ਹਿੰਸਾ ਦੀ ਜ਼ਬਾਨ ਸੰਵਾਦ ਲਈ ਕੋਈ ਸਪੇਸ ਨਹੀਂ ਛੱਡਦੀ
ਬਲਰਾਮ
ਨਕਸਲੀ ਲਹਿਰ ਹੁਣ ਫੇਰ ਚਰਚਾ ਵਿਚ ਹੈ.ਕੁਦਰਤੀ ਤੌਰ ਤੇ ਜਿਥੇ ਲੋਹੜੇ ਦੇ ਗਰੀਬੀ,ਲਾਚਾਰੀ ਅਤੇ ਲੁਟ ਦਾ ਮਾਹੌਲ ਹੋਵੇਗਾ ਉਥੇ ਵਿਦਰੋਹ ਤਾਂ ਪਨਪਣਾ ਹੀ ਹੁੰਦਾ ਹੈ.ਪਰ ਮਸਲਾ ਤਾਂ ਉਦੋਂ ਖੜਾ ਹੁੰਦਾ ਹੈ ਜਦੋਂ ਵਿਦਰੋਹ ਦੀ ਹਰ ਆਵਾਜ਼ ਆਪਣੇ ਆਪ ਨੂੰ ਇਲਹਾਮੀ ਸਮਝ ਬੈਠਦੀ ਹੈ.ਹਰ ਕੋਈ ਸਮਝਦਾ ਹੈ ਕੀ ਸਚ ਦੀ ਇਜਾਰੇਦਾਰੀ ਤਾਂ ਉਸ ਕੋਲ ਹੈ ਤੇ ਬਾਕੀ ਸਭ ਕੁਫਰ.ਸਚ ਦੇ ਅਜਿਹੇ ਅਲਮਬਰਦਾਰਾਂ ਅਨੁਸਾਰ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਹੀ ਨਹੀਂ ;ਜੋ ਦੋਸਤ ਨਹੀਂ ਉਹ ਸਿਰਫ ਦੁਸਮਣ ਹੀ ਹੋ ਸਕਦਾ ਹੈ. ਅਤੇ ਸਾਡਾ ਦੁਸਮਣ ਸਚ ਦਾ ਦੁਸਮਣ ਹੈ.ਸੋ ਉਸ ਨੂੰ ਖਤਮ ਕਰਨਾ ਹੱਕ ਨਹੀਂ ਸਗੋਂ ਫਰਜ਼ ਹੈ.
ਇਹ ਇੱਕ ਅਜਿਹੀ ਮਾਨਸਿਕਤਾ ਹੈ ਜੋ ਜਿੰਦਗੀ ਨੂੰ ਘਮਾਸਾਨ ਬਣਾ ਛੱਡਦੀ ਹੈ,ਹਮੇਸ਼ਾ ਬਲਦਾ ਰਹਿਣ ਵਾਲਾ ਸ਼ਮਸ਼ਾਨ.ਇਹ ਸੰਵਾਦ ਦੇ ਸਾਰੇ ਰਾਹ ਪਹਿਲਾਂ ਹੀ ਬੰਦ ਕਰ ਲੈਂਦੀ ਹੈ,ਕਿਓਂਕਿ ਸਚ ਤੇ ਝੂਠ ਵਿਚਾਲੇ ਕੇਹਾ ਸੰਵਾਦ?ਇਸ ਤਥ ਦੀ ਸਚਾਈ ਨੂੰ ਪਿਛਲੇ ਪੱਚੀ -ਛੱਬੀ ਵਰਿਆਂ ਵਿੱਚ ਮੈਂ ਆਪਣੇ ਅੰਦਰ ਬਾਹਰ ਕਈ ਵਾਰ ਤਕਿਆ ਹੈ.ਨਕਸਲੀ,ਖਾਲਿਸਤਾਨੀ ਹਿੰਦੂਤਵਵਾਦੀ ਜਾਂ ਜਿਹਾਦੀ ਸਭ ਦਾ ਮਾਨਸਿਕ ਧਰਾਤਲ ਤਾਂ ਇਹੋ ਹੀ ਹੈ.ਉਪਰਲੇ ਵਖਰੇਵਿਆਂ ਦੇ ਬਾਵਜੂਦ ਉਹਨਾਂ ਦੀਆਂ ਜੜਾਂ ਸਾਂਝੀਆਂ ਹਨ.ਅਜਿਹੀ ਵਿਚਾਰਧਾਰਾ ਸੱਜੀ ਹੋਵੇ ਜਾਂ ਖੱਬੀ ਸੰਵਾਦ ਦੇ ਰਾਹ ਨਹੀਂ ਖਲੋਂਦੀ ਸਗੋਂ ਕੰਧਾਂ ਹੀ ਖੜੀਆਂ ਕਰਦੀ ਹੈ.
