Tuesday, March 15, 2011

ਪੰਜਾਬ ਦੀ ਪੀਪਲਜ਼ ਪਾਰਲੀਮੈਂਟ-ਸਲਾਘਾਯੋਗ ਪਹਿਲਕਦਮੀ................

ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਭਵਨ ਚੰਡੀਗੜ ਵਿਖੇ ਕਰਵਾਈ ਦੋ ਰੋਜ਼ਾ ਪੀਪਲਜ਼ ਪਾਰਲੀਮੈਂਟ ਦੌਰਾਨ ਪੰਜਾਬ ਦੇ ਆਰਥਿਕ , ਸਮਾਜਿਕ ਅਤੇ ਸੱਭਿਆਚਾਰਕ ਨਿਘਾਰ ਤੇ ਭਰਪੂਰ ਵਿਚਾਰਾਂ ਕੀਤੀਆ ਗਈਆਂ । ਪਹਿਲੇ ਦਿਨ ਉਘੇ ਪਤਰਕਾਰ ਰਮੇਸ਼ ਵਿਨਾਇਕ, ਡਾ. ਗਿਆਨ ਸਿੰਘ , ਡਾ. ਨਾਹਰ ਸਿੰਘ , ਡਾ. ਰਾਜਿੰਦਰਪਾਲ ਸਿੰਘ, ਡਾ. ਬਿਕਰਮ ਸਿੰਘ , ਡਾ. ਪਿਆਰੇ ਲਾਲ ਗਰਗ, ਐਡਵੋਕੇਟ ਗੋਪਾਲ ਕ੍ਰਿਸ਼ਨ ਚਤਰਥ , ਪ੍ਰੋ. ਵੀ ਕੇ ਤਿਵਾੜੀ ,ਸਤਨਾਮ ਸਿੰਘ ਮਾਣਕ ਅਤੇ ਡਾ. ਔਜਲਾ ਨੇ ਖੁਲ ਕੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿੱਚ ਪੰਜਾਬ ਦੇ ਮੂਲ ਮੁੱਦਿਆਂ ਪ੍ਰਤੀ ਘੋਰ ਸਰਕਾਰੀ ਬੇਰੁਖੀ ਅਤੇ ਪ੍ਰਮੁਖ ਰਾਜਸੀ ਪਾਰਟੀਆਂ ਦੀ ਲੋਕ ਸੰਘਰਸ਼ਾਂ ਨੂੰ ਸੇਧ ਤੇ ਅਗਵਾਈ ਦੇਣ ਵਿੱਚ ਨਾਕਾਮੀ ਉਭਰ ਕੇ ਸਾਹਮਣੇ ਆਈ। ਪੇਂਡੂ ਖੇਤਰ , ਗਰੀਬ ਵਰਗਾਂ , ਖੇਤੀ ਅਤੇ ਪੰਜਾਬੀ ਪ੍ਰਤੀ ਘੋਰ ਅਣਗਹਿਲੀ ਨੂੰ ਨੋਟ ਕੀਤਾ ਗਿਆ। ਸਿਹਤ ਤੇ ਵਿਦਿਆ ਦੇ ਖੇਤਰ ਵਿੱਚ ਘੋਰ ਨਾਕਾਮੀ ਸਭਨਾਂ ਦੇ ਬਿਰਤਾਂਤ ਦਾ ਅੰਗ ਸੀ।

ਸ਼ੁਰੂ ਵਿੱਚ ਪੀਪਲਜ਼ ਪਾਰਲੀਮੈਂਟ ਸੱਦਣ ਦਾ ਕਾਰਨ ਦੱਸਦੇ ਹੋਏ ਬੀ ਕੇ ਯੂ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਭਵਿਖ ਨਾਲ ਡੂੰਘਾ ਸਰੋਕਾਰ ਰੱਖਣ ਵਾਲੇ ਲੋਕ ਆਗੂਆਂ ਦਾ ਇਹ ਸੈਸ਼ਨ ਇਸ ਲਈ ਬੁਲਾਇਆ ਹੈ ਕਿ ਇਨ੍ਹਾਂ ਮਸਲਿਆਂ ਨੂੰ ਵਿਚਾਰਨ ਵਾਲੇ ਅਸਲ ਮੰਚ ਆਪਣੀ ਜੁੰਮੇਵਾਰੀ ਨਿਭਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋ ਗਏ ਹਨ ; ਜਿਹੜੇ ਨੁਮਾਇੰਦੇ ਅਸੀਂ ਚੁਣ ਕੇ ਭੇਜਦੇ ਹਾਂ ਉਹ ਆਪਣੇ ਲਾਲਚਾਂ ਦੇ ਚਲਾਏ ਚਲਦੇ ਹਨ ; ਲੋਕਰਾਜ ਨੂੰ ਉੱਕਾ ਰਸਮੀ ਬਣਾ ਦਿੱਤਾ ਗਿਆ ਹੈ ; ਕੁਦਰਤੀ ਤੇ ਮਾਨਵੀ ਸ੍ਰੋਤਾਂ ਦਾ ਬੇਕਿਰਕੀ ਨਾਲ ਉਜਾੜਾ ਹੋ ਰਿਹਾ ਹੈ।

