੱਧਰ ਤੇ ਸੰਘਰਸ਼ ਕਰੋ ) ਸਾਡੇ ਲਈ ਇੱਕ ਸੁਨਹਿਰੀ ਸੂਤਰ ਹੈ, ਜੋ ਸਾਡੀਆਂ ਸਰਗਰਮੀਆਂ ਦਾ ਆਧਾਰ ਹੈ।
ਪ੍ਰਾਪਤੀਆਂ ਤੇ ਚੁਣੌਤੀਆਂ
ਅੱਜ ਤੋਂ ਲਗਭਗ ਛੇ ਦਹਾਕੇ ਪਹਿਲਾਂ ਜਦ ਨਵ-ਆਜ਼ਾਦ ਭਾਰਤ ਨੇ ਜਮਹੂਰੀਅਤ ਅਤੇ ਧਰਮ-ਨਿਰਪਖਤਾ ਦਾ ਮਾਰਗ ਅਪਣਾਇਆ ਸੀ ਤਾਂ ਦੇਸ਼ ਦੇ ਅੰਦਰੋਂ ਅਤੇ ਬਾਹਰੋਂ ਕਈ ਸ਼ਕਤੀਆਂ ਨੇ ਇਸ ਨਿਰਣੇ ਦਾ ਮਜ਼ਾਕ ਉਡਾਇਆ ਸੀ। ਉਹ ਲੋਕ ਇਹ ਸੋਚਦੇ ਸਨ ਕਿ ਵੋਟ ਦੇ ਜਿਸ ਹੱਕ ਨੂੰ ਹਾਸਿਲ ਕਰਨ ਲਈ ਯੂਰਪ ਤੇ ਅਮਰੀਕਾ ਦੇ ਲੋਕਾਂ ਨੇ ਸੈਂਕੜੇ ਸਾਲਾਂ ਤੱਕ ਸੰਘਰਸ਼ ਕੀਤਾ ਹੈ, ਉਹੀ ਹੱਕ ਭਾਰਤ ਦੇ ਹਰ ਬਾਲਿਗ ਨਰ-ਨਾਰੀ ਨੂੰ ਬਿਨਾਂ ਕਿਸੇ ਚੇਤਨ ਕੋਸ਼ਿਸ ਤੋਂ ਬੈਠੇ ਬਿਠਾਏ ਹੀ ਮਿਲ ਗਿਆ ਹੈ। ਇਸ ਲਈ ਉਹ ਇਸਦੀ ਕੀਮਤ ਨਹੀਂ ਸਮਝ ਸਕਣਗੇ। ਅਨਪੜ੍ਹਤਾ ਨੂੰ ਬਾਲਗ ਵੋਟ ਅਧਿਕਾਰ ਵਿਰੁੱਧ ਇੱਕ ਹੋਰ ਦਲੀਲ ਵਾਂਗ ਵਰਤਿਆ ਗਿਆ ਹੈ। ਇਸੇ ਤਰ੍ਹਾਂ ਕੁਝ ਅਜਿਹੇ ਲੋਕ ਵੀ ਸਨ ਜੋ ਵੋਟ ਦੇ ਹੱਕ ਨੂੰ ਸਿਰਫ਼ ਜ਼ਾਇਦਾਦ ਦੀਆਂ ਮਾਲਕ ਜਮਾਤਾਂ ਤੱਕ ਸੀਮਿਤ ਕਰਕੇ ਰੱਖਣਾ ਚਾਹੁੰਦੇ ਸਨ। ਪਰ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੇ ਅਸਤੀਫੇ ਦੀ ਪੇਸ਼ਕਸ ਕਰਕੇ ਉਨ੍ਹਾਂ ਲੋਕਾਂ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ।
