Sunday, December 20, 2009

ਪੰਜਾਬੀ ਭਾਈਚਾਰੇ ਵਿਚ ਲੜਕੀਆਂ ਦੀ ਵਧ ਰਹੀ ਭਰੂਣ ਹੱਤਿਆ.........

ਪੰਜਾਬੀ ਭਾਈਚਾਰੇ ਵਿਚ ਲੜਕੀਆਂ ਦੀ ਵਧ ਰਹੀ ਭਰੂਣ ਹੱਤਿਆ-ਅਮਰਜੀਤ ਗਰੇਵਾਲ:-

ਜਦੋਂ ਚਰਨਜੀਤ ਨੇਂ ਮੈਨੂੰ ਪੰਜਾਬੀ ਭਾਈਚਾਰੇ ਵਿਚ ਲੜਕੀਆਂ ਦੀ ਵਧ ਰਹੀ ਭਰੂਣ ਹੱਤਿਆ ਬਾਰੇ ਪਰਚਾ ਲਿਖਣ ਲਈ ਕਿਹਾ, ਤਾਂ ਮੈਨੂੰ ਆਪਣੇ ਦੋਹਤਰੇ ‘ਅਬੀਰ’ ਦੇ ਜਨਮ ਵੇਲੇ ਹਰ ਪਾਸਿਓਂ ਮਿਲਣ ਵਾਲੀਆਂ ਵਧਾਈਆਂ, ਸਾਡੇ ਘਰ ਦੇ ਗੇਟ ਉਪਰ ਟੰਗੇ ਸ਼ਰੀਂਹ ਦੇ ਪੱਤੇ, ਖੁਸਰਿਆਂ/ ਭੰਡਾਂ ਦੇ ਨਾਚ ਗਾਣੇ ਅਤੇ ਮੇਰੀ ਮਾਂ ਦਾ ਖਿੜਿਆ ਚਿਹਰਾ, ਉਹ ਸਭ ਕੁਝ ਯਾਦ ਆਇਆ ਜੋ ਉਸਦੀ ਮਾਂ ‘ਰਚਨਾ’ ਦੇ ਜੰਮਣ ਵੇਲੇ ਬਿਲਕੁਲ ਨਹੀਂ ਸੀ ਵਾਪਰਿਆ। ਗਿੱਧੇ ਦੀਆਂ ਬੋਲੀਆਂ ਵੀ ਯਾਦ ਆਈਆਂ:

ਜੇਕਰ ਜਨਮੀ ਧੀਅ ਵੇ ਬਾਬਲਾ/ ਸੋਚੀਂ ਪੈ ਗਏ ਜੀਅ ਵੇ ਬਾਬਲਾ।

ਜੇ ਘਰ ਜਨਮਿਆ ਪੁਤ ਵੇ ਬਾਬਲਾ/ ਠੇਕੇ ਬਹਿ ਕੇ ਬੁਕ ਵੇ ਬਾਬਲਾ।


ਇਹ ਸੋਚ ਕੇ ਡੁਬ ਮਰਨ ਵਾਲੀ ਗੱਲ ਵੀ ਹੋ ਗਈ ਕਿ ਸਾਡੇ ਕਈ ਪਰਿਵਾਰਾਂ ਵਿਚ, ਕਿਸੇ ਵੇਲੇ ਨਵ-ਜਨਮੀ ਲੜਕੀ ਨੂੰ ਮਾਰ ਕੇ ਦੱਬ ਦੇਣ ਦੀ ਪਰੰਪਰਾ ਵੀ ਰਹੀ ਹੈ।ਸਭਿਆਚਾਰਕ ਯਾਦ ਦੱਸਦੀ ਹੈ ਕਿ ਉਸ ਨੂੰ ਦੱਬਣ ਵੇਲੇ ਗੁੜ ਅਤੇ ਪੂਣੀ ਉਸ ਦੇ ਸਰਾਹਣੇ ਰੁੱਖ ਇਹ ਉਚਾਰਨ ਵਾਰ ਵਾਰ ਕੀਤਾ ਜਾਂਦਾ ਸੀ:

ਗੁੜ ਖਾਈਂ ਪੂਣੀ ਕੱਤੀਂ/ ਆਪ ਨਾ ਆਈਂ ਵੀਰਾ ਘੱਤੀਂ।


ਕਨੇਡਾ ਵਿਚ ਰਹਿੰਦੇ ਪੰਜਾਬੀ ਲੇਖਕ ਅਜਮੇਰ ਰੋਡੇ ਨੇ ਇਸ ਸਮੱਸਿਆ ਬਾਰੇ ਇਕ ਨਾਟਕ ‘ਨਿਰਲੱਜ’ (੨੦੦੮) ਲਿਖਿਆ ਹੈ। ਉਸਦੇ ਆਪਣੇ ਸ਼ਬਦਾਂ ਵਿਚ, ਉਸਨੇ ਇਹ ਨਾਟਕ ਲਿੰਗ ਚੋਣ ਵਿਚ ਉਲਝੇ ਕਨੇਡਾ ਦੇ ਪੰਜਾਬੀ ਭਾਈਚਾਰੇ ਦੀ ਮਾਨਸਿਕ ਅਤੇ ਪਰਿਵਾਰਕ ਟੁਟ ਭੱਜ ਪੇਸ਼ ਕਰਨ ਲਈ ਲਿਖਿਆ ਹੈ।ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਇਹ ਸਮੱਸਿਆ ਕੇਵਲ ਭਾਰਤੀ ਪੰਜਾਬ ਵਿਚ ਹੀ ਨਹੀਂ, ਕਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਤੱਕ ਵੀ ਫੈਲੀ ਹੋਈ ਹੈ।
ਇਸ ਨਾਟਕ ਦੀ ਭੂਮਿਕਾ (ਪਹਿਲੇ ਸ਼ਬਦ) ਵਿਚ ਲੇਖਕ ਦੁਆਰਾ ਕਨੇਡਾ ਦੀ ਜਨਸੰਖਿਆ ਸਬੰਧੀ ਪੇਸ਼ ਕੀਤੇ ਗਏ ਅੰਕੜੇ ਇਹ ਸਾਬਤ ਕਰਦੇ ਹਨ ਕਿ ਲਿੰਗੀ ਅਸਮਾਨਤਾ ਦੀ ਇਹ ਸਮੱਸਿਆ ਕਨੇਡਾ ਦੀ ਸਮੱਸਿਆ ਨਹੀਂ, ਕੇਵਲ ਕਨੇਡਾ ਵਿਚ ਵਸਦੇ ਪੰਜਾਬੀ ਭਾਈਚਾਰੇ ਦੀ ਹੀ ਸਮੱਸਿਆ ਹੈ।ਇਸੇ ਤਰ੍ਹਾਂ ਭਾਰਤੀ ਰਾਜਾਂ ਵਿਚੋਂ ਵੀ ਇਹ ਸਮੱਸਿਆ ਪੰਜਾਬ ਵਿਚ ਹੀ ਵਧੇਰੇ ਗੰਭੀਰ ਹੈ, ਜਿਥੋਂ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਸਟੇਟ ਜਾਂ ਸਟੇਟ ਦੇ ਕਾਨੂੰਨ ਦੀ ਸਮੱਸਿਆ ਨਹੀਂ, ਸਮਾਜ-ਸਭਿਆਚਾਰਕ-ਰਾਜਨੀਤਕ ਸਮੱਸਿਆ ਹੈ।
ਕਿਉਂਕਿ ਪਾਕਿਸਤਾਨੀ ਪੰਜਾਬ ਅਤੇ ਕਨੇਡਾ ਵਿਚ ਵਸਦੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਵਿਚ ਵੀ ਲੜਕੀਆਂ ਦੀ ਭਰੂਣ ਹੱਤਿਆ ਦੀ ਕੋਈ ਸ਼ਿਕਾਇਤ ਨਹੀਂ, ਇਸ ਲਈ ਇਹ ਵੀ ਮੰਨਣਾ ਪਵੇਗਾ ਕਿ ਇਹ ਸਮੁਚੇ ਪੰਜਾਬੀ ਭਾਈਚਾਰੇ ਦੀ ਨਹੀਂ, ਹਿੰਦੂ ਸਿਖ ਭਾਈਚਾਰੇ ਦੀ ਹੀ ਸਮੱਸਿਆ ਹੈ। ਭਾਵੇਂ ‘ਨਿਰਲੱਜ’ ਦੇ ਪਾਠ ਬਾਅਦ ਤਾਂ ਇਹ ਵੀ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਅੱੱਜ ਕੱਲ੍ਹ ਤਾਂ ਇਹ ਕੇਵਲ ਜੱਟ-ਸਿਖ ਪੰਜਾਬੀ ਭਾਈਚਾਰੇ ਦੀ ਹੀ ਸਮੱਸਿਆ ਰਹਿ ਗਈ ਹੋਵੇ। ਮੈਂ ਨਹੀਂ ਕਹਿੰਦਾ ਕਿ ਇਹ ਕੇਵਲ ਜੱਟ-ਸਿਖ ਪੰਜਾਬੀ ਭਾਈਚਾਰੇ ਦੀ ਹੀ ਸਮੱਸਿਆ ਹੈ, ਕਈ ਹੋਰਨਾ ਪੰਜਾਬੀ ਅਤੇ ਗੈਰ-ਪੰਜਾਬੀ ਭਾਈਚਾਰਿਆ ਦੀ ਵੀ ਸਮੱਸਿਆ ਰਹੀ ਹੈ, ਹਾਲੇ ਵੀ ਹੋਵੇਗੀ। ਪਰ ਇਸ ਵਕਤ ਇਹ ਜੱਟ-ਸਿਖ ਪੰਜਾਬੀ ਭਾਈਚਾਰੇ ਦੀ ਅਤੀ ਗੰਭੀਰ ਸਮੱਸਿਆ ਹੈ, ਇਹ ਤਾਂ ਸਾਨੂੰ ਮੰਨਣਾ ਹੀ ਪਵੇਗਾ। ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਕੁੜੀਮਾਰ ਸਾਬਤ ਹੋ ਚੁਕੇ ਹਾਂ- ਇਹ ਤਾਂ ਸਾਨੂੰ ਕਬੂਲਣਾ ਪੈਣਾ ਹੈ।
ਸ਼ੰਮੀ, ਇਸ ਨਾਟਕ ਦੀ ਨਾਇਕਾ, ਜੋ ਲਿੰਗ ਚੋਣ ਵਿਰੁਧ ਮੁਹਿੰਮ ਦਾ ਨਿਰਮਾਣ ਕਰਦੀ ਹੈ, ਪਹਿਲੇ ਅੰਕ ਦੇ ਪਹਿਲੇ ਦ੍ਰਿਸ਼ ਵਿਚ ਹੀ ਆਖਦੀ ਹੈ:

” ਸੋਫੀ: ਸ਼ੰਮੀ ਦੀਦੀ, ਤੁਸੀਂ ਕੈਲੇਫੋਰਨੀਆਂ ਹੌਲੀਡੇ ਕਰਨ ਚਲੇਨ ਐਂ? ਬਹੁਤ ਸਾਰੀਆਂ ਪਿਕਚਰਾਂ ਲਾਹ ਕੇ ਲਿਆਇਓ।

ਸ਼ੰਮੀ: ਨਹੀਂ, ਇਸ ਵਾਰ ਅਸੀਂ ਇਕ ਡਾਕਟਰ ਨੂੰ ਮਿਲਣ ਜਾਣਾ ਹੈ, ਜਿਹੜਾ ਬੱਚਿਆਂ ਦੇ ਲਿੰਗ ਟੈਸਟ ਕਰਦਾ। ਉਹ ਆਪਣੇ ਪੰਜਾਬੀ ਦੇ ਅਖਬਾਰਾਂ ਵਿਚ ਇਸ਼ਤਿਹਾਰ ਵੀ ਦਿੰਦਾ। ਵਾਪਸ ਆ ਕੇ ਲਿੰਗ ਚੋਣ ਦੇ ਅਗੇਨਸਟ ਡੈਮਮਸਟਰੇਸ਼ਨਾਂ ਵੀ ਕਰਨੀਆਂ। ਤੂੰਹ ਵੀ ਤਿਆਰ ਰਹੀਂ। ਓ ਕੇ।”


ਲਿੰਗ ਟੈਸਟਾਂ ਬਾਰੇ, ਨਾਟਕ ਦੀ ਭੂਮਿਕਾ ਵਿਚ ਲੇਖਕ ਦਾ ਕਹਿਣਾ ਹੈ: ” ਇਸ ਵਿਚ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਦੁਨੀਆਂ ਦਾ ਲਿੰਗ ਟੈਸਟ ਕਰਨ ਵਾਲਾ ਸਭ ਤੋਂ ਪਹਿਲਾ ਕਮਰਸ਼ਲ ਹਸਪਤਾਲ ੧੯੭੯ ਵਿਚ ਅੰਮ੍ਰਿਤਸਰ ਖੁੱਲਿਆ, ਜਿਸਦਾ ਪਹਿਲਾ ਇਸ਼ਤਿਹਾਰ “ਨਿਊ ਭੰਡਾਰੀ ਐਂਟੀ ਨੇਟਲ ਸੈਕਸ ਡਟਰਮੀਨੇਸ਼ਨ ਕਲਿਨਕ” ਨਾਮ ਹੇਠ ਕਈ ਅਖਬਾਰਾਂ ਵਿਚ ਛਪਿਆ। ਇਸ਼ਤਿਹਾਰ ਵਿਚ ਖੁਲ੍ਹਮ ਖੁੱਲਾ ਕੁੜੀਆਂ ਨੂੰ ਪਰਿਵਾਰ ਉਤੇ ਬੋਝ ਦੱਸਿਆ ਗਿਆ ਸੀ।”
ਇਹ ਮੈਂ ਇਸ ਲਈ ਕੋਟ ਕਰ ਰਿਹਾ ਹਾਂ ਤਾਂ ਜੋ ਇਹ ਸਪਸ਼ਟ ਕੀਤਾ ਜਾ ਸਕੇ ਕਿ ਸਟੇਟ, ਸਟੇਟ ਦੇ ਕਾਨੂੰਨ ਅਤੇ ਸਟੇਟ ਦੀਆਂ ਸੰਸਥਾਵਾਂ ਦੇ ਭਰੂਣ ਹੱਤਿਆ ਨਾਲ ਰਿਸ਼ਤੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇਸਦੇ ਨਾਲ ਨਾਲ ਇਹ ਵੀ ਸਮਝਣਾ ਪਵੇਗਾ ਕਿ ਗਰਭਪਾਤ ਸਬੰਧੀ ਨਰਮ ਕਾਨੂੰਨ ਅਤੇ ਸੈਕਸ ਡਟਰਮੀਨੇਸਨ ਕਲਿਨਕਾਂ ਲਿੰਗੀ ਪੱਖਪਾਤ ਨੂੰ ਜਨਮ ਨਹੀਂ ਦਿੰਦੀਆਂ, ਲਿੰਗੀ ਪੱਖਪਾਤ ਨੂੰ ਭਰੂਣ ਹੱਤਿਆ ਵਿਚ ਟਰਾਂਸਲੇਟ ਕਰਦੀਆਂ ਹਨ। ਕਨੇਡਾ ਦੇ ਬੌਰਡਰ ਤੇ ਅਮਰੀਕਾ ਵਿਚ ਖੁੱਲੀ ਕਲਿਨਕ ਅਮਰੀਕਨਾਂ ਜਾਂ ਕਨੇਡੀਅਨਾਂ ਲਈ ਨਹੀਂ, ਅਮਰੀਕਾ ਜਾਂ ਕਨੇਡਾ ਦੇ ਉਸ ਜੱਟ-ਸਿਖ ਪੰਜਾਬੀ ਭਾਈਚਾਰੇ ਲਈ ਸੀ ਜਿਸ ਵਿਚ ਇਹ ਲਿੰਗੀ ਪੱਖਪਾਤ ਪਹਿਲਾਂ ਤੋਂ ਹੀ ਮੌਜੂਦ ਹੈ।
ਇਹ ਪ੍ਰਵਾਨ ਕਰ ਲੈਣ ਬਾਅਦ ਕਿ ਪੰਜਾਬੀ ਭਾਈਚਾਰਾ, ਖਾਸ ਕਰਕੇ ਜੱਟ ਸਿਖ ਭਾਈਚਾਰਾ, ਕੁੜੀਆਂ ਦਾ ਸੰਘਾਰ ਕਰਨ ਵਿਚ ਦੁਨੀਆਂ ਵਿਚ ਸਭ ਤੋਂ ਅੱਗੇ ਹੈ, ਇਸ ਸੁਆਲ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਕਿ ਜਦੋਂ ਸਿਖ ਪਰੰਪਰਾ ਅਤੇ ਗੁਰਬਾਣੀ ਵਿਚ ਔਰਤ ਨੂੰ ਮਰਦ ਦੇ ਬਰਾਬਰ ਸਥਾਨ ਦਿੱਤਾ ਗਿਆ ਹੈ ਅਤੇ ਰਹਿਤਨਾਮਿਆਂ ਵਿਚ ਵੀ ਕੁੜੀਮਾਰਾਂ ਨਾਲ ਵਰਤਣ ਦੀ ਪੂਰੀ ਮਨਾਹੀ ਕੀਤੀ ਗਈ ਹੈ ਤਾਂ ਫੇਰ ਅੱਜ ਦਾ ਪੰਜਾਬੀ ਸਿਖ/ ਪੰਜਾਬੀ ਜੱਟ-ਸਿਖ ਭਾਈਚਾਰਾ ਆਪਣੀਆਂ ਹੀ ਧੀਆਂ ਦਾ ਸਭ ਤੋਂ ਵੱਡਾ ਕਾਤਲ ਕਿਵੇਂ ਬਣਿਆ ਬੈਠਾ ਹੈ। ਪੰਜਾਬੀ ਸਿਖ ਜਾਂ ਪੰਜਾਬੀ ਜੱਟ ਸਿਖ ਸਬਦ ਮੈਂ ਇਸ ਲਈ ਵਰਤ ਰਿਹਾ ਹਾਂ ਕਿਉਂਕਿ ਇਹ ਦੁਖਾਂਤ ਕੇਵਲ ਪੰਜਾਬੀ ਮੂਲ ਦੇ ਸਿੱਖਾਂ/ ਜੱਟ-ਸਿੱਖਾਂ ਦਾ ਹੀ ਹੈ, ਗੋਰੇ ਸਿੱਖਾਂ ਜਾਂ ਦੱਖਣੀ ਸਿੱਖਾ ਵਰਗੇ ਗੈਰ ਪੰਜਾਬੀ ਮੂਲ ਦੇ ਸਿਖ ਭਾਈਚਾਰਿਆ ਦਾ ਨਹੀਂ।
ਇਸ ਲਈ ਇਹ ਓਨਾ ਸਿੱਖੀ ਦਾ ਮਸਲਾ ਨਹੀਂ, ਜਿੰਨਾ ਪੰਜਾਬੀ ਸਭਿਆਚਾਰ, ਖਾਸ ਕਰਕੇ ਪੰਜਾਬੀ ਜੱਟ ਸਿੱਖ ਸਭਿਆਚਾਰ ਦਾ ਮਸਲਾ ਹੈ।ਸਿੱਖੀ ਦਾ ਮਸਲਾ ਇਸ ਸੁਆਲ ਨਾਲ ਬਣ ਜਾਂਦਾ ਹੈ ਕਿ ਕੀ ਪੰਜਾਬੀ ਸਿੱਖ ਭਾਈਚਾਰੇ ਉਪਰ ਸਿੱਖ ਸਿਧਾਂਤਾਂ ਦਾ ਪ੍ਰਭਾਵ ਅਤੇ ਸਿੱਖ ਰਹਿਤਲ ਵਿਚੋਂ ਸਿਖੀ ਜੀਵਨ ਜਾਚ ਬਿਲਕੁਲ ਹੀ ਖਤਮ ਹੋ ਗਏ ਹਨ? ਕੀ ਸਿੱਖ ਭਾਈਚਾਰੇ ਨੇ, ਖਾਸ ਕਰਕੇ ਜੱਟ ਸਿੱਖ ਭਾਈਚਾਰੇ ਨੇ ਸਿੱਖ ਸਿਧਾਂਤਾਂ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਹੈ? ਜੇਕਰ ਤੋੜ ਲਿਆ ਹੈ, ਤਾਂ ਕਿਉਂ ਤੋੜ ਲਿਆ ਹੈ? ਕੀ ਅਸੀਂ ਸਿੱਖੀ ਨੂੰ ਆਪਣੀਆਂ ਵਿਅਕਤੀਗਤ ਲਾਲਸਾਵਾਂ ਮੁਤਾਬਕ ਤਰੋੜਨਾ ਮਰੋੜਨਾ ਤਾਂ ਸ਼ੁਰੂ ਨਹੀਂ ਕਰ ਲਿਆ?
ਇਸ ਸੁਆਲ ਨੂੰ ਦੋ ਦਸਤਾਵੇਜ਼ਾਂ ਦੇ ਪ੍ਰਸੰਗ ਵਿਚ ਰੱਖ ਕੇ ਦੇਖਣਾ ਹੋਵੇਗਾ। ਪਹਿਲੀ ਦਸਤਾਵੇਜ਼ ਹੈ, ਅਠਾਰਵੀਂ ਸਦੀ ਵਿਚ ੧੭੫੦ ਤੋਂ ੧੭੬੫ ਵਿਚਕਾਰ ਕਿਤੇ ਤਿਆਰ ਕੀਤਾ ਗਿਆ ‘ਰਹਿਤਨਾਮਾ ਹਜ਼ੂਰੀ ਭਾਈ ਚਉਪਾ ਸਿੰਘ ਛਿਬਰ’। ਇਸ ਰਹਿਤਨਾਮੇ ਵਿਚ ਬੜੇ ਜ਼ੋਰਦਾਰ ਸ਼ਬਦਾਂ ਨਾਲ ਸਿੱਖਾਂ ਨੂੰ ਤਾੜਨਾ ਕੀਤੀ ਗਈ ਹੈ:

“ਜੋ ਗੁਰੂ ਕਾ ਸਿੱਖ ਹੋਇ ਸੋ ਕੰਨਿਆ ਨਾ ਮਾਰੇ। ਅਤੇ ਕੁੜੀ ਮਾਰ ਨਾਲ ਨਾ ਵਰਤੇ।”


ਦੂਸਰੀ ਦਸਤਾਵੇਜ਼ ਹੈ ਭਾਰਤ ਸਰਕਾਰ ਦੁਆਰਾ ਤਿਆਰ ਕੀਤੀ ਗਈ ਸਨ ੨੦੦੧ ਦੀ ਜਨਗਣਨਾ ਦਾ ਛੇਵਾਂ ਅਧਿਆਏ, ‘ਭਾਰਤੀ ਜਨਸੰਖਿਆ ਦੀ ਲਿੰਗੀ ਬਣਤਰ’। ਸਾਡੀ ਦਿਲਚਸਪੀ ਇਸ ਦਸਤਾਵੇਜ਼ ਅੰਦਰ ਦਰਜ਼ ਉਸ ਸਾਰਣੀ ਵਿਚ ਹੈ ਜਿਸ ਅੰਦਰ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਛੇ ਸਾਲ ਤੱਕ ਦੇ ਬੱਚਿਆਂ ਦੀ ਲਿੰਗੀ ਅਨੁਪਾਤ ਦਿੱਤੀ ਗਈ ਹੈ। ਇਹ ਦੱਸਿਆ ਗਿਆ ਹੈ ਕਿ ਵੱਖ ਵੱਖ ਸੂਬਿਆਂ ਵਿਚ ਛੇ ਸਾਲ ਦੀ ਉਮਰ ਤੱਕ ਦੇ ਇਕ ਹਜ਼ਾਰ ਲੜਕਿਆਂ ਪਿਛੇ ਏਨੀ ਹੀ ਉਮਰ ਦੀਆਂ ਕਿੰਨੀਆਂ ਲੜਕੀਆਂ ਸਨ।
ਸੂਬਾ ਲਿੰਗੀ ਅਨੁਪਾਤ (੧੯੯੧) ਲਿੰਗੀ ਅਨੁਪਾਤ (੨੦੦੧)
ਪੰਜਾਬ ੮੭੫ ੭੯੩
ਹਰਿਆਣਾ ੮੭੯ ੮੨੦
ਹਿਮਾਚਲ ੯੫੧ ੮੯੭
ਯੂ ਪੀ ੯੨੭ ੯੧੬
ਬਿਹਾਰ ੯੫੩ ੯੩੮
- - -
ਭਾਰਤ (ਔਸਤ) ੯੪੫ ੯੨੭