ਡਾ. ਗਿਆਨ ਸਿੰਘ ਨੇ ਪੰਜਾਬ ਦੇ ਖੇਤੀ ਦ੍ਰਿਸ਼ ਤੇ ਨਜ਼ਰ ਮਾਰਦੇ ਹੋਏ ਦੱਸਿਆ ਕਿ ਹਰੇ ਇਨਕਲਾਬ ਦੇ ਫ਼ਾਇਦਿਆਂ ਦੇ ਮੁਕਾਬਲੇ ਵਿਚ ਇਸ ਦੇ ਨੁਕਸਾਨਾਂ ਦੀ ਸੂਚੀ ਬਹੁਤ ਲੰਬੀ ਹੈ। ਪਹਿਲਾ, ਇਸ ਨਾਲ ਖੇਤਰੀ ਅਸਮਾਨਤਾਵਾਂ ਵਿਚ ਵੀ ਵਾਧਾ ਹੋਇਆ। ਖੇਤੀਬਾੜੀ ਦੇ ਵਿਕਾਸ ਪੱਖੋਂ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਟਾਵੇਂ-ਟਾਵੇਂ ਖੇਤਰ ਅੱਗੇ ਲੰਘ ਗਏ ਅਤੇ ਦੇਸ਼ ਦੇ ਬਹੁਤੇ ਸੂਬੇ/ਖੇਤਰ ਬਹੁਤ ਪਿੱਛੇ ਰਹਿ ਗਏ। ਦੂਜਾ, ਹਰੇ ਇਨਕਲਾਬ ਨਾਲ ਨਿੱਜੀ ਅਸਮਾਨਤਾਵਾਂ ਵਿਚ ਵੀ ਬਹੁਤ ਵਾਧਾ ਹੋਇਆ। ਹਰੇ ਇਨਕਲਾਬ ਦਾ ਜ਼ਿਆਦਾ ਫ਼ਾਇਦਾ ਵੱਡੇ ਅਤੇ ਦਰਮਿਆਨੇ ਧਨੀ ਕਿਸਾਨਾਂ ਨੂੰ ਹੋਇਆ ਜਦੋਂ ਕਿ ਬੇਜ਼ਮੀਨੇ, ਸੀਮਾਂਤਕ ਅਤੇ ਛੋਟੇ ਕਿਸਾਨ, ਖੇਤ ਮਜ਼ਦੂਰ ਅਤੇ ਪੇਂਡੂ ਕਾਰੀਗਰ ਆਰਥਿਕ ਪੱਖੋਂ ਬਹੁਤ ਪਿੱਛੇ ਚਲੇ ਗਏ ਜਿਸ ਕਾਰਨ ਇਨ੍ਹਾਂ ਵਿਚ ਆਰਥਿਕ ਪਾੜਾ ਬਹੁਤ ਵਧ ਗਿਆ।