ਅੱਜ 60 ਸਾਲ ਬਾਅਦ, ਜਦੋਂ ਭਾਰਤ ਦੁਨੀਆਂ ਦੇ ਸਭ ਤੋ ਵਿਸ਼ਾਲ ਲੋਕਤੰਤਰ ਦੇ ਰੂਪ ਵਿੱਚ ਖੁਦ ਨੂੰ ਪ੍ਰਮਾਣਿਤ ਕਰ ਚੁੱਕਾ ਹੈ, ਅਸੀਂ ਆਪਣੀ ਇਸ ਪ੍ਰਾਪਤੀ ਉੱਤੇ ਮਾਣ ਕਰ ਸਕਦੇ ਹਾਂ। ਪਰ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਇਹ ਘੜੀ ਮੁਲਾਂਕਣ ਦੀ ਵੀ ਹੈ, ਵਿਰੋਧੀਆਂ ਵੱਲੋਂ ਖੜੇ ਕੀਤੇ ਗਏ ਤਮਾਮ ਖਦਸ਼ੇ ਨਿਰੋਲ ਹਵਾਈ ਨਹੀਂ ਸਨ। ਅੱਜ ਵੀ ਲੀਡਰਾਂ ਨੂੰ ਆਪਣੇ ਨੁਮਾਇੰਦੇ ਨਹੀਂ ਸਗੋਂ ਹਾਕਮ ਸਮਝਣ ਦੀ ਮਾਨਸਿਕਤਾ ਸਾਡੇ ਲੋਕਾਂ ਵਿੱਚ ਭਾਰੂ ਹੈ ਅਤੇ ਇਹ ਘਾਟ ਸਿਰਫ਼ ਅਨਪੜ੍ਹ ਵਰਗ ਤੱਕ ਹੀ ਸੀਮਿਤ ਨਹੀਂ ਹੈ। ਵੋਟ ਦੀ ਸਿਆਸਤ ਦਾ ਵਪਾਰੀਕਰਨ ਅਤੇ ਫਿਰਕੂਕਰਨ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਬਹੁਗਿਣਤੀ ਲੋਕਾਂ ਵਿੱਚ ਵੋਟ ਦੇ ਹੱਕ ਨੂੰ ਇੱਕ ਅਹਿਮ ਪ੍ਰਾਪਤੀ ਅਤੇ ਜਿੰਮੇਵਾਰੀ ਸਮਝਣ ਦੀ ਚੇਤਨਾ ਵਿਕਸਤ ਨਹੀਂ ਕਰ ਸਕੇ। ਹਾਲੇ ਵੀ ਬਹੁਤ ਲੋਕ ਹਨ ਜੋ ਵੋਟਾਂ ਦੀ ਸਾਰੀ ਖੇਡ ਨੂੰ ਲੀਡਰਾਂ ਵੱਲੋਂ ਰਚਿਆ ਤਮਾਸ਼ਾ ਹੀ ਸਮਝਦੇ ਹਨ, ਵੋਟ ਪਾਉਂਦੇ ਵੀ ਹਨ ਤਾਂ ਕਿਸੇ ਉੱਤੇ ਅਹਿਸਾਨ ਹੀ ਕਰ ਰਹੇ ਹੁੰਦੇ ਹਨ। ਇਸੇ ਕਾਰਨ ਸਿਆਸਤ ਵਿੱਚ ਪਰਿਵਾਰਵਾਦ ਅਤੇ ਦਲਾਲ ਮਾਨਸਿਕਤਾ ਵਰਗੀਆਂ ਪ੍ਰਵਿਰਤੀਆਂ ਭਾਰੂ ਹੁੰਦੀਆਂ ਜਾ ਰਹੀਆਂ ਹਨ ਅਤੇ ਇਹ ਰੁਝਾਨ ਕਿਸੇ ਇੱਕ ਪਾਰਟੀ ਤੱਕ ਸੀਮਿਤ ਨਹੀਂ ਹਨ। RYF ਇਸਨੂੰ ਨੌਜਵਾਨਾਂ ਦੇ ਜਮੂਹਰੀ ਹੱਕਾਂ ਉੱਤੇ ਇੱਕ ਵੱਡਾ ਛਾਪਾ ਸਮਝਦੀ ਹੈ ਤੇ ਇਸਦੇ ਖਿਲਾਫ਼ ਸੰਘਰਸ਼ ਦਾ ਪ੍ਰਣ ਲੈਦੀ ਹੈ।