ਉਪ੍ਰੋਕਤ ਸਾਰਣੀ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੇ ਦੂਸਰੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਲੜਕੀਆਂ ਦੀ ਗਿਣਤੀ ਕੇਵਲ ਸਭ ਤੋਂ ਘੱਟ ਹੀ ਨਹੀਂ, ਘਟਣ ਦੀ ਦਰ ਵੀ ਸਭ ਤੋਂ ਵਧੇਰੇ ਹੈ। ਜਦੋਂ ਕਿ ਸਮੁਚੇ ਭਾਰਤ ਅੰਦਰ ਲੜਕੀਆਂ ਦੀ ਗਿਣਤੀ ਵਿਚ ੧.੫੩ ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ, ਓਥੇ ਪੰਜਾਬ ਵਿਚ ਇਹ ਗਿਰਾਵਟ ੯.੩੭ ਪ੍ਰਤੀਸ਼ਤ ਰਹੀ। ਇਸੇ ਤਰ੍ਹਾਂ ਇਕ ਹੋਰ ਸਾਰਣੀ ਵਿਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਕ ਹਜ਼ਾਰ ਲੜਕਿਆਂ ਦੇ ਮੁਕਾਬਲੇ ਜਦੋਂ ਕਿ ਅਮਰੀਕਾ, ਰੂਸ, ਜਪਾਨ, ਚੀਨ, ਬੰਗਲਾਦੇਸ਼ ਅਤੇ ਪਾਕਿਸਤਾਨ ਲੜਕੀਆਂ ਦੀ ਗਿਣਤੀ ਕ੍ਰਮਵਾਰ ੧੦੨੯, ੧੧੪੦, ੧੦੪੧, ੯੪੪ ਅਤੇ੯੩੮ ਹੈ, ਤਾਂ ਪੰਜਾਬ ਵਿਚ ਲੜਕੀਆਂ ਦੀ ਏਨੀ ਘੱਟ ਗਿਣਤੀ (੭੯੩) ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਕੁੜੀਮਾਰ ਹਾਂ।
ਗੁਰੂ ਸਾਹਿਬਾਨ ਦੀ ਸਿਖਿਆ ਅਤੇ ਪੰਥਕ/ ਇਤਿਹਾਸਕ ਰਵਾਇਤਾਂ ਦੇ ਵਿਪਰੀਤ ਗੁਰਾਂ ਦੇ ਨਾਮ ਤੇ ਜੀਣ ਵਾਲੇ ਪੰਜਾਬ ਵਿਚ ਲਿੰਗੀ ਪੱਖਪਾਤ ਦੀ ਇਹ ਇੰਤਹਾਅ ਪੰਜਾਬੀ ਸ਼ਾਇਰ ਜਸਵੰਤ ਜ਼ਫਰ ਦੇ ਸ਼ਬਦਾਂ ਵਿਚ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ” ਅਸੀਂ ਨਾਨਕ ਦੇ ਕੀ ਲਗਦੇ ਹਾਂ? “
ਅਸੀਂ ਇਹ ਵੀ ਨਹੀਂ ਆਖ ਸਕਦੇ ਕਿ ਸਿਖਿਆ ਜਾਂ ਪਰਚਾਰ ਦੀ ਕਮੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿਖ ਗੁਰਦੁਆਰਾ ਪਬੰਧਕ ਕਮੇਟੀ, ਸਿੰਘ ਸਭਾਵਾਂ, ਕੀਰਤਨੀ ਜਥਿਆਂ, ਕਥਾਕਾਰਾਂ, ਸਰਕਾਰੀ ਸੰਸਥਾਵਾਂ, ਸਮਾਜ-ਸਭਿਆਚਾਰਕ ਸੰਗਠਨਾਂ ਅਤੇ ਮੀਡੀਆ ਦੇ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਪਰਚਾਰ ਅਤੇ ਖਰਚਿਆਂ ਤੇ ਜ਼ਰਾ ਝਾਤ ਮਾਰ ਕੇ ਤਾਂ ਦੇਖੋ, ਤੁਸੀਂ ਹੈਰਾਨ ਰਹਿ ਜਾਵੋਗੇ। ਜਿਥੋਂ ਤੱਕ ਸਰਕਾਰੀ ਕਰੜਾਈ ਦਾ ਸੁਆਲ ਹੈ, ਇਹ ਵੀ ਲੋੜ ਅਨੁਸਾਰ ਵਧ ਹੀ ਰਹੀ ਹੈ।
ਦੂਸਰੇ ਪਾਸੇ ਵਿਦਵਾਨਾਂ ਅਤੇ ਖੋਜਾਰਥੀਆਂ ਦੁਆਰਾ ਕੀਤੇ ਗਏ ਅਧਿਐਨ ਇਹ ਦੱਸਦੇ ਹਨ ਕਿ ਅਸੀਂ ਲੋਕ ਆਪਣੇ ਭਾਈਚਾਰੇ ਅੰਦਰ ਕੁੜੀਆਂ ਦੀ ਘਟ ਰਹੀ ਗਿਣਤੀ ਦੇ ਦੁਰ-ਪ੍ਰਭਾਵਾਂ ਪ੍ਰਤੀ ਵੀ ਸੁਚੇਤ ਹਾਂ। ਪੰਜਾਬ ਵਿਚ ਮਾਦਾ ਭਰੂਣ ਹੱਤਿਆ ਦੇ ਸਮਾਜ-ਆਰਥਕ ਅਤੇ ਸਭਿਆਚਾਰਕ ਪਰਿਣਾਮਾਂ ਬਾਰੇ ਹੋਈ ਖੋਜ ਇਹ ਦੱਸਦੀ ਹੈ ਕਿ ਪੰਜਾਬ ਦੇ ਲੋਕ ਇਹ ਭਲੀਭਾਂਤ ਜਾਣਦੇ ਹਨ ਕਿ ਆਉਣ ਵਾਲੇ ਸਾਲਾਂ ਵਿਚ ਉਹਨਾ ਨੂੰ ਆਪਣੇ ਲੜਕਿਆਂ ਲਈ ਯੋਗ ਵਰ ਲੱਭਣੇ ਬਹੁਤ ਹੀ ਮੁਸ਼ਕਲ ਹੋ ਜਾਣਗੇ। ਕੁੜੀਆਂ ਦੀ ਇਕ ਕਿਸਮ ਦੀ ਬੋਲੀ ਲੱਗਿਆ ਕਰੇਗੀ।ਵੇਸ਼ਵਾਗਮਨ ਅਤੇ ਬਲਾਤਕਾਰ ਦੇ ਕੇਸਾਂ ਵਿਚ ਵਾਧਾ ਹੋਵੇਗਾ। ਲੋਕ ਬਾਹਰਲੇ ਸੂਬਿਆ ਵਿਚੋਂ ਲੜਕੀਆਂ ਖਰੀਦ ਕੇ ਲਿਆਇਆ ਕਰਨਗੇ। ਸਮਾਜ ਸਭਿਆਚਾਰਕ ਅਤੇ ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆਏਗੀ। ਮਨੁਖੀ ਵਸੀਲਿਆਂ ਦੇ ਵਿਕਾਸ ਉਪਰ ਉਲਟ ਪ੍ਰਭਾਵ ਪੈਣਗੇ।
ਪੰਜਾਬੀ ਲੋਕਾਂ ਨੂੰ ਪੰਜਾਬੀ ਸਮਾਜ ਉਪਰ ਪੈਣ ਵਾਲੇ ਇਹ ਦੁਰ-ਪ੍ਰਭਾਵ ਇਸ ਲਈ ਡਿਸਟਰਬ ਨਹੀਂ ਕਰਦੇ ਕਿਉਂਕਿ ਉਹਨਾ ਨੂੰ ਲਗਦਾ ਹੈ ਕਿ ਇਹ ਉਹਨਾ ਦੀਆਂ ਵਿਅਕਤੀਗਤ ਸਮੱਸਿਆਵਾਂ ਨਹੀਂ ਹਨ। ਸਾਂਝੀਆਂ ਸਮਾਜ-ਸੰਸਕ੍ਰਿਤਕ ਅਤੇ ਭਾਈਚਾਰਕ ਸਮੱਸਿਆਵਾਂ ਦਾ ਫਿਕਰ ਕਰਨਾ ਤਾਂ ਅਸੀਂ ਕਦੋਂ ਦੇ ਭੁੱਲ ਚੁੱਕੇ ਹਾਂ। ਦਰਅਸਲ ਪੰਜਾਬੀ ਸੰਸਕ੍ਰਿਤੀ ਅਤੇ ਪੰਜਾਬੀ ਭਾਈਚਾਰੇ ਵਰਗੀ ਕੋਈ ਚੀਜ਼ ਤਾਂ ਬਚੀ ਹੀ ਨਹੀਂ। ਆਪਣੀ ਜੱਟ ਹਉਮੈ ਦੀ ਬੱਲੇ ਬੱਲੇ ਦੇ ਗੀਤ ਗਾਉਣੇ ਅਤੇ ਵਿਆਹ ਸ਼ਾਦੀਆ ਤੇ ਆਪਣੇ ਖੋਖਲੇਪਣ ਦਾ ਖਰੂਦੀ ਪ੍ਰਗਟਾ ਕਰਨਾ ਕੋਈ ਸੰਸਕ੍ਰਿਤੀ ਨਹੀਂ, ਕੋਈ ਭਾਈਚਾਰਕਤਾ ਨਹੀਂ।ਪੰਜਾਬ ਸਰਕਾਰਾਂ ਨੂੰ ਤਾਂ ਹਾਲੇ ਤੱਕ ਇਹ ਵੀ ਸਮਝ ਨਹੀਂ ਪਈ ਕਿ ਇਨਫਰਾਸਟਰਕਚਰ ਕੇਵਲ ਫਿਜ਼ੀਕਲ ਇਨਫਰਾਸਟਰਕਚਰ ਹੀ ਨਹੀਂ ਹੁੰਦਾ। ਕਲਚਰਲ ਇਨਫਰਾਸਟਰਕਚਰ ਵੀ ਹੁੰਦਾ ਹੈ ਜੋ ਪਹਿਲੇ ਨਾਲੋਂ ਵਧੇਰੇ ਮਹੱਤਵਪੂਰਨ ਹੁੰਦਾ ਹੈ। ਕਲਚਰਲ ਕੈਪੀਟਲ ਅਸੀਂ ਗੁਆ ਚੁਕੇ ਹਾਂ, ਭਾਸ਼ਾ ਗੁਆ ਰਹੇ ਹਾਂ।
ਇਹ ਕਲਚਰਲ ਇਨਫਰਾਸਟਰਕਚਰ ਦੀ ਗੈਰਹਾਜ਼ਰੀ ਵਿਚ ਫਿਜ਼ੀਕਲ ਇਨਫਰਾਸਟਰਕਚਰ ਦਾ ਵਿਕਾਸ ਹੀ ਹੈ ਜੋ ਸਾਨੂੰ ਆਤਮਘਾਤ, ਭਰੂਣ ਹੱਤਿਆ, ਅਤੇ ਨਸ਼ਿਆਂ ਵੱਲ ਧਕੇਲ ਰਿਹਾ ਹੈ।ਕਹਿਣ ਤੋਂ ਭਾਵ ਹੈ ਕਿ ਜੇ ਅਸੀਂ ਮਾਦਾ ਭਰੂਣ ਹੱਤਿਆ ਰੋਕਣੀ ਹੈ, ਤਾਂ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ। ਆਪਣੇ ਸਵੈ ਨੂੰ ਬਦਲਨਾ ਹੋਵੇਗਾ। ਇਹ ਤਦ ਹੀ ਸੰਭਵ ਹੈ, ਜੇ ਅਸੀਂ ਉਹ ਕਥਾ ਕਹਾਣੀਆਂ ਅਤੇ ਸੋਚ ਵਿਚਾਰ ਬਦਲਾਂਗੇ, ਜੋ ਸਾਡੀ ਭਰੂਣ ਹੱਤਿਆ ਕਰਨ ਵਾਲੀ ਅਜੋਕੀ ਮਾਨਸਿਕਤਾ ਦਾ ਨਿਰਮਾਣ ਕਰਦੀ ਹੈ। ਪਰ ਇਹ ਕੰਮ ਓਨੀ ਦੇਰ ਤੱਕ ਸੰਭਵ ਨਹੀਂ, ਜਿੰਨੀ ਦੇਰ ਤੱਕ ਅਸੀਂ ਆਪਣੇ ਕਲਚਰਲ ਇਨਫਰਾਸਟਰਕਚਰ ਦਾ ਨਿਰਮਾਣ ਨਹੀਂ ਕਰਦੇ।
ਇਹ ਗੱਲ ਸਾਨੂੰ ਉਦੋਂ ਸਮਝ ਪਵੇਗੀ, ਜਦੋਂ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਹੜੇ ਦਬਾਉ ਅਤੇ ਮਜਬੂਰੀਆਂ ਹਨ, ਜਿਹਨਾ ਕਾਰਨ ਅਸੀਂ ਆਪਣੀਆਂ ਹੀ ਧੀਆਂ ਦਾ ਲਗਾਤਾਰ ਕਤਲ ਕਰੀ ਜਾ ਰਹੇ ਹਾਂ।
ਆਮ ਲੋਕਾਂ ਨਾਲ ਗੱਲਬਾਤ ਕਰਿਆਂ ਪਤਾ ਚੱਲਦਾ ਹੈ ਕਿ ਸਭ ਤੋਂ ਵੱਡੀ ਮਜਬੂਰੀ ਹੈ ਦਾਜ ਦੀ, ਲੈਣ ਦੇਣ ਦੀ ਅਤੇ ਕੁੜੀਆਂ ਦੇ ਵਿਆਹਾਂ ਤੇ ਦਿਨੋ ਦਿਨ ਵਧ ਰਹੇ ਖਰਚਿਆਂ ਦੀ: “ਜੇਕਰ ਜ਼ਿੰਦਗੀ ਦੀ ਸਾਰੀ ਕਮਾਈ ਕੁੜੀਆਂ ਦੇ ਵਿਆਹਾਂ ਤੇ ਹੀ ਲੁਟਾ ਦੇਣੀ ਐ, ਤਾਂ ਫੇਰ ਕੀ ਪੁਤ ਪੋਤਿਆਂ ਨੂੰ ਗੁਰਦੁਆਰਿਆਂ ਵਿਚ ਵਿਠਾਵਾਂਗੇ?” ਲੋਕ ਸੁਆਲ ਕਰਦੇ ਹਨ। ਇਹ ਵੀ ਸੁਣਨ ਨੂੰ ਮਿਲਦਾ ਹੈ: “ਕੁੜੀ ਨੰਗੀ ਤਾਂ ਤੋਰ ਨਹੀਂ ਸਕਦੇ। ਜੇਕਰ ਬਰਾਤ ਦੀ ਸੇਵਾ ਨਾ ਕੀਤੀ, ਜੁਆਈ ਨੂੰ ਵਿੱਤ ਅਨੁਸਾਰ ਕਾਰ/ ਸਕੂਟਰ ਨਾ ਦਿੱਤਾ, ਸਹੁਰਿਆਂ ਦਾ ਘਰ ਨਾ ਭਰਿਆ, ਰਿਸ਼ਤੇਦਾਰਾਂ ਦੀ ਮਾਨਤਾ ਨਾ ਕੀਤੀ, ਗਾਉਣ ਵਾਲੇ ਨਾ ਬੁਲਾਏ, ਤਾਂ ਫੇਰ ਭਾਈਚਾਰੇ ਸਾਹਮਣੇ ਕੀ ਮੂੰਹ ਲੈ ਕੇ ਜਾਵਾਂਗੇ। ਜੇਕਰ ਕੁੜੀ ਜੰਮੀ ਆ ਤਾਂ ਕੁੜੀ ਨੂੰ ਵਸਾਉਣ ਲਈ ਸਭ ਕੁਝ ਕਰਨਾ ਹੀ ਪੈਣੈ।” ਇਸ ਦਲੀਲ ਮੁਤਾਬਕ ਇਸ ਸੰਕਟ ਤੋਂ ਬਚਣ ਦਾ ਕੇਵਲ ਇੱਕੋ ਇੱਕ ਰਸਤਾ ਹੈ ਕਿ ਕੁੜੀ ਨੂੰ ਜੰਮਣ ਤੋਂ ਹੀ ਰੋਕਿਆ ਜਾਵੇ। ਇਸੇ ਲਈ ਤਾਂ ਕਲਿਨਕਾਂ ਦੇ ਮਾਲਕ ਅਤੇ ਉਹਨਾ ਦੇ ਡਾਕਟਰ ਇਹ ਪ੍ਰਚਾਰ ਕਰਦੇ ਹਨ ਕਿ ” ਬਾਅਦ ਵਿਚ ਕੁੜੀ ਦੇ ਵਿਆਹ ਤੇ ਵੀਹ ਲੱਖ ਕਰਚਣ ਨਾਲੋਂ ਤਾਂ ਹੁਣ ਇੱਕ ਹਜ਼ਾਰ ਖਰਚਣ ਵਿਚ ਹੀ ਭਲਾਈ ਹੈ।” ਉਹ ਇਹ ਵੀ ਆਖਦੇ ਨੇ ਕਿ “ਵਿਆਹ ਤੇ ਦਸ ਵੀਹ ਲੱਖ ਖਰਚ ਕਰਕੇ ਕਿਹੜਾ ਖਹਿੜਾ ਛੁਟ ਜਾਣੈ, ਸਾਰੀ ਉਮਰ ਦੇ ਖਰਚੇ ਨੇ। ਕੁੜੀ ਦਾ ਘਰ ਵਸਾਉਣ ਲਈ ਉਸ ਨੂੰ ਤਾਂ ਸਾਰੀ ਉਮਰ ਦੇਣਾ ਹੀ ਪੈਂਦੈ। ਵਿਆਹ ਹੀ ਕਿਉਂ, ਵਿਆਹ ਤੋਂ ਪਹਿਲਾਂ ਉਸ ਦੀ ਸਕਿਉਰਟੀ ਦੀ ਕਿਹੜਾ ਕੋਈ ਛੋਟੀ ਸਮੱਸਿਆ।”
“ਮੁੰਡੇ ਨੂੰ ਪੜ੍ਹਾਉਗੇ ਲਿਖਾਉਗੇ, ਪਾਲੋਗੇ ਪੋਸੋਗੇ, ਇਹ ਤੁਹਾਡੀ ਇਨਵੈਸਟਮੈਂਟ ਆ। ਉਹ ਤੁਹਾਡਾ ਘਰ ਬਾਰ ਸੰਭਾਲੇਗਾ, ਤੁਹਾਡੀ ਕੁਲ ਨੂੰ ਅੱਗੇ ਤੋਰੇਗਾ, ਤੁਹਾਡੀ ਸੰਸਾਰ ਨਾਲ ਗੰਢ ਪਾਏਗਾ, ਬੁਢੇਪੇ ਵਿਚ ਤੁਹਾਡਾ ਆਸਰਾ ਬਣੇਗਾ, ਤੁਹਾਡੀ ਅਰਥੀ ਨੂੰ ਮੋਢਾ ਦੇਵੇਗਾ; ਤੁਸੀਂ ਆਪਣੇ ਬੇਟਿਆਂ ਤੇ ਖਰਚ ਕਰਕੇ ਆਪਣੇ ਭਵਿਖ ਨੂੰ ਹੀ ਸੁਰੱਖਿਅਤ ਕਰਦੇ ਹੋ। ਪਰ ਇਸ ਦੇ ਉਲਟ ਬੇਟੀ ਨੇ ਤਾਂ ਸਭ ਕੁਝ ਲੈ ਕੇ ਪਰਾਏ ਘਰ ਹੀ ਚਲੇ ਜਾਣਾ ਹੁੰਦਾ ਹੈ। ਕੁੜੀ ਨੂੰ ਡਾਕਟਰ, ਇੰਜੀਨੀਅਰ ਜਾਂ ਅਧਿਆਪਕ ਬਨਾਉਣ ਲਈ ਕਰਜ਼ੇ ਤਾਂ ਤੁਸੀਂ ਚੁੱਕੋਗੇ, ਪਰ ਆਪਣੀ ਕਮਾਈ ਨਾਲ ਉਹ ਘਰ ਆਪਣੇ ਸਹੁਰਿਆ ਦਾ ਹੀ ਭਰੇਗੀ।”
ਖੇਵਲ ਇਹ ਹੀ ਨਹੀਂ, ਇਸ ਤਰ੍ਹਾਂ ਦੀਆਂ ਅਣਗਿਣਤ ਕਥਾ, ਕਹਾਣੀਆਂ, ਕਹਾਵਤਾ, ਮਿੱਥਾਂ ਅਤੇ ਬੋਲੀਆਂ ਹਨ, ਜੋ ਸਾਡੇ ਭਾਈਚਾਰੇ ਵਿਚ ਲਗਾਤਾਰ ਸਰਕੂਲੇਟ ਹੋ ਕੇ ਸਾਡੀ ਮਾਨਸਿਕਤਾ ਦਾ ਨਿਰਮਾਣ ਕਰ ਰਹੀਆਂ ਹਨ। ਇਹ ਛੋਟੀਆਂ ਛੋਟੀਆਂ ਕਹਾਵਤਾਂ ਨਹੀਂ, ਪੰਜਾਬੀ ਸਭਿਆਚਾਰ ਦੇ ਨਿਰਮਾਣਕਾਰੀ ਬਿਰਤਾਂਤ ਹਨ ਜੋ ਉਸ ਦੀ ਮਾਨਸਿਕਤਾ ਨੂੰ ਸ਼ੇਪ ਕਰਦੇ ਹਨ। ਉਸਦੇ ਸਵੈ ਦਾ ਨਿਰਮਾਣ ਕਰਦੇ ਹਨ। ਪੰਜਾਬੀ ਬੰਦੇ ਦੀ ਉਸ ਮਾਨਸਿਕਤਾ ਨੂੰ ਘੜਦੀਆਂ ਹਨ, ਜੋ ਮਾਨਸਿਕਤਾ ਆਪਣੀ ਲੜਕੀ ਦੀ ਉਸਦੇ ਜਨਮ ਤੋਂ ਪਹਿਲਾਂ ਹੀ ਹੱਤਿਆ ਕਰ ਦਿੰਦੀ ਹੈ।
ਜੇਕਰ ਅਸੀਂ ਲੜਕੀ ਦੀ ਹੱਤਿਆ ਨੂੰ ਰੋਕਣਾ ਹੈ ਤਾਂ ਸਾਨੂੰ ਆਪਣੀ ਉਹ ਮਾਨਸਿਕਤਾ ਬਦਲਨੀ ਹੋਵੇਗੀ, ਜਿਹੜੀ ਮਾਨਸਿਕਤਾ ਆਪਣੀ ਧੀਅ ਧਿਆਣੀ ਦਾ ਕਤਲ ਕਰਕੇ ਆਖਦੀ ਹੈ: ” ਗੁੜ ਖਾਈਂ, ਪੂਣੀ ਕੱਤੀਂ/ ਆਪ ਨਾ ਆਈਂ, ਵੀਰੇ ਨੂੰ ਘੱਤੀਂ।”
ਇਸ ਮਾਨਸਿਕਤਾ ਨੂੰ ਬਦਲਣ ਲਈ ਉਪ੍ਰੋਕਤ ਕਿਸਮ ਦੀਆਂ ਉਹ ਸਾਰੀਆਂ ਕਥਾ ਕਹਾਣੀਆਂ, ਕਹਾਵਤਾਂ, ਮਿੱਥਾਂ, ਮਨੌਤਾਂ, ਸੋਚਾਂ ਅਤੇ ਸਮਾਜ-ਸਭਿਆਚਾਰ ਪ੍ਰੈਕਟਸਾਂ ਬਦਲਨੀਆਂ ਪੈਣਗੀਆਂ, ਜੋ ਧੀਅ ਦਾ ਕਤਲ ਕਰਨ ਵਾਲੀ ਮਾਨਸਿਕਤਾ ਦਾ ਨਿਰਮਾਣ ਕਰਦੀਆਂ ਹਨ। ਇਹ ਸਭਿਆਚਾਰਕ ਪ੍ਰੈਕਟਿਸ, ਸਭਿਆਚਾਰਕ ਉਤਪਾਦਨ, ਸਭਿਆਚਾਰਕ ਖਪਤ, ਸਭਿਆਚਾਰਕ ਰੂਪਾਂਤਰਣ ਅਤੇ ਸਭਿਆਚਾਰਕ ਇੰਜੀਨੀਅਰਿੰਗ ਦਾ ਵਿਸ਼ਾ ਹੈ। ਪੰਜਾਬ ਦੇ ਸਮਕਾਲੀ ਸਭਿਆਚਾਰ ਦੀ ਡਾਈਨੇਮਿਕਸ ਦੇ ਅਧਿਐਨ ਦਾ ਵਿਸ਼ਾ ਹੈ। ਇਸ ਤੋਂ ਵੀ ਵੱਧ ਸਮਕਾਲੀ ਚਨੌਤੀਆ ਦਾ ਟਾਕਰਾ ਕਰਨ ਲਈ ਪੰਜਾਬੀ ਸਾਹਿਤ, ਕਲਾ ਅਤੇ ਸੰਸਕ੍ਰਿਤੀ ਦੀ ਸਿਰਜਣਾ ਦਾ ਮਸਲਾ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸੰਸਕ੍ਰਿਤੀ ਵਿਚ ਆਈ ਖੜੋਤ ਦਾ ਮਸਲਾ ਹੈ। ਪੰਜਾਬੀ ਸੋਚ ਵਿਚਾਰ ਅਤੇ ਅਕਾਦਮਿਕਤਾ ਉਪਰ ਅੰਗਰੇਜ਼ੀ ਜ਼ੁਬਾਨ ਦੀ ਹਕੂਮਤ ਕਾਰਨ ਸਾਨੂੰ ਆਪਣੇ ਆਪੇ ਦੇ ਭੁਲ ਜਾਣ ਦਾ ਮਸਲਾ ਹੈ। ਇਕੱਲੀ ਭਰੂਣ ਹੱਤਿਆ ਦੀ ਗੱਲ ਨਹੀਂ, ਪੰਜਾਬ ਦੀ ਕੋਈ ਵੀ ਸਮੱਸਿਆ, ਭਾਵੇਂ ਉਹ ਆਰਥਕ ਰਾਜਨੀਤਕ ਜਾਂ ਸੰਸਕ੍ਰਿਤਕ ਕੋਈ ਵੀ ਸਮੱਸਿਆ ਹੋਵੇ, ਓਨੀ ਦੇਰ ਤੱਕ ਹੱਲ ਨਹੀਂ ਹੋ ਸਕਦੀ, ਜਿੰਨੀ ਦੇਰ ਤੱਕ ਅਸੀਂ ਉਹਨਾ ਸਮੱਸਿਆਵਾ ਨੂੰ ਵਿਸ਼ਵ ਪੱਧਰ ਤੇ ਪੈਦਾ ਹੋ ਰਹੇ ਗਿਆਨ ਵਿਗਿਆਨ ਦੀ ਸਹਾਇਤਾ ਨਾਲ ਆਪਣੇ ਦਿਲ ਦਿਮਾਗ ਅਤੇ ਆਤਮਾਂ ਨਾਲ ਆਪਣੀ ਮਾਂ ਬੋਲੀ ਵਿਚ ਨਹੀਂ ਸੋਚਾਂਗੇ।