ਕਿਸੇ ਦੂਸਰੇ ਨੂੰ ਆਪਣੇ ਨਾਲ ਸਹਿਮਤ ਕਰ ਲੈਣ ਦਾ ਸੁਆਦ ਕਿਸੇ ਜੰਗ ਜਿੱਤਣ ਨਾਲੋਂ ਘੱਟ ਨਹੀਂ ਹੁੰਦਾ.ਪਰ ਦੂਜਿਆਂ ਨੂੰ ਆਪਣੀ ਗੱਲ ਨਾ ਮਨਾ ਪਾਉਣ ਦਾ ਦੁੱਖ ਵੀ ਬਹੁਤ ਤਿੱਖਾ ਹੁੰਦਾ ਹੈ ਜੋ ਸਾਡੇ ਅੰਦਰ ਨੂੰ ਕੁੜੱਤਣ ਨਾਲ ਭਰ ਦਿੰਦਾ ਹੈ ਤੇ ਫਿਰ ਅਸੀਂ ਜਾਣੇ ਅਨਜਾਣੇ ਉਹ ਕੁੜੱਤਣ ਹੀ ਵੰਡਦੇ ਹਾਂ ਕਦੇ ਕਿਸੇ ਭੇਸ ਵਿੱਚ ਕਦੇ ਕਿਸੇ ਨਾਂ ਤੇ.ਅਤੇ ਇਸ ਚਕਰ ਵਿੱਚ ਉਹ ਸਾਰੇ ਮਸਲੇ ਗਰੀਬੀ ਲੁੱਟ,ਨਾਇਨਸਾਫੀ ਸਭ ਪਿਛੋਕੜ ਵਿੱਚ ਚਲੇ ਜਾਂਦੇ ਹਨ ਅਤੇ ਆਪਣੀ ਖੁਦੀ ਨੂੰ ਸਿਕੰਦਰ ਬਣਾਉਣ ਦੀ ਜਿੱਦ,ਆਪਣਾ ਸਿੱਕਾ ਚਲਾਉਣ ਦੀ ਅੜੀ ਭਾਰੂ ਹੋ ਜਾਂਦੀ ਹੈ.ਇਹ ਮੇਰੇ ਆਪਣੇ ਅਹਿਸਾਸ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰ ਬਾਹਰ ਦੋਹੀਂ ਪਾਸੀਂ ਦੇਖਦਾ ਹਾਂ.
ਜੀਵਨ ਦਾ ਦੁਪਹਿਰਾ ਖਿਸਕ ਚੁੱਕਾ ਹੈ.ਮੈਂ ਢਲਾਨ ਵਾਲੇ ਪਾਸੇ ਤਿਲਕ ਗਿਆ ਹਾਂ.ਜਵਾਨੀ ਪਹਿਰੇ ਮੇਰਾ ਰਿਸਤਾ ਵੀ ਨਕਸਲੀਆਂ ਦੇ ਇੱਕ ਗੁੱਟ ਨਾਲ ਬਣਿਆ ਸੀ.ਦਿਲ ਅੰਦਰ ਦੁਨੀਆਂ ਬਦਲ ਕੇ ਰੱਖ ਦੇਣ ਦਾ ਜੋਸ਼ ਸੀ.ਪਰ ਉਹ ਦੌਰ ਖਾਲਿਸਤਾਨੀ ਹਿੰਸਾ ਦਾ ਸੀ.ਵਿੱਚ ਵਿਚਾਲੇ ਦਾ ਰਾਹ ਉਹਨਾ ਲਈ ਵੀ ਕੋਈ ਨਹੀਂ ਸੀ.ਜੋ ਉਹਨਾ ਨਾਲ ਨਹੀਂ ਸੀ ਫਿਰ ਚਾਹੇ ਉਹ ਕੋਈ ਵੀ ਸੀ ਉਸ ਨੂੰ ਸਾਫ਼ ਕਰਨ ਵਿੱਚ ਉਹਨਾ ਕਦੇ ਕੋਈ ਝਿਜਕ ਨਹੀਂ ਦਿਖਾਈ.