ਅਧਿਆਪਕ ਨੇਤਾ ਵੀ।ਕੇ। ਤਿਵਾੜੀ ਨੇ ਵਿਦਿਆ ਦੇ ਖੇਤਰ ਵਿੱਚ ਆਏ ਨਿਘਾਰ ਦੀ ਗੱਲ ਕਰਦਿਆਂ ਇਸ ਦੇ ਹੋ ਵਪਾਰੀਕਰਨ ਅਤੇ ਸੰਸਾਰੀਕਰਨ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਿਦਿਆ ਦੇ ਖੇਤਰ ਚੱਲ ਰਹੇ ਵਰਤਾਰੇ ਸਰਕਾਰਾਂ ਦੀ ਬਹੁਤ ਘਟੀਆ ਪਹੁੰਚ ਦੇ ਸੰਕੇਤ ਹਨ। ਅਜਿਹੇ ਪੇਸ਼ਾਵਰ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਭਰਮਾਰ ਨਜ਼ਰ ਆ ਰਹੀ ਹੈ ਜਿਨ੍ਹਾਂ ਕੋਲ ਨਾ ਤਾਂ ਕੋਈ ਢੁਕਵਾਂ ਮੂਲ ਢਾਂਚਾ ਹੈ ਅਤੇ ਨਾ ਹੀ ਕੋਈ ਫੈਕਲਟੀ। ਬੱਸ ਪੈਸੇ ਦੇ ਜਰੀਏ ਮਾਨਤਾ ਲੈ ਲਈ ਅਤੇ ਪੈਸੇ ਦੇ ਜਰੀਏ ਡਿਗਰੀਆਂ ਦੁਆਉਂਦੇ ਹਨ ਤੇ ਤਕੜੇ ਪੈਸੇ ਕਮਾਉਂਦੇ ਹਨ। ਹੇਠਲੇ ਵਰਗਾਂ ਨੂੰ ਵਿਦਿਆ ਦੇ ਅਸਲ ਮੌਕੇ ਉੱਕਾ ਨਾਮਾਤਰ ਰਹਿ ਗਏ ਹਨ।

ਡਾ. ਪਿਆਰੇ ਲਾਲ ਗਰਗ ਨੇ ਸਿਹਤ ਦੇ ਖੇਤਰ ਵਿੱਚ ਚਲਦੇ ਗੋਲਮਾਲ ਦੀ ਵਿਆਖਿਆ ਆਪਣੇ ਆਪਣੇ ਲੰਮੇ ਤਜਰਬੇ ਵਿੱਚੋਂ ਉਦਾਹਰਨਾਂ ਦੇ ਕੇ ਕੀਤੀ ਅਤੇ ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਅਜਿਹੀਆਂ ਡਿਸਪੈਂਸਰੀਆਂ ਨੂੰ ਜਾਰੀ ਰੱਖਣ ਦੇ ਤਰਕ ਨੂੰ ਵੰਗਾਰ ਦਿੱਤੀ ਜਿਥੇ ਕਦੇ ਕੋਈ ਡਾਕਟਰ ਨਹੀਂ ਜਾਂਦਾ ਅਤੇ ਉਨ੍ਹਾਂ ਦੀ ਹੋਂਦ ਸਿਰਫ਼ ਕਾਗਜੀ ਹੈ। ਉਨ੍ਹਾਂ ਨੇ ਸੁਝਾ ਦਿੱਤਾ ਕਿ ਇਹਦੇ ਨਾਲੋਂ ਤਾਂ ਬਿਹਤਰ ਹੈ ਕਾਫੀ ਪਿੰਡਾਂ ਦਾ ਇੱਕ ਗਰੁੱਪ ਬਣਾ ਕੇ ਉਨ੍ਹਾਂ ਲਈ ਇੱਕ ਕੇਂਦਰੀ ਹਸਪਤਾਲ ਬਣਾਇਆ ਜਾਵੇ ਜਿਥੋਂ ਇੱਕ ਜਾਂ ਦੋ ਡਾਕਟਰ ਮੋਬਾਈਲ ਵੈਨ ਰਹਿ ਰੋਜ ਪਿੰਡ ਪਿੰਡ ਜਾਣ ਅਤੇ ਘੰਟਾ ਘੰਟਾ ਕਿਸੇ ਵੀ ਸਾਂਝੀ ਥਾਂ ਬੈਠ ਕੇ ਮਰੀਜ਼ ਦੇਖਣ। ਪਬਲਿਕ ਸਿਹਤ ਪ੍ਰਬੰਧਾਂ ਦੇ ਕੋਈ ਤਾਂ ਸਾਰਥਿਕ ਨਤੀਜੇ ਨਿਕਲਣ।

