Tuesday, October 26, 2010

ਜਿਸ ਧਜ ਸੇ ਕੋਈ ਮਕਤਲ ਮੇਂ ਗਿਆ-ਫੈਜ਼ ਅਹਿਮਦ ਫੈਜ਼


ਜਿਸ ਧਜ ਸੇ ਕੋਈ ਮਕਤਲ ਮੇਂ ਗਿਆ,

ਵੋਹ ਸ਼ਾਨ ਸਲਾਮਤ ਰਹਿਤੀ ਹੈ
ਯੇ ਜਾਨ ਤੋ ਆਨੀ ਜਾਨੀ ਹੈ,

ਇਸ ਜਾਂ ਕੀ ਤੋ ਕੋਈ ਬਾਤ ਨਹੀਂ



ਮੈਦਾਨ-ਏ-ਵਫ਼ਾ ਦਰਬਾਰ ਨਹੀਂ,

ਯਾਂ ਨਾਮੋ ਨਸਬ ਕੀ ਪੂਛ ਕਹਾਂ

ਆਸ਼ਿਕ ਤੋ ਕਿਸੀ ਕਾ ਨਾਮ ਨਹੀਂ,

ਕੁਛ ਇਸ਼ਕ ਕਿਸੀ ਕੀ ਜ਼ਾਤ ਨਹੀਂ

...

ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ

ਜੋ ਚਾਹੋ ਲਗਾ ਦੋ ਡਰ ਕੈਸਾ

ਗਰ ਜੀਤ ਗਏ ਤੋ ਕਿਆ ਕਹਿਨੇ,

ਹਾਰੇ ਭੀ ਤੋ ਬਾਜ਼ੀ ਮਾਤ ਨਹੀਂ

ਸਾਡੇ ਤਿਉਹਾਰ ਮਨਾਉਣ ਦੇ ਤਰੀਕੇ ਕਿੰਨੇ ਕੁ ਜਾਇਜ਼?.....ਭਗਵੰਤ ਮਾਨ

ਭਗਵੰਤ ਮਾਨ E. mail : bhagwantmann@gmail.com
ਇਹ ਗੱਲ ਸਾਨੂੰ ਛੇਵੀਂ-ਸੱਤਵੀਂ ਤੋਂ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸਾਡਾ ਦੇਸ਼ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ ਸ਼ਾਇਦ ਹੀ ਕੋਈ ਅਜਿਹਾ ਹਫ਼ਤਾ ਜਾਂ ਮਹੀਨਾ ਹੋਵੇ, ਜਦ ਦੇਸ਼ ਵਿਚ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਨਾ ਲਗਦਾ ਹੋਵੇ ਪਰ ਤੁਸੀਂ ਕਦੇ ਮੇਲੇ ਜਾਂ ਤਿਉਹਾਰ ਤੋਂ ਅਗਲੇ ਦਿਨ ਉਸ ਥਾਂ 'ਤੇ ਜਾ ਕੇ ਦੇਖਿਆ ਹੈ? ਲੱਖਾਂ ਦੀ ਗਿਣਤੀ 'ਚ ਲਿਫ਼ਾਫ਼ੇ, ਪਲਾਸਟਿਕ ਦੇ ਖਾਲੀ ਗਲਾਸ ਜਾਂ ਬਰਬਾਦ ਹੋਏ ਖਾਣੇ 'ਤੇ ਭਿਣਕਦੀਆਂ ਮੱਖੀਆਂ ਸਾਡੇ ਗੰਦਗੀ ਭਰੇ ਸਮਾਜ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀਆਂ ਹੁੰਦੀਆਂ ਹਨ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਨੂੰ ਮੰਨਿਆ ਜਾਂਦਾ ਹੈ ਪਰ ਵਾਤਾਵਰਨ ਨੂੰ ਦੂਸ਼ਿਤ ਕਰਨ ਵਿਚ ਵੀ ਦੀਵਾਲੀ ਮੁਲਕ ਦਾ ਸਭ ਤੋਂ ਵੱਡਾ ਤਿਉਹਾਰ ਹੈ ਮੈਂ ਇਹ ਨਹੀਂ ਕਹਿੰਦਾ ਕਿ ਦੀਵਾਲੀ ਨਹੀਂ ਮਨਾਉਣੀ ਚਾਹੀਦੀ ਪਰ ਮੈਂ ਦੀਵਾਲੀ ਮਨਾਉਣ ਦੇ ਤਰੀਕਿਆਂ ਨੂੰ ਬਦਲਣ ਬਾਰੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ
ਹਰ ਸਾਲ ਦੀਵਾਲੀ 'ਤੇ ਅਰਬਾਂ ਰੁਪਏ ਦੇ ਪਟਾਕੇ ਚਲਾ ਕੇ ਆਪਣੀ ਸਾਹ ਲੈਣ ਵਾਲੀ ਹਵਾ ਨੂੰ ਦੂਸ਼ਿਤ ਕਰਕੇ ਅਸੀਂ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਾਂ ਜ਼ਹਿਰੀਲੀ ਹਵਾ, ਬਿਮਾਰੀਆਂ ਵੰਡਦੇ ਪਾਣੀ ਤੇ ਜ਼ਹਿਰੀਲੇ ਖਾਣਿਆਂ ਕਰਕੇ ਪਹਿਲਾਂ ਹੀ ਬਾਰੂਦ ਦੇ ਢੇਰ 'ਤੇ ਬੈਠਿਆਂ ਵਾਸਤੇ ਆਪਣੇ ਹੱਥੀਂ ਹੋਰ ਬਾਰੂਦ ਨੂੰ ਅੱਗ ਲਾਉਣੀ ਕਿੰਨੀ ਕੁ ਜਾਇਜ਼ ਹੈ? ਦੀਵਾਲੀ ਤੋਂ 20 ਦਿਨ ਪਹਿਲਾਂ ਦੁਸਹਿਰੇ ਵਾਲੇ ਦਿਨ ਰਾਵਣ ਦੇ ਪੁਤਲੇ ਜਲਾ ਕੇ ਬੁਰਾਈ 'ਤੇ ਸਚਾਈ ਦੀ ਜਿੱਤ ਦਰਸਾਈ ਜਾਂਦੀ ਹੈ ਪਰ ਰਾਵਣ ਦੇ ਲੱਖਾਂ ਪੁਤਲੇ ਜਲਣ ਵੇਲੇ ਜੋ ਹਵਾ 'ਚ ਪ੍ਰਦੂਸ਼ਣ ਫੈਲਾਉਂਦੇ ਹਨ, ਉਹ ਵੀ ਤਾਂ ਇਕ ਬੁਰਾਈ ਹੈ ਅੱਜ ਲੋੜ ਹੈ ਸਾਡੇ ਅੰਦਰ ਤੇ ਸਮਾਜ 'ਚ ਵਿਚਰ ਰਹੇ ਅਸਲੀ ਰਾਵਣਾਂ ਨੂੰ ਪਛਾਨਣ ਦੀ ਇਹ ਸੱਚ ਹੈ ਕਿ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ ਪਰ ਇਹ ਵੀ ਸੱਚ ਹੈ ਕਿ ਇਸ ਦਿਨ ਲਾਪਰਵਾਹੀ ਨਾਲ ਪਟਾਕੇ ਚਲਾਉਣ ਕਰਕੇ ਹਜ਼ਾਰਾਂ ਬੱਚੇ ਤੇ ਨੌਜਵਾਨ ਆਪਣੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਗਵਾ ਬਹਿੰਦੇ ਹਨ ਉਨ੍ਹਾਂ ਪਰਿਵਾਰਾਂ ਲਈ ਦੀਵਾਲੀ ਇਕ ਦਰਦਨਾਕ ਯਾਦ ਬਣ ਕੇ ਰਹਿ ਜਾਂਦੀ ਹੈ ਅੱਜਕਲ੍ਹ ਪੂਰੀ ਦੁਨੀਆ ਵਿਚ ਵਾਤਾਵਰਨ ਨੂੰ ਹੋਰ ਗੰਦਲਾ ਹੋਣ ਤੋਂ ਬਚਾਉਣ ਦੀਆਂ ਗੱਲਾਂ ਤੇ ਸਕੀਮਾਂ ਚੱਲ ਰਹੀਆਂ ਹਨ ਇਸ ਦੀ ਸਭ ਤੋਂ ਵੱਡੀ ਉਦਾਹਰਨ ਚੀਨ ਨੇ ਉਸ ਵੇਲੇ ਦਿੱਤੀ ਜੋ ਉਸ ਨੇ 2009 ਬੀਜਿੰਗ ਉਲੰਪਿਕ ਖੇਡਾਂ ਦੇ ਉਦਘਾਟਨ ਤੇ ਸਮਾਪਤੀ ਸਮਾਰੋਹ ਵਿਚ ਲੇਜ਼ਰ ਨਾਲ ਚੱਲਣ ਵਾਲੀਆਂ ਆਤਿਸ਼ਬਾਜ਼ੀਆਂ ਤੇ ਪਟਾਕਿਆਂ ਦੀ ਵਰਤੋਂ ਕੀਤੀ ਇਨ੍ਹਾਂ ਧੂੰਆਂ ਰਹਿਤ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਨੇ ਲੋਕਾਂ ਦਾ ਮਨੋਰੰਜਨ ਵੀ ਕੀਤਾ ਤੇ ਹਵਾ ਨੂੰ ਵੀ ਦੂਸ਼ਿਤ ਨਹੀਂ ਕੀਤਾ ਸ਼ਾਇਦ ਸਾਨੂੰ ਵੀ ਭਵਿੱਖ 'ਚ ਚੀਨ ਦੇ ਬਣੇ ਪਟਾਕੇ ਤੇ ਰਾਵਣ ਦੇ ਪੁਤਲਿਆਂ ਦੀ ਜ਼ਰੂਰਤ ਪਵੇ ਜਿਹੜੇ ਕਿ ਸਾਡੇ ਤਿਉਹਾਰ ਵੀ ਮਨਵਾ ਦੇਣ ਤੇ ਪ੍ਰਦੂਸ਼ਣ ਵੀ ਨਾ ਫੈਲਾਉਣ