ਕਿੰਨੇ ਹੀ ਅਨਦਾਹੜੀਏ ਮੁੰਡਿਆਂ ਨੂੰ ਭਿੰਡਰਾਵਾਲੇ ਦੇ ਨਾਹਰੇ ਲਾਉਂਦੇ ਹੋਏ ਕਾਲਜ ਨੂੰ ਜਾਂਦੀ ਸੜਕ ਉੱਤੇ ਜਾਂਦਿਆਂ ਮੈਂ ਅੱਜ ਵੀ ਖਿਆਲਾਂ ਵਿੱਚ ਦੇਖ ਸਕਦਾ ਹਾਂ .ਉਹਨਾਂ ਵਿੱਚੋਂ ਬਹੁਤਿਆਂ ਦਾ ਫੇਰ ਕਦੇ ਕੁਝ ਪਤਾ ਨਹੀਂ ਲੱਗਾ.ਇਸ ਦੌਰ ਵਿੱਚ ਸਿਰਫ ਗੁਰੂ ਘਰ ਹੀ ਕਿਲਿਆਂ ਤੇ ਕਤਲਗਾਹਾਂ ਵਿੱਚ ਨਹੀਂ ਬਦਲੇ ਸਗੋਂ ਮਨਾ ਅੰਦਰ ਵੀ ਕਿਲੇਬੰਦੀ ਹੋ ਗਈ ਸੀ.ਗੋਲੀ ਸੰਵਾਦ ਲਈ ਸਪੇਸ ਨਹੀਂ ਛਡਦੀ.ਡਰ,ਸ਼ੰਕਾ ਤੇ ਨਫਰਤ ਦੇ ਭਾਰ ਹੇਠ ਦੋਸਤੀਆਂ ਤਿੜਕ ਗਈਆਂ.
ਇਹ ਗੱਲ ਨਹੀਂ ਕੀ ਹਿੰਸਾ ਲਈ ਤਰਕ ਸਿਰਫ ਨਕਸਲੀਆਂ ਕੋਲ ਹੀ ਹਨ.ਖਾਲਿਸਤਾਨੀਆਂ ਕੋਲ ਆਪਣਾ ਖਜਾਨਾ ਹੈ.ਪਾਣੀਆਂ ਇਲਾਕਿਆਂ ਦੇ ਰੌਲੇ,ਭਜਨ ਲਾਲ ਦੀਆਂ ਧੱਕੇਸ਼ਾਹੀਆਂ ਤੇ ਫਿਰ ਦਿੱਲੀ ਦਾ ਕਤਲਾਮ.
ਗੁਰਮੀਤ ਸਿੰਘ ਦਾ ਦਗਦਾ ਹੋਇਆ ਚਿਹਰਾ ਹੁਣ ਵੀ ਮੇਰੇ ਸਾਹਮਣੇ ਹੈ.ਉਹ ਬਾਂਹ ਉਲਾਰੀ ਖੜਾ ਸੀ,
“ਬਹੁਤ ਖੇਡ ਲਈ ਤੁਸੀਂ ਸਾਡੇ ਨਾਲ ਹੋਲੀ …”
ਮੈਂ ਸੁੰਨ ਹੋ ਗਿਆ ਸੀ.ਇਹ ਚੁਰਾਸੀ ਤੋਂ ਬਾਅਦ ਪਹਿਲੀ ਹੋਲੀ ਸੀ.ਮੇਰੇ ਦੋਸਤ ਗੁਰਮੀਤ ਲਈ ਮੈਂ ਦੋਸਤ ਨਾ ਹੋ ਕੇ ਬੇਗਾਨਾ ਹੋ ਗਿਆ ਸੀ.ਉਸ ਲਈ ਮੈਂ ਹੁਣ ਸਿਰਫ ਹਿੰਦੂ ਰਹਿ ਗਿਆ ਸੀ ਤੇ ਉਹ ਸਿਰਫ ਸਿੱਖ —.ਵਿੱਚ ਵਿਚਾਲੇ ਕੁਝ ਨਹੀਂ ਸੀ, ਕੋਈ ਸੰਵਾਦ ਨਹੀਂ.