ਪੰਜਾਬ ਯੂਨੀਵਰਸਿਟੀ ਦੇ ਡਾ.ਨਾਹਰ ਸਿੰਘ ਨੇ ਕਿਹਾ ਕਿ ਸੱਭਿਆਚਾਰਕ ਨਿਘਾਰ ਲਈ ਕਿਸੇ ਇੱਕ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਨੇ ਸਭਿਆਚਾਰ ਦੇ ਖੇਤਰ ਵਿੱਚ ਘੋਰ ਨਿਰਾਸਾ ਭਰੇ ਰੁਝਾਨਾਂ ਤੇ ਉਂਗਲ ਰਖੀ। ਪੰਜਾਬੀ ਗਾਇਕੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਗਾਇਕੀ ਨੇ ਪੰਜਾਬੀ ਸਭਿਆਚਾਰ ਦੇ ਅਕਸ ਨੂੰ ਪੇਸ਼ ਕਰਨਾ, ਮੂਲ ਕਦਰਾਂ-ਕੀਮਤਾਂ ਨਾਲ ਜੋੜੀ ਰੱਖਣਾ ਹੁੰਦਾ ਹੈ ਪਰ ਇਸ ਨੇ ਸਭਿਆਚਾਰ ਦੇ ਨੂੰ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਸਾਡੇ ਲੋਕਗੀਤਾਂ ਵਿੱਚ ‘ਮੌਤ ਦੇ ਵਪਾਰੀਆਂ’ ਨੂੰ ਗਲੋਰੀਫਾਈ ਕਰਨ ਤੱਕ ਦੀ ਨੌਬਤ ਆ ਗਈ ਹੈ :” ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ “। ਸਿਤਮਜ਼ਰੀਫੀ ਇਹ ਕਿ ਇਹ ਗੀਤ ਸ਼ਿਵ,ਪਾਸ਼ ਅਤੇ ਉਦਾਸੀ ਨੂੰ ਸਮਰਪਿਤ ਕੀਤਾ ਗਿਆ ਹੈ। (ਇੱਕ ਗੀਤ ਵਿੱਚ ਔਰਤਾਂ ਨਾਲ ਗੁੰਡਿਆਂ ਵਾਲੀ ਬਦਤਮੀਜੀ ਨੂੰ ਉਤਸਾਹਿਤ ਕੀਤਾ ਗਿਆ ਹੈ। ‘ਕੀ ਹੋਇਆ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ’)

ਐਡਵੋਕੇਟ ਚਤਰਥ ਦੇ ਭਾਸ਼ਣ ਵਿੱਚ ਵੀ ਗਵਰਨੈਂਸ ਦੇ ਨਿਘਰਦੇ ਮਿਆਰਾਂ ਤੋਂ ਨਿਰਾਸ਼ਾ ਡੁਲ੍ਹ ਡੁਲ੍ਹ ਪੈਂਦੀ ਸੀ ਅਤੇ ਇਹ ਨਿਰਾਸਾ ਕੈਰੋਂ ਦੇ ਵੇਲੇ ਦੇ ਸਰਕਾਰੀ ਚਲਣ ਪ੍ਰਤੀ ਹੇਰਵੇ ਦਾ ਰੂਪ ਅਖਤਿਆਰ ਕਰ ਗਈ। ਆਪਣੀ ਲੰਮੀ ਤਕਰੀਰ ਵਿੱਚ ਉਨ੍ਹਾਂ ਨੇ ਹਕੂਮਤੀ ਨਾਅਹਿਲੀਅਤ ਦੀਆਂ ਅਨੇਕ ਮਿਸਾਲਾਂ ਦਿੰਦੇ ਹੋਏ ਇੱਕ ਤਰ੍ਹਾਂ ਨਾਲ ਫੌਰੀ ਬਣ ਗਈ ਕ੍ਰਾਂਤੀ ਦੀ ਲੋੜ ਨੂੰ ਉਜਾਗਰ ਕੀਤਾ।

ਅਜੀਤ ਅਖਬਾਰ ਦੇ ਸਤਨਾਮ ਮਾਣਕ ਹੁਰਾਂ ਨੇ ਵੀ ਬੜੇ ਧੜੱਲੇ ਨਾਲ ਪੰਜਾਬ ਦੇ ਭਵਿੱਖ ਨਾਲ ਜੁੜੇ ਸੁਆਲ ਉਠਾਏ ਅਤੇ ਵਿਕਾਸ ਨੂੰ ਲੋਕ ਪੱਖੀ ਅਤੇ ਕੁਦਰਤ ਪੱਖੀ ਸੇਧ ਵਿੱਚ ਮੋੜਾ ਦੇਣ ਲਈ ਵਿਸ਼ਾਲ ਨੁਮਾਇੰਦਗੀ ਵਾਲੀ ਲੋਕ ਲਹਿਰ ਉਸਾਰਨ ਵੱਲ ਇਸ ਵੱਡੇ ਕਦਮ ਦੀ ਸਲਾਘਾ ਕਰਦੇ ਹੋਏ ਕਿਸਾਨੀ ਦੇ ਨਾਲ ਨਾਲ ਖੇਤ ਮਜ਼ਦੂਰਾਂ ਦੇ ਸੁਆਲਾਂ ਨੂੰ ਵੀ ਸ਼ਾਮਲ ਕਰਨ ਲਈ ਕਿਹਾ।