ਪੰਜਾਬ ਦੀਆਂ ਇਹਨਾ ਸਮੱਸਿਆਵਾਂ ਦੇ ਸਮਾਧਾਨ ਲਈ ਪੰਜਾਬ ਦੀਆਂ ਯੂਨੀਵਰਸਟੀਆ, ਖੋਜ ਸੰਸਥਾਵਾਂ ( ਜੇ ਕੋਈ ਹੈਨ ਤਾਂ) ਅਤੇ ਸਰਕਾਰੀ ਵਿਭਾਗਾਂ ਅੰਦਰ ਕੇਵਲ ਅੰਗਰੇਜ਼ੀ ਵਿਚ ਹੀ ਚੱਲ ਰਹੀਆਂ ਅਕਾਦਮਿਕ ਗਤੀ ਵਿਧੀਆਂ ਅਤੇ ਸੋਚ ਵਿਚਾਰਾਂ, ਵਿਦੇਸ਼ੀ ਗਿਆਨ ਦੀ ਇਮਪੋਰਟ ਕਰਕੇ ਕੇਵਲ ਨੌਕਰੀਆਂ ਅਤੇ ਗਰਾਂਟਾਂ ਖਾਣ ਦਾ ਹੀ ਮਸਲਾ ਹੈ। ਇਸ ਤੋਂ ਵੱਧ ਹੋਰ ਕੁਝ ਨਹੀਂ।ਜੇਕਰ ਅਸੀਂ ਆਪਣੀ ਭਾਸ਼ਾ ਵਿਚ ਸੋਚ ਨਹੀਂ ਸਕਦੇ, ਸੰਚਾਰ ਨਹੀਂ ਕਰ ਸਕਦੇ, ਆਪਣੇ ਲੋਕਾਂ ਦਾ ਭਲਾ ਕੀ ਸੁਆਹ ਕਰਾਂਗੇ।ਇਹ ਸਭ ਕੁਝ ਕਰਨ ਲਈ ਕਲਚਰਲ ਇਨਫਰਾਸਟਰਕਚਰ ਦੀ ਹੀ ਨਹੀਂ, ਕਲਚਰਲ ਮੂਵਮੈਂਟ ਦੀ ਲੋੜ ਹੈ। ਕਲਚਰਲ ਇਨਕਲਾਬ ਦੀ ਲੋੜ ਹੈ। ਦੁਨੀਆਂ ਵਿਚ ਪੈਦਾ ਹੋ ਰਿਹਾ ਗਿਆਨ ਵਿਗਿਆਨ ਕਿਸੇ ਵਿਅਕਤੀ, ਕੌਮ ਜਾਂ ਮੁਲਕ ਦੀ ਨਿੱਜੀ ਜਾਇਦਾਦ ਨਹੀਂ। ਦੁਨੀਆਂ ਦੀ ਸਾਂਝੀ ਵਿਰਾਸਤ ਹੈ। ਅੰਗਰੇਜ਼ੀ ਪੰਜਾਬੀ ਦਾ ਇਸ ਉਪਰ ਬਰਾਬਰ ਅਧਿਕਾਰ ਹੈ। ਇਸ ਲਈ ਜਿੰਨੀ ਦੇਰ ਤੱਕ ਅਸੀਂ ਇਸ ਗਿਆਨ ਵਿਗਿਆਨ ਨੂੰ, ਆਪਣੀਆਂ ਸਮੱਸਿਆਵਾ/ਚੁਨੌਤੀਆਂ ਦੇ ਸਮਾਧਾਨ ਲਈ, ਆਪਣੇ ਆਰਥਕ-ਰਾਜਨੀਤਕ-ਸੰਸਕ੍ਰਿਤਕ ਪਰਿਪੇਖ ਵਿਚ ਰੱਖ ਕੇ, ਆਪਣੀ ਮਾਤ ਭਾਸ਼ਾ ਵਿਚ ਨਹੀਂ ਵਿਚਾਰਾਂਗੇ, ਓਨੀ ਦੇਰ ਤੱਕ ਅਸੀਂ ਕੇਵਲ ਅਕਾਦਮਿਕਤਾ ਦਾ ਡਰਾਮਾ ਹੀ ਕਰ ਰਹੇ ਹੋਵਾਂਗੇ। ਸਭ ਕੁਝ ਉਸੇ ਤਰ੍ਹਾਂ ਚਲਦਾ ਰਹੇਗਾ। ਕਿਸਾਨ ਖੁਦਕਸ਼ੀਆਂ ਕਰਦੇ ਰਹਿਣਗੇ, ਧੀਆਂ ਮਾਵਾਂ ਦੇ ਪੇਟ ਵਿਚ ਮਰਦੀਆਂ ਰਹਿਣਗੀਆਂ, ਨੌਜੁਆਨ ਨਸ਼ਿਆਂ ਵਿਚ ਗਰਕਦੇ ਰਹਿਣਗੇ ਅਤੇ ਸਾਨੂੰ ਆਪਣੇ ਗਰੇਡਾਂ, ਤਰੱਕੀਆਂ ਆਦਿ ਦਾ ਫਿਕਰ ਸਤਾਉਂਦਾ ਰਹੇਗਾ।

ਇਕ ਹੋਰ ਵੀ ਸੁਆਲ ਹੈ ਕਿ ਅਸੀਂ ਕਥਾ ਕਹਾਣੀਆਂ ਦੇ ਮਗਰ ਤਾਂ ਲੱਗ ਗਏ, ਪਰ ਗੁਰੂ ਦੀ ਸਿਖਿਆ ਮਗਰ ਨਹੀਂ ਲੱਗੇ, ਅਜੇਹਾ ਕਿਉਂ? ਜਿਵੇਂ ਕਿ ਆਪਾਂ ਪਹਿਲਾਂ ਦੇਖ ਆਏ ਹਾਂ, ਅੱਜ ਗੁਰੂ ਦਾ ਪਰਚਾਰ ਸਿਖਰ ਤੇ ਹੈ। ਜੇ ਗੁਰੂ ਦਾ ਪਰਚਾਰ ਸਿਖਰ ਤੇ ਹੈ ਤਾਂ ਸਾਡੀ ਬਿਮਾਰੀ ਵੀ ਸਿਖਰ ਤੇ ਹੀ ਹੈ।

ਸਾਡੇ ਤੇ ਗੁਰੂ ਦੀ ਸਿਖਿਆ ਦਾ ਅਸਰ ਕਿਉਂ ਨਹੀਂ ਹੋ ਰਿਹਾ?

ਲੜਕੇ ਦੀ ਤਾਂਘ ਪੂਰੀ ਕਰਨ ਲਈ ਕੇਵਲ ਟੂਣੇ ਟਾਮਣਾਂ ਅਤੇ ਬ੍ਰਾਹਮਣਾਂ ਪਿਛੇ ਹੀ ਨਹੀਂ ਲੱਗੇ ਫਿਰਦੇ, ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਵੀ ਆਪਣੀਆਂ ਅਜੇਹੀਆਂ ਖਾਹਿਸ਼ਾਂ ਦੀ ਪੂਰਤੀ ਲਈ ਟੂਣੇ ਟਾਮਣਾਂ ਵਾਗ ਹੀ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਜਮੇਰ ਰੋਡੇ ਦੇ ਨਾਟਕ ਨਿਰਲੱਜ ਵਿਚ ਜਦੋਂ ਹੈਰੀ ਨੂੰ ਪਤਾ ਚੱਲਦਾ ਹੈ ਕਿ ਉਸਦੀ ਪਤਨੀ ਦੇ ਪੇਟ ਵਿਚ ਲੜਕੀ ਹੈ, ਲੜਕਾ ਨਹੀਂ, ਤਾਂ ਉਹ ਤਵੀਤ ਵਾਲੀ ਡੱਬੀ ਪੰਡਿਤ ਵੱਲ ਵਗਾਹ ਮਾਰਦਾ ਹੈ ਅਤੇ ਕਹਿੰਦਾ ਹੈ ਕਿ ਉਹ ਮੁੰਡੇ ਦੇ ਝੂਠੇ ਸੁਪਨੇ ਦਿਖਾ ਕੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ। ਪੰਡਿਤ ਇਸਦੇ ਜੁਆਬ ਵਿਚਕਹਿੰਦਾ ਹੈ; ” ਅਰੇ ਭਈ ਹਰਦੇਵ ਸਿੰਘ ਮੈਂ ਤੋ ਲੋਗੋਂ ਸੇ ਠੱਗੀ ਮਾਰਤਾ ਹੂੰ, ਆਪ ਤੋ ਭਗਵਾਨ ਸੇ ਹੀ ਠੱਗੀ ਮਾਰੇ ਜਾ ਰਹੇ ਹੋ। ਯੇ ਹਜ਼ਾਰ ਡਾਲਰ ਮੁਝੇ ਆਪ ਨੇ ਕੌਨ ਸਾ ਪੁੰਨ ਕਰਨੇ ਕੇ ਲੀਏ ਦੀਆ ਥਾ? ਯੇ ਭਗਵਾਨ ਸੇ ਹੇਰਾ ਫੇਰੀ ਕਰਨੇ ਕੇ ਲੀਏ ਹੀ ਤੋ ਦੀਆ ਥਾ।”
ਅਠਾਰਵੀਂ ਸਦੀ ਵਿਚ ਜਦੋਂ ਰਹਿਤਨਾਮੇ ਲਿਖੇ ਗਏ, ਉਦੋਂ ਕੁੜੀਆਂ ਨੂੰ ਮਾਰਨ ਦੇ ਹੋਰ ਕਾਰਨ ਸਨ, ਅੱਜ ਹੋਰ ਕਾਰਨ ਹਨ। ਉਦੋਂ ਕੁੜੀਆਂ ਨੂੰ ਇਕ ਹੋਰ ਕਿਸਮ ਦੀ ਮਾਨਸਿਕਤਾ (ਬਿਮਾਰੀ) ਮਾਰ ਰਹੀ ਸੀ, ਅੱਜ ਹੋਰ ਕਿਸਮ ਦੀ ਮਾਨਸਿਕਤਾ (ਬਿਮਾਰੀ) ਮਾਰ ਰਹੀ ਹੈ। ਬਿਮਾਰੀ ਬਦਲ ਗਈ ਹੈ, ਪਰ ਇਲਾਜ ਨਹੀਂ ਬਦਲਿਆ। ਅਸੀਂ ਉਸੇ ਬਿਮਾਰੀ ਦਾ ਇਲਾਜ ਕਰੀ ਜਾ ਰਹੇ ਹਾਂ, ਜੋ ਬਿਮਾਰੀ ਅੱਜ ਹੈ ਹੀ ਨਹੀਂ। ਜੋ ਬਿਮਾਰੀ ਹੈ, ਉਸ ਬਿਮਾਰੀ ਦੀ ਤਾਂ ਹਾਲੇ ਅਸੀਂ ਪਹਿਚਾਣ ਵੀ ਨਹੀਂ ਕੀਤੀ।
ਸਨ ੧੮੫੨ ਵਿਚ ਅੰਗਰੇਜ਼ ਸਰਕਾਰ ਨੇ ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ਦਾ ਸਰਵੇਖਣ ਕਰਵਾ ਕੇ ਦੇਖਿਆਂ ਕਿ ਬੇਦੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਇਸ ਇਲਾਕੇ ਵਿਚ ਬੇਦੀ ਪਰਿਵਾਰਾਂ ਅੰਦਰ ਪੈਦਾ ਹੋਣ ਵਾਲੇ ੪੫੦ ਲੜਕਿਆਂ ਦੇ ਮੁਕਾਬਲੇ ਕੇਵਲ ੬੧ ਲੜਕੀਆਂ ਹੀ ਬਚੀਆਂ ਸਨ। ਐਮ ਐਨ ਦਾਸ ਦੇ ਕੁੜੀਆਂ ਨੂੰ ਜੰਮਦੇ ਸਾਰ ਹੀ ਮਾਰ ਦੇਣ ਬਾਰੇ ਕੀਤੇ ਗਏ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਅੰਗਰੇਜ਼ੀ ਰਾਜ ਤੋਂ ਪਹਿਲਾਂ, ਅਠਾਰਵੀਂ ਅਤੇ ਉਨੀਵੀਂ ਸਦੀ ਦੇ ਪੰਜਾਬ ਵਿਚ ਜੰਮਦੀਆਂ ਲੜਕੀਆਂ ਦੀਆਂ ਹੱਤਿਆਵਾਂ ਦਾ ਇਹ ਰੁਝਾਨ ਕੇਵਲ ਬਹੁਤ ਹੀ ਉੱਚੇ ਰੁਤਬੇ ਵਾਲੇ ਹੁਸ਼ਿਆਰਪੁਰ ਦੇ ਬੇਦੀਆਂ, ਫੀਰੋਜ਼ਪੁਰ ਦੇ ਬਰਾੜ ਜੱਟਾਂ, ਗੁੱਜਰਾਂਵਾਲਾ ਦੇ ਖੱਤਰੀਆਂ ਅਤੇ ਸ਼ਾਹਪੁਰ ਦੇ ਸੋਢੀਆਂ ਵਿਚ ਹੀ ਪਾਇਆ ਜਾਂਦਾ ਸੀ ਜੋ ਆਪਣੇ ਤੋਂ ਛੋਟੇ ਰੁਤਬੇ ਵਾਲੀਆਂ ਬਿਰਾਦਰੀਆਂ ਵਿਚ ਆਪਣੀਆਂ ਕੁੜੀਆਂ ਵਿਆਹੁਣਾ ਬਹੁਤ ਵੱਡੀ ਹੇਠੀ ਸਮਝਦੇ ਸਨ। ਨਾਲੇ ਫੇਰ ਬੇਦੀ ਉਸ ਸਮੇ ਆਪਣੇ ਆਪ ਨੂੰ ਸਿੱਖਾਂ ਦੇ ਗੁਰੂ ਸਮਝਦੇ ਸਨ, ਇਸ ਲਈ ਉਹਨਾ ਦਾ ਕਹਿਣਾ ਸੀ ਕਿ ਗੁਰੂ ਆਪਣੀਆਂ ਲੜਕੀਆਂ ਨੂੰ ਆਪਣੇ ਸੇਵਕਾਂ ਦੇ ਘਰੇ ਕਿਵੇਂ ਵਿਆਹ ਸਕਦੇ ਸਨ। ਇਸ ਸਮੱਸਿਆ ਦੇ ਹੱਲ ਲਈ, ਇਹਨਾ ਸਰਵਸ੍ਰੇਸ਼ਟ ਰੁਤਬੇ ਵਾਲੇ ਸਿੱਖਾਂ ਨੇ ਰਾਜਪੂਤ ਰਜਵਾੜਿਆਂ ਦੀ ਨਕਲੇ ਆਪਣੀਆਂ ਧੀਆਂ ਨੂੰ ਵੀ ਜੰਮਦਿਆਂ ਹੀ ਮਰਵਾਉਣਾ ਸ਼ੁਰੂ ਕਰ ਦਿੱਤਾ ਸੀ।
ਆਪਣੀਆਂ ਲੜਕੀਆਂ ਨੂੰ ਆਪਣੇ ਤੋਂ ਛੋਟੇ ਰੁਤਬੇ ਵਾਲੇ ਘਰਾਂ ਵਿਚ ਵਿਆਹ ਕੇ ਆਪਣੀ ਚੌਧਰ ਅਤੇ ਰੁਤਬੇ ਨੂੰ ਦਾਅ ਤੇ ਲਗਾਉਣ ਨਾਲੋਂ ਉਹਨਾ ਨੂੰ ਜਨਮ ਲੈਂਦਿਆਂ ਹੀ ਮਾਰ ਦੇਣਾ ਉਹਨਾ ਨੂੰ ਇਸ ਲਈ ਜਾਇਜ਼ ਲਗਦਾ ਸੀ ਕਿਉਂਕਿ ਉਸ ਜਗੀਰੂ ਮਹੌਲ ਵਿਚ ਬਿਰਾਦਰੀ, ਚੌਧਰ ਅਤੇ ਰੁਤਬਾ ਹੀ ਪ੍ਰਮੁਖ ਕਦਰਾਂ ਕੀਮਤਾਂ ਸਨ।
ਸਨ ੧੮੪੯ ਵਿਚ ਜਦੋਂ ਅੰਗਰੇਜ਼ ਆਏ ਤਾਂ ਉਹ ਆਧੁਨਿਕਤਾਵਾਦ ਦੀ ਵਿਚਾਰਧਾਰਾ ਅਤੇ ਰਾਜਨੀਤੀ ਵੀ ਨਾਲ ਹੀ ਲੈ ਕੇ ਆਏ। ਸਿੰਘ ਸਭਾ ਲਹਿਰ ਨੇ ਜਦੋਂ ਸਮਾਜਕ ਬਰਾਬਰੀ ਅਤੇ ਨਿਆਂ ਵਰਗੇ ਗੁਰਮਤਿ ਸਿਧਾਂਤਾਂ ਨੂੰ ਆਧੁਨਿਕਤਾਵਾਦੀ ਪ੍ਰਵਚਨਾਂ ਵਿਚ ਅਨੁਵਾਦ ਕਰਨਾ ਸ਼ੁਰੂ ਕੀਤਾ ਤਾਂ ਪੰਜਾਬ ਵਿਚ ਸਤੀ ਦੀ ਰਸਮ ਅਤੇ ਕੁੜੀਆਂ ਮਾਰਨ ਦੀ ਪ੍ਰੰਪਰਾ ਇਸਦਾ ਪਹਿਲਾ ਨਿਸ਼ਾਨਾ ਬਣੀ। ਨਤੀਜਾ ਇਹ ਹੋਇਆ ਕਿ ਸਨ ੧੯੦੧ ਤੋਂ ੧੯੯੧ ਤੱਕ, ਜਦੋਂ ਕਿ ਸਮੁੱਚੇ ਭਾਰਤ ਵਿਚ ਔਰਤਾਂ ਦੀ ਗਿਣਤੀ ੪.੭ ਪ੍ਰਤੀਸ਼ਤ ਘਟੀ, ਓਥੇ ਪੰਜਾਬ (ਕੇਰਲ ਵੀ) ਹੀ ਇਕ ਅਜੇਹਾ ਰਾਜ ਸੀ, ਜਿਥੇ ਔਰਤਾਂ ਦੀ ਗਿਣਤੀ ਵਿਚ ੧੪.੮ ਪ੍ਰਤੀਸ਼ਤ ਦਾ ਵਾਧਾ ਹੋਇਆ।
ਕਿਉਂਕਿ ਆਧੁਨਿਕਤਾਵਾਦੀ ਨਵ-ਜਾਗ੍ਰਿਤੀ ਦੀ ਇਹ ਲਹਿਰ ਸਿਖ ਸਿਧਾਂਤਾਂ ਦੇ ਨਾਲ ਨਾਲ ਅੰਗਰੇਜ਼ੀ ਹਕੂਮਤ, ਅੰਗਰੇਜ਼ੀ ਜ਼ੁਬਾਨ ਅਤੇ ਅੰਗਰੇਜ਼ੀ ਵਿਦਿਅਕ ਪ੍ਰਬੰਧ ਰਾਹੀਂ ਵਿਅਕਤੀਗਤ ਆਜ਼ਾਦੀ ਅਤੇ ਵਿਅਕਤੀਗਤ ਪ੍ਰਾਪਤੀਆਂ ਦੀ ਉਦਾਰਵਾਦੀ ਲਹਿਰ ਨਾਲ ਵੀ ਜੁੜੀ ਹੋਈ ਸੀ, ਜਿਸ ਨੇ ਪੰਜਾਬੀ ਸਿਖ ਮਨ ਨੂੰ ਇਕ ਅਸਲੋਂ ਹੀ ਨਵੀਂ ਕਿਸਮ ਦੀ ਜੈਂਡਰ ਬਾਇਸ (ਲਿੰਗੀ ਪੱਖਪਾਤ) ਨਾਲ ਭਰ ਦਿੱਤਾ।
ਇਹ ਲਿੰਗੀ ਪੱਖਪਾਤ ਸੀ, ਆਧੁਨਿਕਤਾਵਾਦ ਦਾ ਮਰਦ ਅਤੇ ਔਰਤ ਨੂੰ ਦੋ ਵੱਖੋ ਵੱਖਰੀਆਂ ਸਥਿਰ, ਸਥਾਈ, ਸੁਭਾਵਕ ਅਤੇ ਸਦੀਵੀ ਇਕਾਈਆਂ ਮੰਨ ਕੇ ਉਹਨ ਨੂੰ ਵਿਰੋਧੀ ਕਦਰਾਂ ਕੀਮਤਾਂ ਨਾਲ ਜੋੜਨਾ। ਜਿਵੇਂ ਕਿ ਔਰਤ ਨੂੰ ਪੈਦਾਵਾਰੀ ਕੰਮ ਦੀ ਥਾਂ ਘਰੇਲੂ ਕਾਰ ਵਿਹਾਰ ਨਾਲ ਜੋੜ ਕੇ ਪਰੋਡਿਊਸਰ ਦੀ ਥਾਂ ਕੰਜ਼ਿਊਮਰ ਬਣਾ ਦੇਣਾ। ਇਸੇ ਤਰ੍ਹਾਂ ਔਰਤ ਨੂੰ ਬਰੇਨ ਦੀ ਥਾਂ ਬਿਊਟੀ, ਮਾਈਂਡ ਦੀ ਥਾਂ ਬੌਡੀ, ਪਰੋਡਕਸ਼ਨ ਦੀ ਥਾਂ ਰੀਪਰੋਡਕਸ਼ਨ, ਮੰਡੀ ਦੀ ਥਾਂ ਮੰਮਤਾ ਅਤੇ ਤਰਕਸ਼ੀਲ ਸੋਚ ਦੀ ਥਾਂ ਭਾਵੁਕਤਾ ਨਾਲ ਜੋੜ ਕੇ ਉਸ ਨੂੰ ਆਪਣੇ ਉਪਰ ਨਿਰਭਰ ਬਣਾ ਲੈਣਾ।
ਆਪਣੀ ਬਸਤੀਵਾਦੀ ਹਕੂਮਤ ਨੂੰ ਪੱਕਿਆਂ ਕਰਨ ਲਈ ਬਰਤਾਨਵੀ ਸਾਮਰਾਜ ਨੇ ਭਾਰਤ ਦੀ ਸਮੁੱਚੀ ਆਰਥਕ ਅਤੇ ਰਾਜਨੀਤਕ ਵਿਵਸਥਾ ਨੂੰ ਤਾਂ ਇੱਕ ਆਧੁਨਿਕ ਕਿਸਮ ਦੇ ਸਰਬਸਾਂਝੇ ਕਾਨੂੰਨ ਅਧੀਨ ਲੈ ਆਂਦਾ, ਪਰ ਪਰਿਵਾਰ ਨੂੰ ਇਸ ਸਰਬਸਾਂਝੇ ਕਾਨੂੰਨ ਤੋਂ ਬਾਹਰ ਹੀ ਰੱਖਿਆ। ਪਰਿਵਾਰ ਨਾਲ ਸਬੰਧਤ ਸ਼ਾਦੀ, ਤਲਾਕ, ਵਿਰਾਸਤ, ਹੱਕ ਜਾਨਸ਼ੀਨੀ, ਜਾਇਦਾਦ ਦੀ ਵੰਡ ਆਦਿ ਦੇ ਆਪੋ ਆਪਣੇ ਕਾਨੂੰਨ ਬਨਾਉਣ ਲਈ ਧਾਰਮਿਕ ਫਿਰਕਿਆਂ ਨੂੰ ਆਜ਼ਾਦ ਕਰ ਦਿੱਤਾ ਗਿਆ, ਤਾਂ ਜੋ ਹਿੰਦੂ, ਮੁਸਲਮਾਨ, ਇਸਾਈ ਆਦਿ ਫਿਰਕੇ ਆਪੋ ਆਪਣੀਆਂ ਰਵਾਇਤਾਂ ਅਨੁਸਾਰ ਆਪੋ ਆਪਣੇ ਵੱਖਰੇ ਕਾਨੂੰਨ ਬਣਾ ਸਕਣ।
ਸਮਾਜਕ ਖੇਤਰ ਨੂੰ, ਪਬਲਿਕ ਅਤੇ ਪਰਾਈਵੇਟ, ਦੋ ਵੱਖੋ ਵੱਖਰੇ ਖੇਤਰਾਂ ਵਿਚ ਵੰਡ ਕੇ ਅੰਗਰੇਜ਼ੀ ਹਕੂਮਤ ਨੇ ਇਕ ਬਹੁਤ ਗਹਿਰੀ ਚਾਲ ਚੱਲੀ। ਅਜੇਹਾ ਕਰਕੇ ਜਿਥੇ ਅੰਗਰੇਜ਼ ਹਕੂਮਤ ਨੇ ਦੇਸ਼ ਦੀ ਆਰਥਕਤਾ ਅਤੇ ਰਾਜਨੀਤੀ ਉਪਰ ਆਪਣਾ ਸੰਪੂਰਨ ਕੰਟਰੋਲ ਸਥਾਪਤ ਕਰ ਲਿਆ, ਓਥੇ ਦੇਸ਼ ਦੀ ਮਰਦ ਜਾਤ ਨੂੰ ਆਪੋ ਆਪਣੇ ਅਕੀਦਿਆਂ ਮੁਤਾਬਕ ਆਪਣੀ ਮਨ ਮਰਜ਼ੀ ਦੀ ਹਕੂਮਤ ਕਰਨ ਲਈ ਘਰ ਪਰਿਵਾਰ ਦਾ ਖੇਤਰ ਸੌਪ ਦਿੱਤਾ ਗਿਆ, ਜਿਸ ਨਾਲ ਉਹ ਚੁਪ ਹੋ ਗਏ। ਜਿਸ ਆਦਮੀ ਨੂੰ ਦੇਸ਼ ਦੇ ਆਰਥਕ ਅਤੇ ਰਾਜਨੀਤਕ ਮਸਲਿਆਂ ਵਿਚ ਦਖਲ ਦੇਣ ਦਾ ਰੱਤੀ ਭਰ ਵੀ ਅਧਿਕਾਰ ਨਹੀਂ ਸੀ, ਘਰ ਵਿਚ ਉਹ ਇਕ ਪੂਰਾ ਤਾਨਾਸ਼ਾਹ ਬਣ ਗਿਆ:

ਮੈਨੂੰ ਹੁਣ ਵੀ ਯਾਦ ਹੈ-

ਸਾਡੇ ਘਰ ਵਿਚ ਇਕ ਦਿਉ ਦਾ ਰਾਜ ਸੀ

ਸ਼ਾਮੀਂ ਉਹ ਆਦਮ ਬੋ ਆਦਮ ਬੋ ਕਰਦਾ

ਆਉਂਦਾ ਸੀ

ਲੋਕੀਂ ਉਸ ਨੂੰ ਮੇਰਾ ਬਾਪੂ ਕਹਿੰਦੇ ਸਨ

ਉਸ ਨੇ ਮੇਰੀ ਮਾਂ ਦੀਆਂ ਗੋਲ ਗੁਲਾਬੀ ਅੱਖਾਂ

ਦਾਰੂ ਦੇ ਪੈੱਗ ਵਿਚ ਪਾ ਕੇ
ਪੱਥਰ ਦੀਆਂ ਬਣਾ ਦਿੱਤੀਆਂ ਸਨ
ਉਸ ਪਤਲੀ ਪਤੰਗ ਕੁੜੀ ਦੀ ਜ਼ਿੰਦਗੀ

ਰੋਟੀ, ਤਨ ਢਕਣ ਅਤੇ ਹੰਝੂਆਂ ਦੀ ਕਥਾ

ਬਣਾ ਦਿੱਤੀ ਸੀ


ਹਰ ਰਾਤ ਉਹ ਭਿਆਨਕ ਠਹਾਕੇ ਲਾਉਂਦਾ

ਤੇ ਆਖਦਾ: ਦੇਖ! ਮੈਂ ਤੇਰਾ ਬਚਪਨ ਖਾ ਰਿਹਾ ਹਾਂ।

(ਸੁਖਚੈਨ)