ਫੇਰ ਇਹੋ ਗੱਲ ਮੈਂ ਉਦੋਂ ਦੇਖੀ ਜਦੋਂ ਸ਼ਹਿਰ(ਕਪੂਰਥਲਾ) ਦੇ ਮੰਦਰਾਂ ਵਿਚੋਂ ਮੁਸਲਮਾਨਾ ਦੇ ਕਤਲਾਮ ਦੀ ਦੁਹਾਈ ਦਿੱਤੀ ਜਾ ਰਹੀ ਸੀ.ਛੋਟੇ ਛੋਟੇ ਜੁਆਕ ਜਿਹਨਾ ਨੇ ਕੋਈ ਮੁਸਲਮਾਨ ਸ਼ਾਇਦ ਕਿਸੇ ਫਿਲਮ ਵਿੱਚ ਹੀ ਵੇਖਿਆ ਹੋਵੇਗਾ ਉਹ ‘ਬਾਬਰੀ ਸੰਤਾਨਾ’ ਵਿਰੁਧ ਧਰਮ ਯੁਧ ਲਈ ਤਿਆਰ ਹੋ ਰਹੇ ਸਨ.ਇਸ ਲਈ ਉਹ ਖੁਦ ਮਰ ਮਿਟਣ ਨੂੰ,ਘਰ ਬਾਰ ਛੱਡਣ ਨੂੰ ਵੀ ਤਿਆਰ ਸਨ.ਇਹਨਾ ਮੰਦਰਾਂ ਵਿੱਚੋਂ ਇੱਕ ਮੰਦਰ ਉਹ ਵੀ ਸੀ ਜੋ ਇੱਕ ਤਰਾਂ ਮੇਰਾ ਦੂਜਾ ਘਰ ਹੀ ਸੀ.ਮੇਰੇ ਪਿਤਾ ਜੀ ਉੱਥੇ ਪੁਜਾਰੀ ਹੁੰਦੇ ਸਨ.ਇਸ ਲਈ ਉਸ ਮੰਦਰ ਨਾਲ ਮੇਰਾ ਸੰਬੰਧ ਬਚਪਨ ਤੋਂ ਹੀ ਸੀ.ਪਰ ਹੁਣ ਮੈਂ ਉੱਥੇ ਬਿਲਕੁਲ ਅਜਨਬੀ ਸੀ.ਭਾਵੇਂ ਮੈਂ ਮੁਸਲਮਾਨ ਨਹੀਂ ਸਾਂ ਪਰ ਉਹਨਾ ਕੱਟੜ ਹਿੰਦੂਵਾਦੀਆਂ ਦਾ ਵਿਰੋਧੀ ਸਾਂ–ਮਤਲਬ ਵੈਰੀ.ਸੰਵਾਦ ਦੀ ਜਗਾਹ ਉੱਥੇ ਵੀ ਕੋਈ ਨਹੀਂ ਸੀ.
ਹੁਣ ਸਵਾਲ ਇਹ ਉਠਦਾ ਹੈ ਕੀ ਕੀ ਖੱਬੀ ਧਿਰ ਵੱਲੋਂ ਕੀਤੀ ਜਾ ਰਹੀ ਹਿੰਸਾ ਜਾਂ ਮਜਦੂਰ ਜਮਾਤ,ਸੋਸ਼ਿਤ ਵਰਗ ਅਤੇ ਕਬਾਇਲੀਆਂ ਦੇ ਨਾਂ ਤੇ ਪੇਸ਼ ਕੀਤਾ ਗਿਆ ਸਚ ਦੀ ਇਜਾਰੇਦਾਰੀ ਦਾ ਦਾਹਵਾ ਮੂਲ ਸੁਭਾ ਪਖੋਂ ਵਖਰਾ ਹੈ.ਘੱਟੋ ਘੱਟ ਮੈਨੂੰ ਤਾਂ ਅਜਿਹਾ ਵਖਰਾਪਨ ਨਜਰ ਨਹੀਂ ਆਉਂਦਾ.ਕੋਈ ਵੀ ਵਿਚਾਰਧਾਰਾ ਉਸ ਦੇ ਉਦੇਸ਼ ਭਾਵੇਂ ਕਿੰਨੇ ਵੀ ਪਵਿਤਰ ਕਿਓਂ ਨਾ ਹੋਣ ਜੇ ਉਹ ਆਪਣੇ ਅਤੇ ਵਿਰੋਧੀ ਦੇ ਵਿਚਕਾਰ ਕਿਸੇ ਵੀ ਹੋਰ ਵਜੂਦ ਨੂੰ ਰੱਦ ਕਰਦੀ ਹੈ ਤਾਂ ਉਹ ਜੀਵਨ ਨੂੰ ਰੱਦ ਕਰਦੀ ਹੈ.