ਸਮਾਗਮ ਦੇ ਦੂਜੇ ਦਿਨ ਸਮਾਜ ਸ਼ਾਸਤਰੀ ਡਾਕਟਰ ਕੇ।ਗੋਪਾਲ ਅਈਅਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਮੱਧ ਵਰਗੀ ਅਤੇ ਛੋਟੇ ਕਿਸਾਨ ਦੀ ਵੱਡੀ ਸਮੱਸਿਆ ਕਰਜ਼ਾ ਹੈ ਜਿਸ ਦੀ ਮੁਆਫੀ ਲਈ ਸਰਕਾਰ ‘ਤੇ ਦਬਾਅ ਪਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਦੇ ਬੋਝ ਥੱਲੇ ਦੱਬਿਆ ਕਿਸਾਨ ਖੁਦਕੁਸ਼ੀ ਅਤੇ ਜ਼ਮੀਨ ਵੇਚਣ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਨੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਕਿਸਾਨ ਲਹਿਰ ਦੇ ਇਤਿਹਾਸ ਉੱਤੇ ਵੀ ਇੱਕ ਝਾਤ ਪੁਆਈ । ਗੈਰ ਪੰਜਾਬੀ ਹੋਣ ਦੇ ਬਾਵਜੂਦ ਪੰਜਾਬੀ ਬੋਲੀ ਵਿੱਚ ਕੀਤੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਮਾਹੌਲ ਨੂੰ ਨਾਟਕੀ ਬਣਾ ਦਿੱਤਾ ਜਦੋਂ ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਅਚਾਨਕ ਇੱਕ ਸਵਾਲ ਕਰ ਦਿੱਤਾ; ਤੁਹਾਨੂੰ ਪਤਾ ਹੈ ਤੁਹਾਡੇ ਵਿੱਚ ਇੱਕ ਗਾਂਧੀ ਬੈਠਾ ਹੈ?

ਇੱਕ ਵਾਰ ਉਨ੍ਹਾਂ ਨੇ ਆਪਣਾ ਸਵਾਲ ਦੁਹਰਾਇਆ ਤੇ ਪੁੱਛਿਆ ਕਿ ਦੱਸੋ ਭਲਾ ਕੌਣ ਹੈ ਉਹ ਗਾਂਧੀ? ਤਾਂ ਭਰੇ ਹਾਲ ਵਿੱਚੋਂ ਆਵਾਜ਼ ਗੂੰਜ ਉਠੀ , “ ਰਾਜੇਵਾਲ ”। ਮਾਹੌਲ ਇੱਕ ਖਾਸ ਕਿਸਮ ਦੀ ਭਾਵੁਕਤਾ ਵਿੱਚ ਰੰਗਿਆ ਗਿਆ ਅਤੇ ਫਿਰ ਡਾ. ਗੋਪਾਲ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹਿੰਸਕ ਤਰੀਕਿਆਂ ਨਾਲ ਲੋਕ ਸ਼ਕਤੀ ਨਾਲ ਕਾਮਯਾਬੀਆਂ ਹਾਸਲ ਕਰਨ ਵਿੱਚ ਦ੍ਰਿੜ ਵਿਸ਼ਵਾਸ ਦੀ ਵਿਆਖਿਆ ਕੀਤੀ। ਉਨ੍ਹਾਂ ਕੇਂਦਰੀ ਰਾਜਸੀ ਸੁਆਲ ਵੀ ਉਠਾ ਦਿੱਤਾ ਅਰਥਾਤ ਪੀਪਲਜ਼ ਕੈਂਡੀਡੇਟ ਖੜੇ ਕਰਨ ਦੀ ਗੱਲ ਕਹੀ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਪੱਖ ਦੀ ਸਰਕਾਰ ਬਣਾਏ ਬਗੈਰ ਗੁਜਾਰਾ ਨਹੀਂ ਹੋਣਾ।