ਸੁਖਚੈਨ ਦੀ ਇਸ ਕਵਿਤਾ ਰਾਹੀਂ ਇਹ ਗੱਲ ਸੌਖਿਆਂ ਹੀ ਸਮਝੀ ਜਾ ਸਕਦੀ ਹੈ ਕਿ ਸਮਾਜ-ਆਰਥਕ ਅਤੇ ਰਾਜਨੀਤਕ ਖੇਤਰ ਵਿਚ ਗੁਲਾਮੀ ਹੰਡਾ ਰਿਹਾ ਮਰਦ, ਘਰ ਵਿਚ ਔਰਤ ਦੀ ਦੇਹ ਉਪਰ ਆਪਣੀ ਸੰਪੂਰਨ ਸੱਤਾ ਸਥਾਪਤ ਕਰਕੇ ਕਿਵੇਂ ਸੰਤੁਸ਼ਟ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਰੋਜ਼ ਮੱਰਾ ਦੀ ਜ਼ਿੰਦਗੀ ਵਿਚੋਂ ਪ੍ਰਾਪਤ ਹੋਣ ਵਾਲੀਆਂ ਤੰਗੀਆਂ ਤੁਰਸ਼ੀਆਂ, ਧੱਕੇ ਧੌਲੇ, ਨਿਰਾਦਰੀ ਅਤੇ ਅਪਮਾਨ ਔਰਤਾਂ ਅਤੇ ਬੱਚਿਆਂ ਉਪਰ ਹਿੰਸਾ ਵਿਚ ਕਿਵੇਂ ਅਨੁਵਾਦ ਹੋ ਜਾਂਦੇ ਹਨ।
ਕਿਉਂਕਿ ਸਾਡੇ ਦੇਸ਼ ਵਿਚ ਛੋਟੇ ਬੱਚਿਆਂ ਦੀ ਸ਼ਾਦੀ ਦਾ ਰਿਵਾਜ਼ ਆਮ ਪ੍ਰਚੱਲਤ ਸੀ, ਇਸ ਲਈ ਬਹੁਤ ਸਾਰੀਆਂ ਅਜੇਹੀਆਂ ਸ਼ਾਦੀ ਸ਼ੁਦਾ ਬੱਚੀਆਂ ਪਤੀ ਦੁਆਰਾ ਕੀਤੀ ਜਾਣ ਵਾਲੀ ਜ਼ਬਰਦਸਤੀ ਦੌਰਾਨ ਮਰ ਵੀ ਜਾਂਦੀਆਂ ਸਨ। ਜਦੋਂ ਕੁਝ ਸਮਾਜ ਸੁਧਾਰਕਾਂ ਨੇ ਘੱਟ ਉਮਰ ਦੀਆਂ ਲੜਕੀਆਂ ਦੀ ਸ਼ਾਦੀ ਅਤੇ ਬਿਨਾ ਪਤਨੀ ਦੀ ਮਰਜ਼ੀ ਦੇ ਪਤੀ ਦੁਆਰਾ ਕੀਤੀ ਜਾਣ ਵਾਲੀ ਜ਼ਬਰਦਸਤੀ ਨੂੰ ਰੋਕਣ ਵਾਸਤੇ ਕਾਨੂੰਨਾਂ ਦੀ ਮੰਗ ਕੀਤੀ, ਤਾਂ ਅੰਗਰੇਜ਼ ਸਰਕਾਰ ਨੇ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਉਹ ਲੋਕਾਂ ਦੀਆਂ ਸਥਾਨਕ/ ਧਾਰਮਿਕ ਪਰੰਪਰਾਵਾਂ ਵਿਚ ਦਖਲ ਨਹੀਂ ਦੇ ਸਕਦੇ। ਇਸ ਤਰ੍ਹਾਂ, ਵਿਰੋਧ ਦੇ ਬਾਵਜੂਦ, ਬਹੁਤ ਹੀ ਘਿਨਾਉਣੀ ਕਿਸਮ ਦੀ ਘਰੇਲੂ ਹਿੰਸਾ ਨੂੰ ਕਾਨੂੰਨੀ ਅਤੇ ਸਮਾਜਕ ਮਾਨਤਾ ਮਿਲਦੀ ਰਹੀ। ਮਰਦਾਂ ਦੀ ਮਰਦਾਨਗੀ, ਰੁਤਬਾ ਅਤੇ ਸਵੈ ਮਾਣ ਘਰ ਵਿਚ ਔਰਤਾਂ ਦੀ ਦੇਹ ਉਪਰ ਉਹਨਾ ਦੇ ਕੰਟਰੋਲ ਰਾਹੀਂ ਹੀ ਪ੍ਰੀਭਾਸ਼ਿਤ ਹੋਣ ਲੱਗੇ। ਉਹ ਨਹੀਂ ਸਨ ਚਾਹੁੰਦੇ ਕਿ ਸਰਕਾਰ ਜਾਂ ਕੋਈ ਵੀ ਉਹਨਾ ਦੀ ਘਰੇਲੂ ਸਲਤਨਤ ਵਿਚ ਕੋਈ ਦਖਲਅੰਦਾਜ਼ੀ ਕਰੇ। ਨਵੇਂ ਕਾਨੂੰਨਾ ਦੇ ਬਾਵਜੂਦ ਇਹ ਮਾਨਸਿਕਤਾ ਹਾਲੇ ਵੀ ਉਸੇ ਤਰ੍ਹਾਂ ਬਣੀ ਹੋਈ ਹੈ।ਇਸ ਸਥਿਤੀ/ ਮਾਨਸਿਕਤਾ ਕਾਰਨ ਭਾਰਤ ਦੋ ਭਾਗਾਂ ਵਿਚ ਵੰਡਿਆ ਗਿਆ: ਪਬਲਿਕ ਖੇਤਰ ਅਤੇ ਪਰਾਈਵੇਟ ਖੇਤਰ। ਪਬਲਿਕ ਖੇਤਰ ਵਿਚ ਸਰਕਾਰ ਦੀ ਹਕੂਮਤ ਚੱਲਦੀ ਹੈ ਅਤੇ ਪਰਾਈਵੇਟ ਖੇਤਰ ਵਿਚ ਸਾਡੀ ਮਰਦਾਂ ਦੀ।
ਇਕ ਗੱਲ ਹੋਰ ਵੀ ਵਾਪਰੀ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਗੁਨਾਹ ਦਾ ਉਹ ਅਹਿਸਾਸ, ਜੋ ਸਾਨੂੰ ਧੀਆਂ ਦੇ ਕਤਲ ਤੋਂ ਵਰਜਦਾ ਸੀ, ਆਧੁਨਿਕ ਡਾਕਟਰੀ ਤਕਨੀਕਾ ਦੇ ਆਉਣ ਨਾਲ ਉਹ ਵੀ ਖਤਮ ਹੋ ਗਿਆ। ਰਹਿਤਨਾਮਿਆਂ ਨੇ ਤਾਂ ਸਾਨੂੰ ਧੀਆਂ ਦੇ ਕਤਲ ਦੀ ਮਨਾਹੀ ਕੀਤੀ ਸੀ। ਭਰੂਣ ਹੱਤਿਆ ਧੀਅ ਦੇ ਜਨਮ ਤੋਂ ਪਹਿਲਾਂ ਦੀ ਕਹਾਣੀ ਹੈ। ਗਰਭਪਾਤ ਦੇ ਲੀਗਲ ਹੋ ਜਾਣ ਬਾਅਦ ਤਾਂ ਭਰੂਣ ਹੱਤਿਆ ਸਾਨੂੰ ਕਾਨੂੰਨੀ ਗੁਨਾਹ ਦੇ ਘੇਰੇ ਵਿਚਂ ਵੀ ਬਾਹਰ ਕੱਢ ਦਿੰਦੀ ਹੈ। ਇਸੇ ਲਈ ਭਰੂਣ ਹੱਤਿਆ ਬਾਰੇ ਅਜਮੇਰ ਔਲਖ ਦੇ ਨਾਟਕ ‘ਕਾਲਖ ਹਨੇਰੇ’ ਵਿਚ ਜਗਸੀਰ ਆਪਣੀ ਪਤਨੀ ਬਲਦੀਪ ਨੂੰ ਅਬੌਰਸ਼ਨ ਲਈ ਤਿਆਰ ਕਰਨ ਲਈੇ ਆਖਦਾ ਹੈ: ” ਤਿੰਨ ਮਹੀਨਿਆਂ ਦੇ ਮਾਸ ਦੇ ਚੀਥੜੇ ਦੀ ਸਫਾਈ ਕਰਵਾਉਣ ਨੂੰ ਕਤਲ ਆਖਦੀ ਏਂ ਤੂੰ?” ਪਰ ਹੁਣ ਤਾਂ ਇਸ ‘ਸਫਾਈ’ ਦੀ ਵੀ ਲੋੜ ਨਹੀਂ ਰਹੀ। ਸੁਆਲ ਹੈ ਕਿ ਜੇ ਇਸ ‘ਮਾਸ ਦੇ ਚੀਥੜੇ’ ਨੂੰ ਵੀ ਮਾਰਨ ਦੀ ਲੋੜ ਨਾ ਪਵੇ। ਇਸ ‘ਚੀਥੜੇ’ ਦੀ ਸਫਾਈ ਕਰਵਾਉਣ ਤੋਂ ਬਿਨਾ ਹੀ ਧੀਅ ਦੇ ਜੰਮਣ ਉਪਰ ਰੋਕ ਲਗਾ ਦਿੱਤੀ ਜਾਵੇ? ਹੁਣ ਇਹ ਸੰਭਵ ਹੈ। ਸੰਭਵ ਹੀ ਨਹੀਂ, ਲੁਧਿਆਣੇ ਦੇ ‘ਇਕਬਾਲ ਨਰਸਿੰਗ ਹੋਮ’ ਵਿਚ ਇਹ ਹੋ ਵੀ ਰਿਹਾ ਹੈ। ਓਥੇ ਪਿਤਾ ਦੇ ‘ਵਾਈ ਕਰੋਮੋਸੋਮ’ ਅਲੱਗ ਕਰਕੇ, ਕੇਵਲ ਉਹਨਾ ਨਾਲ ਹੀ ਮਾਂ ਦਾ ਗਰਭ ਧਾਰਨ ਕਰਵਾਇਆ ਜਾਂਦਾ ਹੈ, ਤਾਂ ਜੋ ਲੜਕਾ ਹੀ ਪੈਦਾ ਹੋਵੇ। ਇਹ ਤਕਨੀਕ ਹੁਣ ਆਮ ਪ੍ਰਚੱਲਤ ਹੋ ਰਹੀ ਹੈ। ਕਤਲ ਦੀ ਗੱਲ ਤਾਂ ਦੂਰ ਰਹੀ, ਹੁਣ ਤਾਂ ਕੁੜੀ ਨੂੰ ਜਨਮ ਲੈਣ ਤੋਂ ਰੋਕਣ ਦੀ ਵੀ ਜ਼ਰੂਰਤ ਨਹੀਂ ਰਹੀ। ਤੁਹਾਨੂੰ ਲੜਕੇ ਦੀ ਜ਼ਰੂਰਤ ਹੈ, ਤੁਸੀਂ ਲੜਕਾ ਪੈਦਾ ਕਰ ਲਿਆ। ਤੁਸੀਂ ਕਾਨੂੰਨੀ ਅੜਿਛਣ ਅਤੇ ਕਤਲ ਦੇ ਗੁਨਾਹ, ਦੋਨਾ ਤੋਂ ਬਚ ਗਏ।
ਇਸ ਸਥਿਤੀ ਵਿਚ, ਜਦੋਂ ਕਿ ਕਾਨੂੰਨ ਅਤੇ ਕਤਲ ਦੇ ਗੁਨਾਹ ਦਾ ਅਹਿਸਾਸ, ਦੋਨਾ ਵਿਚੋਂ ਕੋਈ ਵੀ ਤੁਹਾਡੇ ਰਸਤੇ ਵਿਚ ਨਹੀਂ ਆਉਂਦਾ, ਤਾਂ ਲਿੰਗੀ ਚੋਣ ਅਤੇ ਲਿੰਗੀ ਪੱਖਪਾਤ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਦਾ ਜੁਆਬ ਅਜਮੇਰ ਰੋਡੇ ਦੇ ਨਾਟਕ ‘ਨਿਰਲੱਜ’ ਦੀ ਨਾਇਕਾ ਸ਼ੰਮੀ ਵਰਗੀਆਂ ਰੂਹਾਂ ਦੁਆਰਾ ਸ਼ੁਰੂ ਕੀਤੀਆਂ ਮੂਵਮੈਂਟਾਂ ਵਿਚ ਸ਼ਾਮਲ ਹੋ ਕੇ ਅਜੇਹੀਆਂ ਕਥਾ ਕਹਾਣੀਆਂ ਅਤੇ ਸੋਚਾਂ ਪੈਦਾ ਕਰਨਾ ਹੈ ਜੋ ਸਾਡੀ ਮਾਨਸਿਕਤਾ ਨੂੰ ਹੀ ਤਬਦੀਲ ਕਰ ਦੇਣ। ਅਜੇਹੀ ਮਾਨਸਿਕਤਾ ਦਾ ਨਿਰਮਾਣ ਕੇਵਲ ਲੜਕੀਆਂ ਦੇ ਬਚਾਉ ਲਈ ਹੀ ਨਹੀਂ, ਮਾਨਵ ਜਾਤੀ ਦੇ ਬਚਾਉ ਲਈ ਵੀ ਜ਼ਰੂਰੀ ਹੈ, ਕਿਉਂਕਿ ਇਨਸਰੂਮੈਂਟਲ ਲਾਜਿਕ, ਪ੍ਰਤੀਯੋਗ, ਹਿੰਸਾ ਅਤੇ ਪੈਦਾਵਾਰ ਅਤੇ ਖਪਤ ਵਿਚ ਨਿਰੰਤਰ ਵਾਧੇ ਦੀਆਂ ਮਰਦਾਨਵੀ ਕਦਰਾਂ ਕੀਮਤਾਂ ਨੇ ਸਾਨੂੰ ਜਿਸ ਵਿਨਾਸ਼ ਦੇ ਰਾਹ ਉਪਰ ਤੋਰ ਦਿੱਤਾ ਹੈ, ਉਸ ਨੂੰ ਕੇਵਲ ਸੁਹਜ, ਸੁੰਦਰਤਾ, ਸਹਿਯੋਗ, ਮੰਮਤਾ ਅਤੇ ਮੁਹੱਬਤ ਵਰਗੀਆਂ ਨਾਰੀਵਾਦੀ ਕਦਰਾਂ ਕੀਮਤਾਂ ਹੀ ਖੂਬਸੂਰਤ ਮੋੜ ਦੇ ਸਕਦੀਆਂ ਹਨ।

Friday, December 4, 2009

ਨਕਸਲੀ ਲਹਿਰ ਤੇ ਹਿੰਸਾ ਦੀ ਮਾਨਸਿਕਤਾ –ਬਲਰਾਮ

ਹਿੰਸਾ ਦੀ ਜ਼ਬਾਨ ਸੰਵਾਦ ਲਈ ਕੋਈ ਸਪੇਸ ਨਹੀਂ ਛੱਡਦੀ

ਬਲਰਾਮ

ਨਕਸਲੀ ਲਹਿਰ ਹੁਣ ਫੇਰ ਚਰਚਾ ਵਿਚ ਹੈ.ਕੁਦਰਤੀ ਤੌਰ ਤੇ ਜਿਥੇ ਲੋਹੜੇ ਦੇ ਗਰੀਬੀ,ਲਾਚਾਰੀ ਅਤੇ ਲੁਟ ਦਾ ਮਾਹੌਲ ਹੋਵੇਗਾ ਉਥੇ ਵਿਦਰੋਹ ਤਾਂ ਪਨਪਣਾ ਹੀ ਹੁੰਦਾ ਹੈ.ਪਰ ਮਸਲਾ ਤਾਂ ਉਦੋਂ ਖੜਾ ਹੁੰਦਾ ਹੈ ਜਦੋਂ ਵਿਦਰੋਹ ਦੀ ਹਰ ਆਵਾਜ਼ ਆਪਣੇ ਆਪ ਨੂੰ ਇਲਹਾਮੀ ਸਮਝ ਬੈਠਦੀ ਹੈ.ਹਰ ਕੋਈ ਸਮਝਦਾ ਹੈ ਕੀ ਸਚ ਦੀ ਇਜਾਰੇਦਾਰੀ ਤਾਂ ਉਸ ਕੋਲ ਹੈ ਤੇ ਬਾਕੀ ਸਭ ਕੁਫਰ.ਸਚ ਦੇ ਅਜਿਹੇ ਅਲਮਬਰਦਾਰਾਂ ਅਨੁਸਾਰ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਹੀ ਨਹੀਂ ;ਜੋ ਦੋਸਤ ਨਹੀਂ ਉਹ ਸਿਰਫ ਦੁਸਮਣ ਹੀ ਹੋ ਸਕਦਾ ਹੈ. ਅਤੇ ਸਾਡਾ ਦੁਸਮਣ ਸਚ ਦਾ ਦੁਸਮਣ ਹੈ.ਸੋ ਉਸ ਨੂੰ ਖਤਮ ਕਰਨਾ ਹੱਕ ਨਹੀਂ ਸਗੋਂ ਫਰਜ਼ ਹੈ.

ਇਹ ਇੱਕ ਅਜਿਹੀ ਮਾਨਸਿਕਤਾ ਹੈ ਜੋ ਜਿੰਦਗੀ ਨੂੰ ਘਮਾਸਾਨ ਬਣਾ ਛੱਡਦੀ ਹੈ,ਹਮੇਸ਼ਾ ਬਲਦਾ ਰਹਿਣ ਵਾਲਾ ਸ਼ਮਸ਼ਾਨ.ਇਹ ਸੰਵਾਦ ਦੇ ਸਾਰੇ ਰਾਹ ਪਹਿਲਾਂ ਹੀ ਬੰਦ ਕਰ ਲੈਂਦੀ ਹੈ,ਕਿਓਂਕਿ ਸਚ ਤੇ ਝੂਠ ਵਿਚਾਲੇ ਕੇਹਾ ਸੰਵਾਦ?ਇਸ ਤਥ ਦੀ ਸਚਾਈ ਨੂੰ ਪਿਛਲੇ ਪੱਚੀ -ਛੱਬੀ ਵਰਿਆਂ ਵਿੱਚ ਮੈਂ ਆਪਣੇ ਅੰਦਰ ਬਾਹਰ ਕਈ ਵਾਰ ਤਕਿਆ ਹੈ.ਨਕਸਲੀ,ਖਾਲਿਸਤਾਨੀ ਹਿੰਦੂਤਵਵਾਦੀ ਜਾਂ ਜਿਹਾਦੀ ਸਭ ਦਾ ਮਾਨਸਿਕ ਧਰਾਤਲ ਤਾਂ ਇਹੋ ਹੀ ਹੈ.ਉਪਰਲੇ ਵਖਰੇਵਿਆਂ ਦੇ ਬਾਵਜੂਦ ਉਹਨਾਂ ਦੀਆਂ ਜੜਾਂ ਸਾਂਝੀਆਂ ਹਨ.ਅਜਿਹੀ ਵਿਚਾਰਧਾਰਾ ਸੱਜੀ ਹੋਵੇ ਜਾਂ ਖੱਬੀ ਸੰਵਾਦ ਦੇ ਰਾਹ ਨਹੀਂ ਖਲੋਂਦੀ ਸਗੋਂ ਕੰਧਾਂ ਹੀ ਖੜੀਆਂ ਕਰਦੀ ਹੈ.

ਕਿਸੇ ਦੂਸਰੇ ਨੂੰ ਆਪਣੇ ਨਾਲ ਸਹਿਮਤ ਕਰ ਲੈਣ ਦਾ ਸੁਆਦ ਕਿਸੇ ਜੰਗ ਜਿੱਤਣ ਨਾਲੋਂ ਘੱਟ ਨਹੀਂ ਹੁੰਦਾ.ਪਰ ਦੂਜਿਆਂ ਨੂੰ ਆਪਣੀ ਗੱਲ ਨਾ ਮਨਾ ਪਾਉਣ ਦਾ ਦੁੱਖ ਵੀ ਬਹੁਤ ਤਿੱਖਾ ਹੁੰਦਾ ਹੈ ਜੋ ਸਾਡੇ ਅੰਦਰ ਨੂੰ ਕੁੜੱਤਣ ਨਾਲ ਭਰ ਦਿੰਦਾ ਹੈ ਤੇ ਫਿਰ ਅਸੀਂ ਜਾਣੇ ਅਨਜਾਣੇ ਉਹ ਕੁੜੱਤਣ ਹੀ ਵੰਡਦੇ ਹਾਂ ਕਦੇ ਕਿਸੇ ਭੇਸ ਵਿੱਚ ਕਦੇ ਕਿਸੇ ਨਾਂ ਤੇ.ਅਤੇ ਇਸ ਚਕਰ ਵਿੱਚ ਉਹ ਸਾਰੇ ਮਸਲੇ ਗਰੀਬੀ ਲੁੱਟ,ਨਾਇਨਸਾਫੀ ਸਭ ਪਿਛੋਕੜ ਵਿੱਚ ਚਲੇ ਜਾਂਦੇ ਹਨ ਅਤੇ ਆਪਣੀ ਖੁਦੀ ਨੂੰ ਸਿਕੰਦਰ ਬਣਾਉਣ ਦੀ ਜਿੱਦ,ਆਪਣਾ ਸਿੱਕਾ ਚਲਾਉਣ ਦੀ ਅੜੀ ਭਾਰੂ ਹੋ ਜਾਂਦੀ ਹੈ.ਇਹ ਮੇਰੇ ਆਪਣੇ ਅਹਿਸਾਸ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰ ਬਾਹਰ ਦੋਹੀਂ ਪਾਸੀਂ ਦੇਖਦਾ ਹਾਂ.