ਕਿਓੰਜੋ ਜੀਵਨ ਹਮੇਸ਼ਾ ਇਸੇ ਮਧ ਮਾਰਗ ਤੇ ਚਲਦਾ ਹੈ.ਇਹ ਸੰਵਾਦ ਦਾ ਰਾਹ ਹੈ.ਪਰ ਸੰਵਾਦ ਦੀ ਲੋੜ ਤਾਂ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਆਪਣੇ ਅਧੂਰੇਪਣ ਦਾ ਅਹਿਸਾਸ ਤੇ ਉਹ ਵੀ ਬਿਨਾ ਕਿਸੇ ਹੀਣ ਭਾਵਨਾ ਤੋਂ ਪੂਰੀ ਸਿੱਦਤ ਨਾਲ ਹੋ ਰਿਹਾ ਹੋਵੇ.ਇਸ ਅਹਿਸਾਸ ਦੀ ਗੈਰਹਾਜਰੀ ਵਿੱਚ ਕੋਈ ਸੰਵਾਦ ਸੰਭਵ ਨਹੀਂ ਹੋ ਸਕਦਾ,ਸਿਰਫ ਬਹਿਸਾਂ ਹੋ ਸਕਦੀਆਂ ਹਨ.ਤੇ ਇਹ ਬਹਿਸਾਂ ਉਦੋਂ ਬੇਹੱਦ ਖਤਰਨਾਕ ਰੂਪ ਧਾਰ ਲੈਂਦੀਆਂ ਹਨ ਜਦੋਂ ਇਹ ਬੰਦੂਕ ਦੀ ਗੋਲੀ ਦੀ ਭਾਸ਼ਾ ਵਿੱਚ ਗੱਲਾਂ ਕਰਨ ਲਗ ਜਾਂਦੀਆਂ ਹਨ.ਮੈਨੂੰ ਤਾਂ ਇੰਜ ਲਗਦਾ ਹੈ ਜੋ ਲੋਕ ਜਾਣੇ ਅਨਜਾਣੇ ਵਿੱਚ ਵਿਚਾਲੇ ਦੇ ਸਾਰੇ ਰਾਹਾਂ ਤੋਂ ਮੁਨਕਰ ਹੋ ਜਾਂਦੇ ਹਨ ਉਹ ਦੇਰ ਸਵੇਰ ਉਸ ਮੋੜ ਤੇ ਪਹੁੰਚ ਜਾਂਦੇ ਹਨ ਜਿਥੋਂ ਸਾਰੇ ਰਾਹ ਤਾਨਾਸ਼ਾਹੀ ਵੱਲ ਜਾਂਦੇ ਹਨ-ਜਿੱਥੇ ਨਾ ਤਾਂ ਵਿਰੋਧ ਲਈ ਕੋਈ ਜਗਾਹ ਰਹਿੰਦੀ ਹੈ ਨਾ ਹੀ ਮਤਭੇਦ ਲਈ.ਅਜਿਹੀ ਜਗਾਹ ਦਾ ਤਸਵਰ ਵੀ ਘੁੱਟਣ ਭਰਿਆ ਹੈ.ਇਹ ਜੀਵਨ ਦੇ ਸੁਭਾ ਦੇ ਉਲਟ ਹੈ.ਸ਼ੁਕਰ ਹੈ ਅਜਿਹੀ ਕੋਈ ਜਗਾਹ ਨਹੀਂ ਜਿਥੇ ਵਿੱਚ ਵਿਚਾਲੇ ਦਾ ਕੋਈ ਰਾਹ ਨਾ ਹੋਵੇ–ਸੰਵਾਦ ਲਈ ਕੋਈ ਸਪੇਸ ਨਾਹੋਵੇ.
No comments:
Post a Comment