ਇਸ ਤੋਂ ਬਾਅਦ ਵਾਰੀ ਸੀ ਉਘੇ ਪਤਰਕਾਰ ਹਮੀਰ ਸਿੰਘ ਦੀ ਜਿਸਨੇ ਆਪਣੀ ਬੁਲੰਦ ਕੜਕਵੀਂ ਆਵਾਜ਼ ਵਿੱਚ ਕਿਹਾ ਕਿ ਮੂਲ ਸਵਾਲ ਧਾਰਨਾਵਾਂ ਦਾ ਹੈ । ਜੇ ਅਸੀਂ ਨਿਜੀ ਮੁਨਾਫੇ ਦੀਆਂ ਲਾਲਚੀ ਧਾਰਨਾਵਾਂ ਦੇ ਅਨੁਸਾਰ ਚੱਲਣਾ ਹੈ ਤਾਂ ਉਹੀ ਕੁਝ ਹੋਵੇਗਾ ਜੋ ਅਸੀਂ ਅੱਜ ਦੇਖ ਰਹੇ ਹਾਂ। ਲੋੜ ਹੈ ਸਾਨੂੰ ਆਪਣੇ ਨਿਸ਼ਾਨਿਆਂ ਦੀ ਸਹੀ ਨਿਸ਼ਾਨਦੇਹੀ ਕਰਨ ਦੀ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਢੁਕਵੀਂ ਲੋਕ ਪੱਖੀ , ਕੁਦਰਤ ਪੱਖੀ ਅਤੇ ਭਵਿਖਮੁੱਖੀ ਦ੍ਰਿਸ਼ਟੀਕੋਣ ਵਿਕਸਤ ਕਰਨ ਦੀ। ਬਿਨਾ ਵਿਚਾਰਧਾਰਾ ਦੇ ਸੰਘਰਸ਼ ਕਦੇ ਦੂਰਗਾਮੀ ਸਿੱਟੇ ਨਹੀਂ ਕਢ ਸਕੇ। ਉਨ੍ਹਾਂ ਨੇ ਅੱਗੇ ਕਿ ਅੱਜ ਸਾਰੀਆਂ ਸ਼ਕਤੀਆਂ ਕੇਂਦ੍ਰਿਤ ਹੋ ਗਈਆਂ ਹਨ । ਕਾਨੂੰਨ ਦੀ ਬਰਾਬਰੀ ਕਿਧਰੇ ਨਜ਼ਰ ਨਹੀਂ ਆ ਰਹੀ। ਅਜ਼ਾਦੀ ਦੀ ਇੱਕ ਵੱਡੀ ਪ੍ਰਾਪਤੀ ਸੀ ਕਿ ਸਭ ਨੂੰ ਵੋਟ ਦਾ ਹੱਕ ਪ੍ਰਾਪਤ ਹੋ ਗਿਆ ।ਅੱਜ ਲੋਕਾਂ ਦੇ ਇਸ ਹੱਕ ਨੂੰ ਵੀ ਨਾਮਧਰੀਕ ਬਣਾ ਕੇ ਰੱਖ ਦਿੱਤਾ ਗਿਆ। ਧਨ ਸ਼ਕਤੀ ਅਤੇ ਲੱਠ ਸ਼ਕਤੀ ਦੇ ਸਾਹਮਣੇ ਸਾਰੇ ਲਾਚਾਰ ਮਹਿਸੂਸ ਕਰ ਰਹੇ ਹਨ। ਅੱਗੇ ਵਧਣ ਦਾ ਰਾਹ ਚੋਣਾਂ ਰਾਹੀਂ ਜਾਂਦਾ ਹੈ । ਜੇ ਅਸੀਂ ਇਸ ਰਾਹ ਦੀ ਸਹੀ ਵਰਤੋਂ ਨਾ ਕਰ ਸਕੇ ਤਾਂ ਹਿੰਸਕ ਮਾਹੌਲ ਵਿੱਚ ਧੱਕੇ ਜਾਵਾਂਗੇ। ਇਸ ਲਈ ਜ਼ਰੂਰੀ ਹੈ ਵੋਟ ਦੇ ਹੱਕ ਨੂੰ ਨਿਰਣੇ ਦੇ ਹੱਕ ਵਿੱਚ ਬਦਲਣ ਲਈ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇ । ਇਸ ਲਈ ਸਾਰੀਆਂ ਲੋਕਰਾਜੀ ਸ਼ਕਤੀਆਂ ਨੂੰ ਲਾਮਬੰਦ ਕਰਨਾ ਹੋਏਗਾ। ਵਿਆਪਕ ਚੋਣ ਸੁਧਾਰ ਕਰਵਾਉਣੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਚੋਣ ਖਰਚਿਆਂ ਦਾ ਵੱਡਾ ਹਿਸਾ ਖੁਦ ਸਰਕਾਰ ਖਰਚ ਕਰਦੀ ਹੈ । ਸਿਰਫ਼ ਪ੍ਰਚਾਰ ਦਾ ਖਰਚ ਉਮੀਦਵਾਰਾਂ ਤੇ ਛੱਡ ਦਿੱਤਾ ਹੋਇਆ ਹੈ। ਇਥੇ ਹੀ ਸਾਰੀ ਗੜਬੜੀ ਦੀ ਜੜ ਪਈ ਹੈ, ਨਾਬਰਾਬਰੀ ਦਾ ਆਧਾਰ ਪਿਆ ਹੈ। ਵਸੋਂ ਦਾ ਵੱਡਾ ਭਾਰੀ ਹਿੱਸਾ ਵੈਸੇ ਹੀ ਗਰੀਬ ਹੋਣ ਨਾਤੇ ਉਮੀਦਵਾਰ ਹੋਣ ਦੇ ਹੱਕ ਤੋਂ ਵੀਰਵਾ ਹੋ ਗਿਆ ਹੈ। ਇਸ ਲਈ ਖਰਚੇ ਦਾ ਇਹ ਹਿੱਸਾ ਵੀ ਸਰਕਾਰ ਨੂੰ ਆਪਣੇ ਹਥ ਲੈਣਾ ਚਾਹੀਦਾ ਹੈ । ਜੇਤੂ ਹੋਣ ਲਈ ਕੁਲ ਵੋਟਾਂ ਦਾ ਪੰਜਾਹ ਫੀ ਸਦੀ ਹਾਸਲ ਕਰਨਾ ਲਾਜਮੀ ਕੀਤਾ ਜਾਵੇ। ਚੁਣਿਆ ਉਮੀਦਵਾਰ ਅਗਰ ਲੋਕਾਂ ਨਾਲ ਇਕਰਾਰ ਨਹੀਂ ਨਿਭਾ ਰਿਹਾ ਤਾਂ ਉਹਨੂੰ ਵਾਪਸ ਬੁਲਾਉਣ ਦਾ ਹੱਕ ਵੋਟਰਾਂ ਕੋਲ ਹੋਵੇ। ਵੋਟਰ ਮਸੀਨ ਤੇ ਇੱਕ ਬਟਨ ਹੋਵੇ ਜਿਸ ਤੇ ਉਹ ਲੋਕ ਆਪਣੀ ਰਾਏ ਦਰਜ਼ ਕਰਵਾ ਸਕਣ ਜਿਹੜੇ ਕਿਸੇ ਵੀ ਉਮੀਦਵਾਰ ਨੂੰ ਯੋਗ ਨਹੀਂ ਸਮਝਦੇ ਅਤੇ ਜੇ ਸਭਨਾਂ ਉਮੀਦਵਾਰਾਂ ਨੂੰ ਰੱਦ ਕਰਨ ਵਾਲੀਆਂ ਵੋਟਾਂ ਦੀ ਗਿਣਤੀ ਵਧ ਜਾਵੇ ਤਾਂ ਦੁਬਾਰਾ ਚੋਣ ਹੋਵੇ।