RYF ਸੰਘਰਸ਼ ਦੇ ਉਦੇਸ਼ਾਂ ਦੇ ਨਾਲ ਹੀ ਨਾਲ ਵਰਤੇ ਜਾਣ ਵਾਲੇ ਢੰਗ ਤਰੀਕਿਆਂ ਨੂੰ ਵੀ Tਨਾਂ ਹੀ ਪੱਵਿਤਰ ਸਮਝਦੀ ਹੈ। ਸੰਘਰਸ਼ ਦੇ ਪੁਰ ਅਮਨ ਤਰੀਕਿਆਂ ਦੀ ਸਮੱਰਥਾ ਅਤੇ ਕਾਰਗਰਤਾ ਵਿੱਚ ਉਸਦਾ ਅਟੁੱਟ ਵਿਸ਼ਵਾਸ ਹੈ। ਫਿਰਕੂਵਾਦ, ਪਰਿਵਾਰਵਾਦ ਅਤੇ ਬਜ਼ਾਰਵਾਦ ਦੀਆਂ ਤਾਕਤਾਂ ਦੇ ਨਾਲ ਹੀ RYF ਉਨ੍ਹਾਂ ਤਾਕਤਾਂ ਦੇ ਵਿਰੁੱਧ ਵੀ ਨੌਜਵਾਨਾਂ ਨੂੰ ਸੁਚੇਤ ਕਰਨਾ ਚਾਹੁੰਦੀ ਹੈ ਜੋ ਸਿਆਸੀ ਆਰਥਿਕ ਢਾਂਚੇ ਦੀਆਂ ਸਾਰੀਆਂ ਕਮੀਆਂ ਦਾ ਹੱਲ ਹਿੰਸਾ ਦੇ ਮਾਰਗ ਵਿਚੋ ਤਲਾਸ਼ ਕਰਦੇ ਹਨ। ਇਤਿਹਾਸ ਇਨ੍ਹਾਂ ਰਾਹਾਂ ਨੂੰ ਪਹਿਲਾਂ ਅਜ਼ਮਾ ਤੇ ਰੱਦ ਕਰ ਚੁੱਕਾ ਹੈ। ਸੋ ਜਵਾਨੀ ਦੀ ਬੇਸ਼ਕੀਮਤੀ ਊਰਜਾ ਨੂੰ ਮੁੜ-ਮੁੜ ਕੇ ਪਹਿਲਾਂ ਅਜਮਾਏ ਰਾਹਾਂ ਤੇ ਬਰਬਾਦ ਕਰਨ ਨੂੰ RYF ਇੱਕ ਵੱਡੀ ਭੁੱਲ ਸਮਝਦੀ ਹੈ ਤੇ ਪੰਜਾਬੀ ਦੇ ਉਘੇ ਸ਼ਾਇਰ ਸੁਰਜੀਤ ਪਾਤਰ ਦੇ ਸ਼ਬਦਾ ਵਿੱਚ ਨੌਜਵਾਨ ਵੀਰਾਂ ਨੂੰ ਚੇਤਾਵਨੀ ਦੇਣਾ ਚਾਹੁੰਦੀ ਹੈ: “ਨਾ ਜਾਇਓ ਵੇ ਪੁੱਤਰੋ ਦਲਾਲਾਂ ਦੇ ਆਖੇ, ਮਰਨ ਲਈ ਕਿਤੇ ਦੂਰ ਮਾਵਾਂ ਤੋ ਚੋਰੀ।”
ਆਰਥਿਕ-ਸਮਾਜਿਕ ਤੇ ਮਾਨਸਿਕ ਚੁਣੌਤੀਆਂ
RYF ਸਮੁੱਚੇ ਜੀਵਨ ਨੂੰ ਇੱਕ ਇਕਾਈ ਸਮਝਦੀ ਹੈ ਜਿਸ ਦੀਆਂ ਸਭ ਤੰਦਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਸਮਾਜ ਵਿੱਚ ਔਰਤਾਂ ਤੇ ਪਿਛੜੇ ਵਰਗਾਂ ਦੀ ਨਾਜੁਕ ਸਥਿਤੀ ਬਾਰੇ ਉਹ ਪੂਰੀ ਤਰ੍ਹਾਂ ਚੇਤਨ ਹੈ ਤੇ ਉਸਨੂੰ ਬਦਲਣ ਲਈ ਸੰਘਰਸ਼ ਕਰਨ ਵਾਸਤੇ ਬਚਨਬੱਧ ਹੈ। ਲੜਕੀਆਂ ਦੀ ਦਿਨੋ-ਦਿਨ ਵਧ ਰਹੀ ਭਰੂਣ ਹੱਤਿਆ, ਦਹੇਜ ਬਲੀਆਂ, ਦੇ ਮਾਮਲੇ ਸਾਡੀ ਮਾਨਸਿਕ ਅਸਵੇਦਨਸ਼ੀਲਤਾ ਨੂੰ ਹੀ ਉਜਾਗਰ ਕਰਦੇ ਹਨ। ਪੜ੍ਹੇ-ਲਿਖੇ ਵਰਗਾਂ ਅਤੇ ਤਕਨੀਕੀ ਤੌਰ ਤੇ ਵਿਕਸਿਤ ਇਲਾਕਿਆ ਵਿੱਚ ਇਹ ਸਮਸਿਆਵਾਂ ਹੋਰ ਵੀ ਤਿੱਖੀਆਂ ਹਨ।
ਜਾਤੀਆਂ ਉੱਤੇ ਆਧਾਰਤਿ ਵਿਤਕਰੇ ਅਤੇ ਧੱਕੇ ਭਾਵੇਂ ਉੱਨੇ ਖੁਲ੍ਹੇਆਮ ਨਾ ਵੀ ਹੋਣ ਪਰ ਮਾਨਸਿਕ ਤੌਰ ਤੇ ਜਾਤੀ-ਹਊਮੈ ਦੀ ਮੌਜੂਦਗੀ ਸਾਡੇ ਜਮਹੂਰੀ ਜੀਵਨ ਲਈ ਕਿਸੇ ਵਕਤ ਵੀ ਵੱਡਾ ਖਤਰਾ ਬਣ ਸਕਦੀ ਹੈ। ਬਹੁਤ ਵਾਰ ਇਹ ਜਾਤੀ ਮਾਨਸਿਕਤਾ ਅਤੀਤ ਦੇ ਜaਖਮਾਂ ਦੀ ਯਾਦ ਅਤੇ ਅਸੁਰੱਖਿਅਤ ਭਵਿੱਖ ਦੇ ਖਦਸ਼ਿਆਂ ਤੋਂ ਖੁਰਾਕ ਹਾਸਿਲ ਕਰਦੀ ਹੈ। RYF ਇਨ੍ਹਾਂ ਮਾਨਸਿਕ-ਸਮਾਜਿਕ ਗੁੰਝਲਾਂ ਤੋ ਮੁਕਤੀ ਦਾ ਮੰਚ ਬਨਣ ਨੂੰ ਆਪਣਾ ਮੁੱਖ ਫਰਜa ਸਮਝਦੀ ਹੈ।
ਮਨੁੱਖੀ ਹੱਕਾਂ ਦੇ ਮਾਮਲੇ ਵਿੱਚ ਮੁਲਕ ਦੀ ਕੌਮਾਂਤਰੀ ਤਸਵੀਰ ਵਿੱਚ ਸੁਧਾਰ ਲਿਆਉਣਾ ਸਾਡਾ ਪ੍ਰਮੁੱਖ ਟੀਚਾ ਹੈ। RYF ਸਮਝਦੀ ਹੈ ਕਿ ਛੇ ਦਹਾਕਿਆਂ ਬਾਅਦ ਵੀ ਅਸੀਂ ਪੁਲਿਸ ਅਤੇ ਸਟੇਟ ਦੇ ਦੂਜੇ ਨੌਕਰਸ਼ਾਹੀ ਅਮਲੇ ਦੀ ਮਾਨਸਿਕਤਾ ਦਾ ਜਮਹੂਕਰਨ ਨਹੀ ਕਰ ਸਕੇ, ਹਾਲੇ ਵੀ ਸਟੇਟ ਅਤੇ ਲੋਕਾਂ ਦਾ ਰਿਸ਼ਤਾ ਬਸਤੀਵਾਦੀ ਅਤੇ ਜਗੀਰੂ/ਹਾਕਿਮਾਨਾ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਮੁਕਤ ਨਹੀ। ਅਨੇਕ ਪ੍ਰਕਾਰ ਦਾ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਇਨ੍ਹਾਂ ਹਾਲਤਾਂ ਦੀ ਹੀ ਉਪਜ ਹੈ। RYF ਇਸ ਤਰ੍ਹਾਂ ਦੀ ਖੜੋਤ ਦੇ ਖਿਲਾਫa ਸੰਘਰਸ਼ ਲਾਮਬੰਦ ਕਰਨ ਲਈ ਵਚਨਬੱਧ ਹੈ।