ਜੀਵਨ ਦਾ ਦੁਪਹਿਰਾ ਖਿਸਕ ਚੁੱਕਾ ਹੈ.ਮੈਂ ਢਲਾਨ ਵਾਲੇ ਪਾਸੇ ਤਿਲਕ ਗਿਆ ਹਾਂ.ਜਵਾਨੀ ਪਹਿਰੇ ਮੇਰਾ ਰਿਸਤਾ ਵੀ ਨਕਸਲੀਆਂ ਦੇ ਇੱਕ ਗੁੱਟ ਨਾਲ ਬਣਿਆ ਸੀ.ਦਿਲ ਅੰਦਰ ਦੁਨੀਆਂ ਬਦਲ ਕੇ ਰੱਖ ਦੇਣ ਦਾ ਜੋਸ਼ ਸੀ.ਪਰ ਉਹ ਦੌਰ ਖਾਲਿਸਤਾਨੀ ਹਿੰਸਾ ਦਾ ਸੀ.ਵਿੱਚ ਵਿਚਾਲੇ ਦਾ ਰਾਹ ਉਹਨਾ ਲਈ ਵੀ ਕੋਈ ਨਹੀਂ ਸੀ.ਜੋ ਉਹਨਾ ਨਾਲ ਨਹੀਂ ਸੀ ਫਿਰ ਚਾਹੇ ਉਹ ਕੋਈ ਵੀ ਸੀ ਉਸ ਨੂੰ ਸਾਫ਼ ਕਰਨ ਵਿੱਚ ਉਹਨਾ ਕਦੇ ਕੋਈ ਝਿਜਕ ਨਹੀਂ ਦਿਖਾਈ.ਕਿੰਨੇ ਹੀ ਅਨਦਾਹੜੀਏ ਮੁੰਡਿਆਂ ਨੂੰ ਭਿੰਡਰਾਵਾਲੇ ਦੇ ਨਾਹਰੇ ਲਾਉਂਦੇ ਹੋਏ ਕਾਲਜ ਨੂੰ ਜਾਂਦੀ ਸੜਕ ਉੱਤੇ ਜਾਂਦਿਆਂ ਮੈਂ ਅੱਜ ਵੀ ਖਿਆਲਾਂ ਵਿੱਚ ਦੇਖ ਸਕਦਾ ਹਾਂ .ਉਹਨਾਂ ਵਿੱਚੋਂ ਬਹੁਤਿਆਂ ਦਾ ਫੇਰ ਕਦੇ ਕੁਝ ਪਤਾ ਨਹੀਂ ਲੱਗਾ.ਇਸ ਦੌਰ ਵਿੱਚ ਸਿਰਫ ਗੁਰੂ ਘਰ ਹੀ ਕਿਲਿਆਂ ਤੇ ਕਤਲਗਾਹਾਂ ਵਿੱਚ ਨਹੀਂ ਬਦਲੇ ਸਗੋਂ ਮਨਾ ਅੰਦਰ ਵੀ ਕਿਲੇਬੰਦੀ ਹੋ ਗਈ ਸੀ.ਗੋਲੀ ਸੰਵਾਦ ਲਈ ਸਪੇਸ ਨਹੀਂ ਛਡਦੀ.ਡਰ,ਸ਼ੰਕਾ ਤੇ ਨਫਰਤ ਦੇ ਭਾਰ ਹੇਠ ਦੋਸਤੀਆਂ ਤਿੜਕ ਗਈਆਂ.

ਇਹ ਗੱਲ ਨਹੀਂ ਕੀ ਹਿੰਸਾ ਲਈ ਤਰਕ ਸਿਰਫ ਨਕਸਲੀਆਂ ਕੋਲ ਹੀ ਹਨ.ਖਾਲਿਸਤਾਨੀਆਂ ਕੋਲ ਆਪਣਾ ਖਜਾਨਾ ਹੈ.ਪਾਣੀਆਂ ਇਲਾਕਿਆਂ ਦੇ ਰੌਲੇ,ਭਜਨ ਲਾਲ ਦੀਆਂ ਧੱਕੇਸ਼ਾਹੀਆਂ ਤੇ ਫਿਰ ਦਿੱਲੀ ਦਾ ਕਤਲਾਮ.

ਗੁਰਮੀਤ ਸਿੰਘ ਦਾ ਦਗਦਾ ਹੋਇਆ ਚਿਹਰਾ ਹੁਣ ਵੀ ਮੇਰੇ ਸਾਹਮਣੇ ਹੈ.ਉਹ ਬਾਂਹ ਉਲਾਰੀ ਖੜਾ ਸੀ,

“ਬਹੁਤ ਖੇਡ ਲਈ ਤੁਸੀਂ ਸਾਡੇ ਨਾਲ ਹੋਲੀ …”

ਮੈਂ ਸੁੰਨ ਹੋ ਗਿਆ ਸੀ.ਇਹ ਚੁਰਾਸੀ ਤੋਂ ਬਾਅਦ ਪਹਿਲੀ ਹੋਲੀ ਸੀ.ਮੇਰੇ ਦੋਸਤ ਗੁਰਮੀਤ ਲਈ ਮੈਂ ਦੋਸਤ ਨਾ ਹੋ ਕੇ ਬੇਗਾਨਾ ਹੋ ਗਿਆ ਸੀ.ਉਸ ਲਈ ਮੈਂ ਹੁਣ ਸਿਰਫ ਹਿੰਦੂ ਰਹਿ ਗਿਆ ਸੀ ਤੇ ਉਹ ਸਿਰਫ ਸਿੱਖ —.ਵਿੱਚ ਵਿਚਾਲੇ ਕੁਝ ਨਹੀਂ ਸੀ, ਕੋਈ ਸੰਵਾਦ ਨਹੀਂ.

ਫੇਰ ਇਹੋ ਗੱਲ ਮੈਂ ਉਦੋਂ ਦੇਖੀ ਜਦੋਂ ਸ਼ਹਿਰ(ਕਪੂਰਥਲਾ) ਦੇ ਮੰਦਰਾਂ ਵਿਚੋਂ ਮੁਸਲਮਾਨਾ ਦੇ ਕਤਲਾਮ ਦੀ ਦੁਹਾਈ ਦਿੱਤੀ ਜਾ ਰਹੀ ਸੀ.ਛੋਟੇ ਛੋਟੇ ਜੁਆਕ ਜਿਹਨਾ ਨੇ ਕੋਈ ਮੁਸਲਮਾਨ ਸ਼ਾਇਦ ਕਿਸੇ ਫਿਲਮ ਵਿੱਚ ਹੀ ਵੇਖਿਆ ਹੋਵੇਗਾ ਉਹ ‘ਬਾਬਰੀ ਸੰਤਾਨਾ’ ਵਿਰੁਧ ਧਰਮ ਯੁਧ ਲਈ ਤਿਆਰ ਹੋ ਰਹੇ ਸਨ.ਇਸ ਲਈ ਉਹ ਖੁਦ ਮਰ ਮਿਟਣ ਨੂੰ,ਘਰ ਬਾਰ ਛੱਡਣ ਨੂੰ ਵੀ ਤਿਆਰ ਸਨ.ਇਹਨਾ ਮੰਦਰਾਂ ਵਿੱਚੋਂ ਇੱਕ ਮੰਦਰ ਉਹ ਵੀ ਸੀ ਜੋ ਇੱਕ ਤਰਾਂ ਮੇਰਾ ਦੂਜਾ ਘਰ ਹੀ ਸੀ.ਮੇਰੇ ਪਿਤਾ ਜੀ ਉੱਥੇ ਪੁਜਾਰੀ ਹੁੰਦੇ ਸਨ.ਇਸ ਲਈ ਉਸ ਮੰਦਰ ਨਾਲ ਮੇਰਾ ਸੰਬੰਧ ਬਚਪਨ ਤੋਂ ਹੀ ਸੀ.ਪਰ ਹੁਣ ਮੈਂ ਉੱਥੇ ਬਿਲਕੁਲ ਅਜਨਬੀ ਸੀ.ਭਾਵੇਂ ਮੈਂ ਮੁਸਲਮਾਨ ਨਹੀਂ ਸਾਂ ਪਰ ਉਹਨਾ ਕੱਟੜ ਹਿੰਦੂਵਾਦੀਆਂ ਦਾ ਵਿਰੋਧੀ ਸਾਂ–ਮਤਲਬ ਵੈਰੀ.ਸੰਵਾਦ ਦੀ ਜਗਾਹ ਉੱਥੇ ਵੀ ਕੋਈ ਨਹੀਂ ਸੀ.

ਹੁਣ ਸਵਾਲ ਇਹ ਉਠਦਾ ਹੈ ਕੀ ਕੀ ਖੱਬੀ ਧਿਰ ਵੱਲੋਂ ਕੀਤੀ ਜਾ ਰਹੀ ਹਿੰਸਾ ਜਾਂ ਮਜਦੂਰ ਜਮਾਤ,ਸੋਸ਼ਿਤ ਵਰਗ ਅਤੇ ਕਬਾਇਲੀਆਂ ਦੇ ਨਾਂ ਤੇ ਪੇਸ਼ ਕੀਤਾ ਗਿਆ ਸਚ ਦੀ ਇਜਾਰੇਦਾਰੀ ਦਾ ਦਾਹਵਾ ਮੂਲ ਸੁਭਾ ਪਖੋਂ ਵਖਰਾ ਹੈ.ਘੱਟੋ ਘੱਟ ਮੈਨੂੰ ਤਾਂ ਅਜਿਹਾ ਵਖਰਾਪਨ ਨਜਰ ਨਹੀਂ ਆਉਂਦਾ.ਕੋਈ ਵੀ ਵਿਚਾਰਧਾਰਾ ਉਸ ਦੇ ਉਦੇਸ਼ ਭਾਵੇਂ ਕਿੰਨੇ ਵੀ ਪਵਿਤਰ ਕਿਓਂ ਨਾ ਹੋਣ ਜੇ ਉਹ ਆਪਣੇ ਅਤੇ ਵਿਰੋਧੀ ਦੇ ਵਿਚਕਾਰ ਕਿਸੇ ਵੀ ਹੋਰ ਵਜੂਦ ਨੂੰ ਰੱਦ ਕਰਦੀ ਹੈ ਤਾਂ ਉਹ ਜੀਵਨ ਨੂੰ ਰੱਦ ਕਰਦੀ ਹੈ.ਕਿਓੰਜੋ ਜੀਵਨ ਹਮੇਸ਼ਾ ਇਸੇ ਮਧ ਮਾਰਗ ਤੇ ਚਲਦਾ ਹੈ.ਇਹ ਸੰਵਾਦ ਦਾ ਰਾਹ ਹੈ.ਪਰ ਸੰਵਾਦ ਦੀ ਲੋੜ ਤਾਂ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਆਪਣੇ ਅਧੂਰੇਪਣ ਦਾ ਅਹਿਸਾਸ ਤੇ ਉਹ ਵੀ ਬਿਨਾ ਕਿਸੇ ਹੀਣ ਭਾਵਨਾ ਤੋਂ ਪੂਰੀ ਸਿੱਦਤ ਨਾਲ ਹੋ ਰਿਹਾ ਹੋਵੇ.ਇਸ ਅਹਿਸਾਸ ਦੀ ਗੈਰਹਾਜਰੀ ਵਿੱਚ ਕੋਈ ਸੰਵਾਦ ਸੰਭਵ ਨਹੀਂ ਹੋ ਸਕਦਾ,ਸਿਰਫ ਬਹਿਸਾਂ ਹੋ ਸਕਦੀਆਂ ਹਨ.ਤੇ ਇਹ ਬਹਿਸਾਂ ਉਦੋਂ ਬੇਹੱਦ ਖਤਰਨਾਕ ਰੂਪ ਧਾਰ ਲੈਂਦੀਆਂ ਹਨ ਜਦੋਂ ਇਹ ਬੰਦੂਕ ਦੀ ਗੋਲੀ ਦੀ ਭਾਸ਼ਾ ਵਿੱਚ ਗੱਲਾਂ ਕਰਨ ਲਗ ਜਾਂਦੀਆਂ ਹਨ.ਮੈਨੂੰ ਤਾਂ ਇੰਜ ਲਗਦਾ ਹੈ ਜੋ ਲੋਕ ਜਾਣੇ ਅਨਜਾਣੇ ਵਿੱਚ ਵਿਚਾਲੇ ਦੇ ਸਾਰੇ ਰਾਹਾਂ ਤੋਂ ਮੁਨਕਰ ਹੋ ਜਾਂਦੇ ਹਨ ਉਹ ਦੇਰ ਸਵੇਰ ਉਸ ਮੋੜ ਤੇ ਪਹੁੰਚ ਜਾਂਦੇ ਹਨ ਜਿਥੋਂ ਸਾਰੇ ਰਾਹ ਤਾਨਾਸ਼ਾਹੀ ਵੱਲ ਜਾਂਦੇ ਹਨ-ਜਿੱਥੇ ਨਾ ਤਾਂ ਵਿਰੋਧ ਲਈ ਕੋਈ ਜਗਾਹ ਰਹਿੰਦੀ ਹੈ ਨਾ ਹੀ ਮਤਭੇਦ ਲਈ.ਅਜਿਹੀ ਜਗਾਹ ਦਾ ਤਸਵਰ ਵੀ ਘੁੱਟਣ ਭਰਿਆ ਹੈ.ਇਹ ਜੀਵਨ ਦੇ ਸੁਭਾ ਦੇ ਉਲਟ ਹੈ.ਸ਼ੁਕਰ ਹੈ ਅਜਿਹੀ ਕੋਈ ਜਗਾਹ ਨਹੀਂ ਜਿਥੇ ਵਿੱਚ ਵਿਚਾਲੇ ਦਾ ਕੋਈ ਰਾਹ ਨਾ ਹੋਵੇ–ਸੰਵਾਦ ਲਈ ਕੋਈ ਸਪੇਸ ਨਾਹੋਵੇ.