ਹਮੀਰ ਤੋਂ ਬਾਅਦ ਸੁਆਲਾਂ ਦੇ ਦੌਰ ਵਿੱਚ ਤੇਜਿੰਦਰ ਨੇ ਲਾਜਮੀ ਵੋਟ ਦੀ ਧਾਰਾ ਦੀ ਮੰਗ ਕਰਨ ਦੀ ਲੋੜ ਦਾ ਸੁਆਲ ਉਠਾਇਆ।

ਸਭ ਤੋਂ ਅਖੀਰ ਵਿੱਚ ਪ੍ਰਸਿਧ ਪਤਰਕਾਰ ਕੰਵਰ ਸੰਧੂ ਨੇ ਆਪਣੀਆਂ ਟਿੱਪਣੀਆਂ ਦੌਰਾਨ ਨੌਜਵਾਨਾਂ ਦੀ ਘੱਟ ਗਿਣਤੀ ਅਤੇ ਔਰਤਾਂ ਦੀ ਲਗਭੱਗ ਗੈਰ ਹਾਜਰੀ ਨੂੰ ਨੋਟ ਕੀਤਾ ਅਤੇ ਕਿਹਾ ਕਿ ਅੱਛਾ ਹੁੰਦਾ ਅਗਰ ਕੁਝ ਬੱਚੇ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੁੰਦੇ ਤੇ ਦੇਖਦੇ ਕਿ ਕੀ ਹੋ ਰਿਹਾ ਹੈ। ਦੂਜੀ ਅਹਿਮ ਗੱਲ ਉਨ੍ਹਾਂ ਨੇ ਇਹ ਕੀਤੀ ਕਿ ਆਵਾਜ਼ਾਂ ਦੀ ਅਨੇਕਤਾ ਨੂੰ ਏਕਤਾ ਵਿੱਚ ਬਦਲਣਾ ਜਰੂਰੀ ਹੈ।

ਸਮਾਗਮ ਦੇ ਅੰਤ ਵਿੱਚ ਪ੍ਰਧਾਨਗੀ ਭਾਸ਼ਣ ਵਿੱਚ ਕੰਵਰ ਸੰਧੂ ਨੇ ਕਿਹਾ ਕਿ ਨੌਜਵਾਨਾਂ ਵਿੱਚ ਮਸਲਿਆਂ ਪ੍ਰਤੀ ਫੈਲ ਰਹੀ ਉਦਾਸੀਨਤਾ ਚਿੰਤਾ ਦਾ ਵਿਸ਼ਾ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਦੌਰਾਨ ਇਸ ਪਾਰਲੀਮੈਂਟ ਵਿੱਚ ਨੌਜਵਾਨਾਂ ਦੀ ਘੱਟ ਸਮੂਲੀਅਤ ਅਤੇ ਔਰਤਾਂ ਦੀ ਲਗਭੱਗ ਗੈਰ ਹਾਜਰੀ ਨੂੰ ਨੋਟ ਕੀਤਾ ਅਤੇ ਕਿਹਾ ਕਿ ਅੱਛਾ ਹੁੰਦਾ ਅਗਰ ਕੁਝ ਬੱਚੇ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੁੰਦੇ ਤੇ ਦੇਖਦੇ ਕਿ ਕੀ ਹੋ ਰਿਹਾ ਹੈ। ਦੂਜੀ ਅਹਿਮ ਗੱਲ ਉਨ੍ਹਾਂ ਨੇ ਇਹ ਕੀਤੀ ਕਿ ਆਵਾਜ਼ਾਂ ਦੀ ਅਨੇਕਤਾ ਨੂੰ ਏਕਤਾ ਵਿੱਚ ਬਦਲਣਾ ਜਰੂਰੀ ਹੈ।

ਅਖੀਰ ਵਿੱਚ ਨੌ ਮਤੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਰਾਹੀਂ ਕਿਸਾਨਾ ਦੇ ਕਰਜ਼ੇ ਮੁਆਫ ਕਰਨ, ਫਸਲਾਂ ਦੇ ਭਾਅ ਖਰਚਿਆਂ ਨਾਲ ਜੋੜ ਕੇ ਮਿੱਥਣ, ਸਿੱਖਿਆ ਅਤੇ ਸਿਹਤ ਦਾ ਵਪਾਰੀਕਰਨ ਬੰਦ ਕਰਨ, ਨੰਗੇਜ਼ ਅਤੇ ਲੱਚਰਤਾ ‘ਤੇ ਰੋਕ ਲਾਉਣ, ਪੰਜਾਬੀ ਨੂੰ ਹਰ ਪੱਧਰ ਤੇ ਲਾਗੂ ਕਰਨ, ਸਨਅਤ ਤੋਂ ਪ੍ਰਦੂਸ਼ਿਤ ਹੋ ਰਹੇ ਪਾਣੀ ਅਤੇ ਹਵਾ ਨੂੰ ਰੋਕਣ ਲਈ ਯਤਨ ਕਰਨ, ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਸਮੇਂ ਜਮੀਨ ਦਾ ਭਾਅ ਬਜ਼ਾਰ ਨਾਲੋਂ ਦੁੱਗਣਾ ਦੇਣ, ਰਾਜਨੀਤੀ ‘ਚੋਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਦੀ ਆਦਤ ਤੋਂ ਰੋਕਣ ਦੀ ਮੰਗ ਕੀਤੀ ਗਈ ਹੈ।

ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਧੰਨਵਾਦ ਸ਼ਬਦ ਕਹਿੰਦਿਆਂ ਵਾਦਾ ਕੀਤਾ ਕਿ ਉਨ੍ਹਾਂ ਦਾ ਸੰਗਠਨ ਚੇਤਨਾ ਮੁਹਿੰਮ ਨੂੰ ਇਥੇ ਹੀ ਨਹੀਂ ਛੱਡੇਗਾ ਅਤੇ ਹਰ ਜਿਲੇ ਵਿੱਚ ਅਜਿਹੇ ਅਜਲਾਸ ਆਯੋਜਿਤ ਕਰਕੇ ਇੱਕ ਸਮਰਥ ਲਹਿਰ ਦੀ ਉਸਾਰੀ ਲਈ ਯਤਨਸ਼ੀਲ ਰਹੇਗਾ।