ਅਜ਼ਾਦੀ ਤੋਂ ਬਾਅਦ ਸਾਡੇ ਮੁਲਕ ਨੇ ਸਨਅਤੀਕਰਨ ਅਤੇ ਸੰਸਾਰ ਆਰਥਿਕਤਾ ਦੇ ਇੱਕ ਅਨਿਖੜ੍ਹ ਅੰਗ ਦੇ ਰੂਪ ਵਿੱਚ ਵਿਕਾਸ ਦਾ ਇੱਕ ਨਵੇਕਲਾ ਮਾਰਗ ਅਪਣਾਇਆ ਸੀ। ਇਸ ਮਾਰਗ ਤੇ ਚਲਦਿਆਂ ਅਸੀਂ ਅਨੇਕਾਂ ਪ੍ਰਾਪਤੀਆਂ ਵੀ ਕੀਤੀਆਂ ਹਨ ਪਰ ਉਸੇ ਤੋਂ ਹੀ ਕਈ ਨਵੀਂਆਂ ਚੁਣੌਤੀਆਂ ਵੀ ਸਾਡੇ ਸਾਹਮਣੇ ਖੜ੍ਹੀਆਂ ਹੋ ਗਈਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਚੁਣੌਤੀ ਵਾਤਾਵਰਣ ਦੀ ਵੱਧ ਰਹੀ ਪਲੀਤੀ ਹੈ, ਅਸੀਂ ਆਪਣੇ ਲੋਭ ਨੂੰ ਖੁੱਲ੍ਹੀ ਛੋਟ ਦੇ ਕੇ ਇਸ ਧਰਤੀ ਅਤੇ ਇਸਦੇ ਪੌਣ-ਪਾਣੀ ਨੂੰ ਨਿਰੀਪੁਰੀ ਜਹਿਰ ਵਿੱਚ ਬਦਲਦੇ ਜਾ ਰਹੇ ਹਾਂ, ਹੋਰ ਬਹੁਤ ਦੇਰ ਅਸੀਂ ਇਸ ਤੱਥ ਨੂੰ ਅਣਗੌਲਿਆ ਨਹੀਂ ਕਰ ਸਕਦੇ। ਆਰਥਿਕ ਵਸੀਲਿਆਂ ਤੇ ਮੌਕਿਆਂ ਦੀ ਨਾਬਰਾਬਰੀ ਵੀ ਇੱਕ ਵੱਡਾ ਮਸਲਾ ਹੈ। ਉਚੇਰੀ ਤੇ ਤਕਨੀਕੀ ਸਿੱਖਿਆ, ਜੋ ਬਹੁਤ ਤੇਜ਼ੀ ਨਾਲ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ, ਨੂੰ ਸਰਵਜਨਿਕ ਤੌਰ ਤੇ ਮੁਹੱਈਆ ਕਰਵਾਉਣਾ ਵੀ ਇੱਕ ਵੱਡੀ ਚੁਣੌਤੀ ਹੈ।
RYF ਇਹ ਸਮਝਦੀ ਹੈ ਕਿ ਇਨ੍ਹਾਂ ਸਾਰੀਆਂ ਚੁਣੌਤੀਆਂ ਤੇ ਮਸਲਿਆਂ ਦਾ ਸਾਹਮਣਾ ਕਿਸੇ ਇੱਕ ਧਰਾਤਲ ਉੱਤੇ ਨਹੀਂ ਕੀਤਾ ਜਾ ਸਕਦਾ। ਇਸ ਲਈ ਰਾਜਸ਼ੀ-ਸਮਾਜੀ ਸੰਘਰਸ਼ ਦੇ ਨਾਲ ਹੀ ਸਾਡੀ ਸੰਵੇਦਨਾ ਨੂੰ ਤਿੱਖਾ ਕਰਨ ਅਤੇ ਚੇਤਨਾ ਦੇ ਨਵੇਂ ਰਾਹ ਖੋਲ੍ਹਣ ਦੇ ਕਾਰਜ ਨੂੰ ਵੀ ਬਰਾਬਰ ਦੀ ਅਹਿਮੀਅਤ ਦੇਣੀ ਪਵੇਗੀ। RYF ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਚੇਤਨਾ ਦੇ ਖੇਤਰ ਵਿੱਚ ਇੱਕ ਮੁਕੰਮਲ ਇਨਕਲਾਬ ਤੋ ਬਿਨਾਂ ਅਸੀਂ ਵਿਕਾਸ ਅਤੇ ਵਿਨਾਸ਼ ਦੇ ਵਿਚਾਲੇ ਨਿਰੰਤਰ ਮੱਧਮ ਪੈਂਦੀ ਜਾ ਰਹੀ ਰੇਖਾ ਨੂੰ ਕਦੇ ਪਹਿਚਾਣ ਨਹੀ ਪਾਵਾਂਗੇ, ਤੇ ਇਸ ਇਨਕਲਾਬ ਦੀ ਸ਼ੁਰੂਆਤ ਵਿਅਕਤੀ ਦੇ ਅੰਦਰ ਹੀ ਹੁੰਦੀ ਹੈ, ਇਹ ਉਹੀ ਇਨਕਲਾਬ ਹੈ ਜਿਸ ਦੀ ਗੱਲ ਸਾਡੇ ਰਿਸ਼ੀਆਂ-ਮੁਨੀਆਂ, ਸੂਫੀ ਫਕੀਰਾਂ, ਭਗਤਾਂ ਤੇ ਗੁਰੂਆਂ ਨੇ ਕੀਤੀ ਹੈ। ਇਹ ਇਨਕਲਾਬ ਸਮਾਜਿਕ ਸੰਘਰਸ਼ ਜਾਂ ਐਕਸ਼ਨ ਦਾ ਵਿਰੋਧੀ ਜਾਂ ਬਦਲ ਨਹੀਂ ਸਗੋਂ ਉਹਨਾਂ ਦਾ ਪੂਰਕ ਅਤੇ ਹਾਮੀ ਹੈ। ਇੱਕ ਦੂਜੇ ਤੋਂ ਬਿਨਾਂ ਦੋਹੇਂ ਅਧੂਰੇ ਹਨ। ਇਸ ਲਈ RYF ਆਪਣੇ ਹਰ ਮੈਂਬਰ ਦੇ ਸਰਬਪੱਖੀ ਵਿਕਾਸ, ਉਸਦੀ ਚੇਤਨਾ ਤੇ ਕਲਾਮਈ-ਸੁਹਜਾਤਮਕ ਪਹਿਲੂਆਂ ਦੇ ਨਿਖਾਰ ਨੂੰ ਆਪਣੇ ਪ੍ਰੋਗਰਾਮ ਦਾ ਅਹਿਮ ਹਿੱਸਾ ਮੰਨਦੀ ਹੈ। RYF ਦੀ ਪੁਕਾਰ ਸਮੁੱਚੇ ਜੀਵਨ ਲਈ ਹੈ, ਜਿਸ ਵਿੱਚ ਸਮਾਜੀ-ਰਾਜਸ਼ੀ ਤੇ ਆਰਥਕ ਹੱਕਾਂ ਦਾ ਸ਼ੁਮਾਰ ਹੈ, ਪਰ ਇਹ ਉਹਨਾਂ ਤੱਕ ਸੀਮਿਤ ਨਹੀਂ, ਸਗੋਂ ਜੀਵਨ ਦੇ ਉਚੇਰੇ ਅਰਥਾਂ ਲਈ ਇੱਕ ਤਾਂਘ ਵੀ ਹੈ।
"Let's Join and Think Together
For Shaping Better Future"
No comments:
Post a Comment