ਅਕਤੂਬਰ-ਨਵੰਬਰ ਪੰਜਾਬ ਦੇ ਵਾਤਾਵਰਨ ਲਈ ਸਭ ਤੋਂ ਖ਼ਤਰਨਾਕ ਮਹੀਨੇ ਹਨ ਕਿਉਂਕਿ ਇਨ੍ਹਾਂ ਮਹੀਨਿਆਂ 'ਚ ਦੁਸਹਿਰੇ ਦਾ ਧੂੰਆਂ, ਦੀਵਾਲੀ ਦਾ ਧੂੰਆਂ ਤੇ ਖੇਤਾਂ ਵਿਚ ਪਰਾਲੀ ਦਾ ਧੂੰਆਂ ਹਵਾ 'ਚ ਫੈਲਦਾ ਹੈ ਜੋ ਕਿ ਇਨ੍ਹਾਂ ਦਿਨਾਂ 'ਚ ਵੱਖ-ਵੱਖ ਹਾਦਸਿਆਂ ਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ ਸ਼ਾਇਦ ਅਸੀਂ ਆਪਣੇ ਦਿਮਾਗ 'ਚ ਇਹ ਗੱਲ ਵਸਾ ਲਈ ਹੈ ਕਿ ਇਹ ਪਟਾਕਿਆਂ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਤੇ ਨਕਲੀ ਖੋਏ ਤੇ ਦੁੱਧ ਦੀਆਂ ਫੈਕਟਰੀਆਂ ਫੜਨ ਦੇ ਮਹੀਨੇ ਹਨ ਵਿਦੇਸ਼ਾਂ 'ਚ ਵਸਦੇ ਭਾਰਤੀ ਵੀ ਦੀਵਾਲੀ ਮਨਾਉਂਦੇ ਹਨ ਪਰ ਉਥੇ ਦੇ ਕਾਨੂੰਨ ਉਨ੍ਹਾਂ ਨੂੰ ਵਾਤਾਵਰਨ ਨੂੰ ਦੂਸ਼ਿਤ ਕਰਨ ਦੀ ਆਗਿਆ ਨਹੀਂ ਦਿੰਦੇ ਸਿਰਫ਼ ਘਰਾਂ ਦੇ ਬਾਹਰ ਦੀਪਮਾਲਾ ਤੇ ਘਰਾਂ 'ਚ ਮੋਮਬੱਤੀਆਂ ਜਗਾ ਕੇ ਤੇ ਗੁਰਦੁਆਰੇ ਜਾਂ ਮੰਦਿਰ 'ਚ ਮੱਥਾ ਟੇਕ ਕੇ ਦੀਵਾਲੀ ਮਨਾਈ ਜਾਂਦੀ ਹੈ ਪਰ ਅਸੀਂ 'ਦੀਵਾਲੀ 'ਤੇ ਕਿੰਨੇ ਹਜ਼ਾਰ ਦੇ ਪਟਾਕੇ ਚਲਾਏ' ਇਹ ਦੱਸ ਕੇ ਆਪਣੀ ਟੌਹਰ ਬਣਾਉਂਦੇ ਹਾਂ ਬਹੁਤੇ ਵੱਡੇ ਲੀਡਰਾਂ ਜਾਂ ਅਫ਼ਸਰਾਂ ਲਈ ਤਾਂ ਦੀਵਾਲੀ ਭ੍ਰਿਸ਼ਟਾਚਾਰ ਦੇ ਇਕ ਬਦਲਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ ਕਿਉਂਕਿ ਉਸ ਦਿਨ ਉਨ੍ਹਾਂ ਨੂੰ ਮਿਲਣ ਵਾਲੇ ਬੇਹੱਦ ਕੀਮਤੀ ਤੋਹਫ਼ੇ ਅਸਲ 'ਚ ਰੰਗਦਾਰ ਕਾਗਜ਼ਾਂ 'ਚ ਲਪੇਟੀ ਹੋਈ ਰਿਸ਼ਵਤ ਹੀ ਹੁੰਦੀ ਹੈ ਮੇਰੀ ਹੈਰਾਨੀ ਦੀ ਉਸ ਵੇਲੇ ਕੋਈ ਹੱਦ ਨਹੀਂ ਰਹਿੰਦੀ ਜਦੋਂ ਮੇਰੇ ਘਰ ਡਾਕ ਦੇਣ ਆਇਆ ਡਾਕੀਆ ਜਾਂ ਬਿਜਲੀ ਦਾ ਬਿੱਲ ਦੇਣ ਆਇਆ ਬਿਜਲੀ ਮੁਲਾਜ਼ਮ ਦੀਵਾਲੀ ਤੋਂ ਬਾਅਦ ਸ਼ਰੇਆਮ ਕਹਿੰਦੇ ਹਨ ਕਿ 'ਮਾਨ ਸਾਹਿਬ ਸਾਡੀ ਦੀਵਾਲੀ ਦਿਉ ਜੀ' ਮਤਲਬ ਸਰਕਾਰੀ ਮੁਲਾਜ਼ਮਾਂ ਵਾਸਤੇ ਦੀਵਾਲੀ ਦਾ ਤਿਉਹਾਰ ਰਿਸ਼ਵਤ ਲੈਣ ਦਾ ਇਕ ਜਾਇਜ਼ ਦਿਨ ਬਣ ਗਿਆ
ਜੇ ਅਸੀਂ ਆਪਣੇ ਦੀਵਾਲੀ ਦੇ ਖਰਚਿਆਂ 'ਚ ਕਟੌਤੀ ਕਰਕੇ ਉਹੀ ਪੈਸੇ ਕਿਸੇ ਭੁੱਖੇ ਨੂੰ ਰੋਟੀ ਖੁਆਉਣ, ਕਿਸੇ ਗਰੀਬ ਦਾ ਇਲਾਜ ਕਰਾਉਣ ਜਾਂ ਕਿਸੇ ਲੋੜਵੰਦ ਬੱਚੇ ਨੂੰ ਪੜ੍ਹਾਉਣ ਲਈ ਵਰਤ ਕੇ ਹਰ ਸਾਲ ਦੀਵਾਲੀ ਮਨਾਈਏ ਤਾਂ ਸ਼ਾਇਦ ਸਾਨੂੰ ਪਟਾਕੇ ਜਾਂ ਅਨਾਰ ਬੰਬ ਚਲਾਉਣ ਨਾਲੋਂ ਵੱਧ ਸਕੂਨ ਮਿਲੇ ਮੇਰੀ ਪ੍ਰਮਾਤਮਾ ਅੱਗੇ ਦੁਆ ਹੈ ਕਿ ਹਰ ਘਰ 'ਚ ਦੀਵਾਲੀ ਦੇ ਦੀਵੇ ਦੀ ਲੋਅ ਤੰਦਰੁਸਤੀ ਤੇ ਗਿਆਨ ਦਾ ਚਾਨਣ ਕਰੇ ਤੇ ਰੱਬ ਕਰਕੇ ਸਾਡੇ ਘਰਾਂ 'ਚੋਂ ਚੱਲ ਕੇ ਗਵਾਂਢੀਆਂ ਦੇ ਘਰ ਡਿੱਗਣ ਵਾਲੀ ਨਫ਼ਰਤ ਦੀ ਆਤਿਸ਼ਬਾਜ਼ੀ ਨੂੰ ਇਸ ਵਾਰ ਅੱਗ ਹੀ ਨਾ ਲੱਗੇ ਅੱਜ ਵਕਤ ਆ ਗਿਆ ਹੈ ਜਦੋਂ ਸਾਨੂੰ ਆਪਣੇ ਤਿਉਹਾਰਾਂ ਜਾਂ ਰਸਮਾਂ-ਰਿਵਾਜਾਂ ਨੂੰ ਮਨਾਉਣ ਦੇ ਢੰਗ-ਤਰੀਕਿਆਂ 'ਤੇ ਗ਼ੌਰ ਕਰਨੀ ਚਾਹੀਦੀ ਹੈ ਤਾਂ ਕਿ ਤਿਉਹਾਰਾਂ ਦੀ ਅਹਿਮੀਅਤ ਵੀ ਕਾਇਮ ਰਹੇ ਤੇ ਨਾਲ-ਨਾਲ ਸਾਡੇ ਸਮਾਜਿਕ ਜੀਵਨ ਜਾਂ ਵਾਤਾਵਰਨ 'ਤੇ ਕੋਈ ਮਾਰੂ ਅਸਰ ਵੀ ਨਾ ਪਵੇ ਕਿੰਨਾ ਚੰਗਾ ਹੁੰਦਾ ਜੇ ਸਾਡੇ ਦੇਸ਼ 'ਚ ਇਕ-ਦੂਜੇ 'ਤੇ ਰੰਗ ਪਾਉਣ ਤੇ ਪਟਾਕੇ ਚਲਾਉਣ ਵਾਲੇ ਤਿਉਹਾਰਾਂ ਦੇ ਨਾਲ-ਨਾਲ ਇਕ ਦਿਨ ਦਰੱਖਤ ਲਾਉਣ ਜਾਂ ਫੈਕਟਰੀਆਂ ਦਾ ਧੂੰਆਂ ਘਟਾਉਣ ਦਾ ਵੀ ਮਨਾਇਆ ਜਾਂਦਾ...
ਆਓ, ਸਾਰੇ ਦਿਮਾਗ ਵਾਲੀ ਦੀਪਮਾਲਾ ਜਗਾਈਏ,
ਭਾਈਚਾਰੇ ਦੇ ਦੀਵਿਆਂ 'ਚ ਸਾਂਝ ਦਾ ਤੇਲ ਪਾਈਏ,
ਚਲਾ ਲਈਆਂ ਬੜੀਆਂ, ਪਟਾਕਿਆਂ ਦੀਆਂ ਲੜੀਆਂ,
ਚਲੋ ਇਕ ਪਿਆਰ ਵਾਲੀ ਲੜੀ ਵੀ ਚਲਾਈਏ