Saturday, November 21, 2009

ਗਾਂਧੀਵਾਦ ਅੱਜ ਦੇ ਸਮੇਂ ਵਿਚ – ਮੋਹਿਤ ਸੇਨ


ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਮਹਾਤਮਾ ਗਾਂਧੀ ਬੰਗਾਲ ਵਿਚ ਸਨ ਤਾਂ ਉਹਨਾਂ ਨੇ ਬੰਗਾਲੀ ਲਿਪੀ ਸਿੱਖਣ ਦਾ ਫ਼ੈਸਲਾ ਕੀਤਾ ਸੀ। ਇਥੇ ਇਹ ਜ਼ਿਕਰ ਕਰਨਾ ਮੁਨਾਸਿਬ ਹੀ ਹੋਵੇਗਾ ਕਿ ਗੁਜਰਾਤ ਦੇ ਜੰਮਪਲ ਹੁੰਦਿਆਂ ਹੋਇਆਂ ਵੀ ਮਹਾਤਮਾ ਗਾਂਧੀ ਨੇ ਨਾ ਸਿਰਫ਼ ਹਿੰਦੀ ਤੇ ਉਰਦੂ ਸਗੋਂ ਤਾਮਿਲ, ਤੇਲਗੂ ਮਲਿਆਲਮ ਤੇ ਬੰਗਾਲੀ ਵੀ ਪੜ੍ਹਨੀ ਤੇ ਲਿਖਣੀ ਸਿੱਖੀ। ਇਹ ਐਵੇਂ ਉਸਦਾ ਲੱਲ੍ਹ ਨਹੀਂ ਸੀ ਸਗੋਂ ਉਸਦੀ ਸੋਚ ਤੇ ਸਰਗਰਮੀ ਦਾ ਇਕ ਅਹਿਮ ਪੱਖ ਸੀ, ਜਿਸਦਾ ਹੋਰ ਵੇਰਵਾ ਅੱਗੋਂ ਆਏਗਾ। ਉਸ ਸਮੇਂ ਇਕ ਬੰਗਾਲੀ ਨੇ ਉਹਨਾਂ ਤੋਂ ਹੋਰਨਾਂ ਬੰਗਾਲੀਆਂ ਦੇ ਨਾਂਅ ਕਿਸੇ ਸੁਨੇਹੇ ਦੀ ਮੰਗ ਕੀਤੀ ਸੀ।
ਉਸ ਦਿਨ ਗਾਂਧੀ ਜੀ ਨੇ ਮੋਨ ਵਰਤ ਰੱਖਿਆ ਹੋਇਆ ਸੀ ਜਿਹੜਾ ਉਹ ਸਵੈ-ਕਾਬੂ ਦੇ ਅਭਿਆਸ ਵਜੋਂ ਹਫ਼ਤੇ ਦੇ ਹਫ਼ਤੇ ਇਕ ਦਿਨ ਲਈ ਰੱਖਦੇ ਸਨ। ਉਹਨਾਂ ਆਪਣਾ ਸੁਨੇਹਾ ਨਵੀਂ ਸਿੱਖੀ ਲਿਪੀ ਵਿਚ ਲਿਖਿਆ ਸੀ। ਸਨੇਹਾ ਸੀ, “ਜੀਵਾਨੀ ਅਮਾਰ ਬਾਨੀ।” ਮੇਰਾ ਜੀਵਨ ਹੀ ਮੇਰਾ ਸੁਨੇਹਾ ਹੈ।
ਇਹ ਸੁਨੇਹਾ ਮਹਾਤਮਾ ਗਾਂਧੀ ਦਾ ਜੀਵਨ ਭਰ ਦਾ ਸੱਚ ਸੀ। ਉਹਨਾਂ ਦੀ ਮੌਤ ਤੋਂ ਪਿਛੋਂ ਵੀ ਇਹ ਓਨਾ ਹੀ ਸੱਚ ਹੈ। ਉਸ ਦੀ ਜ਼ਿੰਦਗੀ ਹੀ ਉਸ ਦੀ ਅਮਰ ਕਹਾਣੀ ਹੈ। ਇਸ ਵਿਚ ਕੋਈ ਪਾਸਕੂ ਨਹੀਂ, ਨਾ ਘੱਟ, ਨਾ ਹੀ ਵੱਧ। ਉਸ ਦੀ ਜ਼ਿੰਦਗੀ ਤੇ ਉਸਦੇ ਕੰਮ ਅਜਿਹੇ ਹਨ ਕਿ ਉਹਨਾਂ ਦਾ ਨਾਂਅ ਹਮੇਸ਼ਾ ਮਹਾਨ ਹਸਤੀ ਵਜੋਂ ਅਤੇ ਇਤਹਾਸ ਦੇ ਸਿਰਜਕ ਵਜੋਂ ਕਾਇਮ ਰਹੇਗਾ। ਉਸ ਦੀਆਂ ਪ੍ਰਾਪਤੀਆਂ ਐਨੀਆਂ ਠੋਸ ਹਨ ਕਿ ਉਹ ਆਪ ਹੀ ਆਪਣੀ ਪਰਿਭਾਸ਼ਾ ਹਨ। ਟੈਗੋਰ ਨੇ ਨਹਿਰੂ ਦੀ ਸਵੈ-ਜੀਵਨੀ ਪੜ੍ਹਕੇ ਉਸਨੂੰ ਪ੍ਰਣਾਮ ਕੀਤਾ ਸੀ- ਓਨਾ ਕਿਤਾਬ ਲਈ ਨਹੀਂ ਜਿੰਨਾ ਇਕ ਅਜਿਹੇ ਵਿਅਕਤੀ ਦੀ ਝਲਕ ਦਿਖਾਉਣ ਲਈ “ਜਿਹੜਾ ਆਪਣੇ ਹੀ ਕਾਰਨਾਮਿਆਂ ਨਾਲੋਂ ਵੱਧ ਮਹਾਨ ਅਤੇ ਆਪਣੇ ਚੁਗਿਰਦੇ ਨਾਲੋਂ ਵੱਧ ਸੱਚਾ ਹੈ।” ਗਾਂਧੀ ਜੀ ਬਾਰੇ ਸ਼ਇਦ ਅਜਿਹਾ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਕਾਰਨਾਮਿਆਂ ਦਾ ਸਰੂਪ ਆਪ ਹੀ ਸਨ ਅਤੇ ਆਪਣੇ ਚੁਗਿਰਦੇ ਨੂੰ, ਉਸਦੀਆਂ ਸਾਰੀਆਂ ਵਿਰੋਧਤਾਈਆਂ ਸਮੇਤ, ਆਪ ਹੀ ਸਾਖਿਆਤ ਕਰਦੇ ਸਨ।
ਮਹਾਤਮਾ ਗਾਂਧੀ ਆਪਣੀਆਂ ਸੀਮਾਵਾਂ ਤੋਂ ਸੁਚੇਤ ਸੀ। ਉਹ ਇਕਸਾਰ ਹੋਣ ਵਿਚ ਯਕੀਨ ਨਹੀਂ ਸੀ ਰੱਖਦਾ, ਜਿਸ ਤੋਂ ਬਿਨਾ ਕੋਈ ਸਿਧਾਂਤ ਜਾਂ ਕਿਸੇ ਦ੍ਰਿਸ਼ਟੀਕੋਨ ਬਾਰੇ ਕੋਈ ਗੁੰਦਵਾਂ ਬਿਆਨ ਸੰਭਵ ਨਹੀਂ ਹੋ ਸਕਦਾ। ਵਾਸਤਵ ਵਿਚ ਉਹ ਖਿਆਲਾਂ ਦੀ ਇਕਸਾਰਤਾ ਨੂੰ ਛੋਟੇ ਦਿਮਾਗ਼ਾਂ ਦੀ ਸ਼ਰਾਰਤੀ ਕਾਢ ਜਾਂ ਛਲੇਡਾ ਸਮਝਦਾ ਸੀ। ਉਸਦੇ ਖਿਆਲਾਂ ਦੀ ਅਸੰਗਤੀ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਮੈਂ ਇਸਦੀਆਂ ਦੋ ਮਿਸਾਲਾਂ ਦਿਆਂਗਾ, ਇਕ ਸ਼ਖ਼ਸੀ ਪਧਰ ਉੱਤੇ ਅਤੇ ਇਕ ਗੈਰ-ਸ਼ਖ਼ਸੀ ਪੱਧਰ ਉੱਤੇ।
ਜਿਹੜਾ ਪਰਚਾ ‘ਹਿੰਦ ਸਵਰਾਜ’ ਉਹ ਪਿਛਲੀ ਸਦੀ ਦੇ ਸ਼ੁਰੂ ਵਿਚ ਪ੍ਰਕਾਸ਼ਤ ਕਰਦੇ ਸਨ ਅਤੇ ਜਿਸ ਬਾਰੇ ਉਸਦਾ ਕਹਿਣਾ ਸੀ ਕਿ ਇਹ ਉਸਦੇ ਫਲਸਫੇ ਦੀ ਪ੍ਰਮਾਣੀਕ ਪ੍ਰਤੀਨਿਧਤਾ ਕਰਦਾ ਹੈ, ਉਸ ਵਿਚ ਉਸਨੇ ਅਧੁਨਿਕ ਸਭਿਅਤਾ ਨੂੰ ਤਿੱਖੀ ਤਰ੍ਹਾਂ ਨਿੰਦਿਆ ਸੀ। ਉਸਨੇ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ ਰੇਲਵੇ ਸਿਸਟਮ ਤੇ ਹਸਪਤਾਲਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਪਰ ਸਾਡੇ ਵਿਸ਼ਾਲ ਦੇਸ਼ ਨੂੰ ਇਸ ਸਿਰੇ ਤੋਂ ਉਸ ਸਿਰੇ ਤੱਕ ਆਉਣ ਜਾਣ ਲਈ ਜਿੰਨੇ ਅਸਰਦਾਰ ਢੰਗ ਨਾਲ ਤੇ ਜਿੰਨੀ ਜ਼ਿਆਦਾ ਵਰਤੋਂ ਰੇਲਾਂ ਦੀ ਉਸਨੇ ਆਪਣੇ ਜੀਵਨ ਵਿਚ ਕੀਤੀ, ਓਨੀ ਸ਼ਾਇਦ ਹੀ ਹੋਰ ਕਿਸੇ ਨੇ ਕੀਤੀ ਹੋਵੇ। 1930ਵਿਆਂ ਵਿਚ ਜਦੋਂ ਉਸਦੀ ਭਤੀਜੀ ਅਪੈਂਡਿਸਾਈਟਸ ਦਾ ਸ਼ਿਕਾਰ ਹੋਈ ਤੇ ਉਸਨੇ ਆਪਣੇ ਮਨ ਵਿਚ ਕੰਘੀ ਮਾਰਨ ਪਿਛੋਂ ਨਾ ਕੇਵਲ ਆਪਣੀ ਭਤੀਜੀ ਦੇ ਸਰਜੀਕਲ ਓਪਰੇਸ਼ਨ ਬਾਰੇ ਸਹਿਮਤੀ ਪਰਗਟ ਕੀਤੀ ਸਗੋਂ ਓਪਰੇਸ਼ਨ ਹੁੰਦਾ ਵੀ ਦੇਖਿਆ। ਉਸਨੇ ਪ੍ਰਣ ਲਿਆ ਸੀ ਕਿ ਉਹ ਦੁੱਧ ਨਹੀਂ ਪੀਏਗਾ ਕਿਉਂਕਿ ਦੁੱਧ ਉਸਦੀ ਕਾਮੁਕ ਵਾਸ਼ਨਾ ਨੂੰ ਭੜਕਾਉਂਦਾ ਹੈ। ਪਰ ਜਦੋਂ ਡਾਕਟਰਾਂ ਨੇ ਕਿਹਾ ਕਿ ਉਸਨੂੰ ਦੁੱਧ ਪੀਣਾ ਹੀ ਪੈਣਾ ਹੈ ਤਾਂ ਉਸਨੇ ਇਸ ਦੁਬਿਧਾ ਦਾ ਹੱਲ ਬੱਕਰੀ ਦਾ ਦੁੱਧ ਪੀਣ ਵਿਚ ਲੱਭਾ।
ਉਸਨੂੰ ਬਦੀ ਦਾ ਟਾਕਰਾ ਕਰਨ ਵਾਲੇ ਅਹਿੰਸਾ ਦੇ ਅਵਤਾਰ ਵਜੋਂ ਜਾਣਿਆ ਜਾਣ ਲੱਗਾ ਸੀ। ਜਦੋਂ 1939 ਵਿਚ ਦੂਸਰੀ ਸੰਸਾਰ ਜੰਗ ਦੇ ਛਿੜਨ ਵੇਲੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਰੱਖਿਆ ਕਾਰਜਾਂ ਵਿਚ ਮਿਲਵਰਤਣ ਦੇਣ ਦੀ ਪੇਸ਼ਕਸ਼ ਕੀਤੀ ਬਸ਼ਰਤਿ ਕਿ ਬਰਤਾਨਵੀ ਹਾਕਮ ਕੌਮੀ ਅੰਤਰਿਮ ਸਰਕਾਰ ਦੀ ਸਥਾਪਨਾ ਪਰਵਾਰਨ ਕਰ ਲੈਣ ਤਾਂ ਗਾਂਧੀ ਜੀ ਨੇ ਜ਼ਿਦ ਕੀਤੀ ਸੀ ਕਿ ਕਿਉਂਕਿ ਇਹ ਪੇਸ਼ਕਸ਼ ਉਹਨਾਂ ਦੇ ਅਹਿੰਸਾ ਦੇ ਅਕੀਦੇ ਦੀ ਉਲੰਘਣਾ ਕਰਦੀ ਹੈ ਇਸ ਲਈ ਇਸ ਵਿਰੁੱਧ ਉਹਨਾਂ ਦਾ ਰੋਸ ਦਰਜ ਕਰ ਲਿਆ ਜਾਏ। ਪਰ ਨਾਲ ਹੀ ਉਹਨਾਂ ਇਹ ਵੀ ਆਖ ਦਿੱਤਾ ਸੀ ਕਿ ਕਾਂਗਰਸ ਜੋ ਮੁਨਾਸਬ ਸਮਝਦੀ ਹੈ, ਉਹੀ ਕਰੇ ਕਿਉਂਕਿ ਉਹਨਾਂ ਦੀ ਰਾਏ ਕੋਈ ਅਰਥ ਨਹੀਂ ਰੱਖਦੀ ਕਿਉਂਕਿ ਉਹ ਕਾਂਗਰਸ ਦੇ ਸਾਧਾਰਨ ਮੈਂਬਰ ਹੀ ਨਹੀਂ। ਇਸਦੇ ਬਾਵਜੂਦ ਕੇਵਲ ਤਿੰਨ ਸਾਲ ਪਿਛੋਂ ਜਿਸ “ਹਿੰਦੁਸਤਾਨ ਛਡੋ” ਲਹਿਰ ਦੀ ਅਗਵਾਈ ਕਰ ਰਹੇ ਸਨ, ਉਸਦੇ ਪ੍ਰੋਗਰਾਮ ਦੀ ਪਹਿਲੀ ਮੱਦ ਇਹ ਸੀ ਕਿ ਪ੍ਰਾਪਤ ਕੀਤੀ ਜਾਣ ਵਾਲੀ ਕੌਮੀ ਸਰਕਾਰ ਜਾਪਾਨੀਆਂ ਦੇ ਖਿਲਾਫ਼ ਲੜੇਗੀ, ਜੇ ਜਾਪਾਨੀ ਫੌਜਾਂ ਨੇ ਇਤਹਾਦੀ ਫੌਜਾਂ ਦਾ ਪਿੱਛਾ ਕਰਦਿਆਂ ਹਿੰਦ ਉੱਤੇ ਹਮਲਾ ਕੀਤਾ। ਅਤੇ ਜਦੋਂ ਆਜ਼ਾਦੀ ਹਾਸਲ ਹੋ ਗਈ ਤਾਂ 1947 ਦੇ ਅਖੀਰ ਵਿਚ ਕਸ਼ਮੀਰ ਵਿਚ ਪਾਕਿਸਤਾਨੀ ਹਮਲਾਵਰਾਂ ਨੂੰ ਪਛਾੜਨ ਲਈ ਹਿੰਦੁਸਤਾਨੀ ਸੈਨਾ ਉੱਥੇ ਭੇਜਣੀ ਪਈ ਤਾਂ ਹਿੰਦ ਸਰਕਾਰ ਨੇ ਮਹਾਤਮਾ ਗਾਂਧੀ ਦੀ ਅਸ਼ੀਰਵਾਦ ਮੰਗੀ ਤੇ ਪ੍ਰਾਪਤ ਕੀਤੀ।
ਹੁਣ ਜਦੋਂ ਅਸੀਂ ਅਹਿੰਸਾ ਦੀ ਗੱਲ ਕਰ ਰਹੇ ਹਾਂ ਅਤੇ ਜਦੋਂ ਅਹਿੰਸਾ ਰਾਹੀਂ ਬਰਤਾਨਵੀ ਸਾਮਰਾਜ ਦੀ ਸ਼ਿਕਸਤ ਹਿੰਦ ਨੂੰ ਅਤੇ ਸੰਸਾਰ ਨੂੰ ਮਹਾਤਮਾ ਗਾਂਧੀ ਦਾ ਸੱਭ ਤੋਂ ਮਹਾਨ ਤੁਹਫ਼ਾ ਗਿਣੀ ਜਾਂਦੀ ਹੈ, ਤਾਂ ਲਗਦੇ ਹੱਥ ਇਸ ਮਾਮਲੇ ਦੀ ਪੁਣਛਾਣ ਵੀ ਕਰ ਲਈ ਜਾਣੀ ਚਾਹੀਦੀ ਹੈ। ਗਾਂਧੀ ਜੀ ਬੜੇ ਮਹਾਨ ਆਗੂ ਤੇ ਆਰਗੇਨਾਏਜ਼ਰ ਸਨ ਜਿਨਾਂ ਨੂੰ ਸਾਡੇ ਲੋਕਾਂ ਦੇ ਸਤੁੰਤਰਤਾ ਸੰਗ੍ਰਾਮ ਨੇ ਪੈਦਾ ਕੀਤਾ। ਅਤੇ ਜਿਸ ਮੰਜ਼ਿਲ ਉੱਤੇ ਅਸੀਂ ਪਹੁੰਚੇ ਹਾਂ ਉਸਨੇ ਮਹਾਤਮਾ ਗਾਂਧੀ ਨੂੰ ਇਸ ਗੱਲ ਦਾ ਅਧਿਕਾਰੀ ਬਣਾ ਦਿਤਾ ਹੈ ਕਿ ਉਹਨਾਂ ਨੂੰ ਸਮੁੱਚੀ ਮਨੁੱਖਤਾ ਦੇ ਇਤਹਾਸ ਵਿਚ ਸਦੀਵੀ ਥਾਂ ਪ੍ਰਾਪਤ ਹੋਵੇ। ਪਰ ਇਥੇ ਮੈਂ ਇਹ ਸਨਿਮਰ ਬੇਨਤੀ ਕਰਨਾ ਚਹਾਂਗਾ ਕਿ ਅਸੀਂ ਜੋ ਕੁਝ ਵੀ ਹੁਣ ਹਾਂ ਉਸਦਾ ਕਾਰਨ ਅਹਿੰਸਾ ਬਾਰੇ ਉਹਨਾਂ ਦਾ ਅਕੀਦਾ ਨਹੀਂ ਸੀ।
ਉਹ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੰਦੇ ਰਹੇ ਕਿ ਅਦਮ-ਤਸ਼ੱਦਦ ਜਾਂ ਅਹਿੰਸਾ ਉਹਨਾਂ ਲਈ ਨਿਸ਼ਚੇ ਦਾ ਦਰਜਾ ਰਖਦੀ ਹੈ। ਸੱਚ, ਜਿਸਨੂੰ ਉਹ ਪਰਮਾਤਮਾ ਸਮਝਦੇ ਸਨ, ਕੇਵਲ ਪਿਆਰ ਰਾਹੀਂ ਹੀ ਪਾਇਆ ਜਾ ਸਕਦਾ ਹੈ ਤੇ ਇਸਦਾ ਮਾਰਗ ਵੀ ਅਹਿੰਸਾ ਹੀ ਹੈ। ਉਹ ਪਰਮਾਤਮਾ ਨੂੰ ਸਤਚਿਤਨੰਦ ਕਹਿੰਦੇ ਸਨ, ਅਤੇ ਸਮਝਦੇ ਸਨ ਕਿ ਪਿਆਰ ਅਹਿੰਸਾ ਤੋਂ ਬਿਨਾ ਸੰਭਵ ਹੀ ਨਹੀਂ। ਉਹ ਹਮੇਸ਼ਾ ਆਖਦੇ ਸਨ ਕਿ ਸੱਚ ਹੀ ਪਰਮਾਤਮਾ ਹੈ। 1931 ਦੇ ਅਖਰਿਲੇ ਦਿਨੀਂ ਉਹਨਾਂ ‘ਯੰਗ ਇੰਡੀਆ’, ਜਿਸਦਾ ਸੰਪਾਦਨ ਉਹ ਪਿਛਲੇ ਦੋ ਦਹਾਕਿਆਂ ਤੋਂ ਕਰਦੇ ਆ ਰਹੇ ਸਨ, ਵਿਚ ਲਿਖਿਆ ਸੀ, “ਪਹਿਲਾਂ ਮੈਂ ਇਸ ਸਿੱਟੇ ਤੇ ਪੁੱਜਾ ਸਾਂ ਕਿ ਪਰਮਾਤਮਾ ਸੱਚ ਹੈ। ਪਰ ਦੋ ਸਾਲ ਹੋਏ, ਮੈਂ ਇਕ ਕਦਮ ਹੋਰ ਅੱਗੇ ਵਧਿਆ ਤੇ ਕਿਹਾ ਕਿ ਸੱਚ ਹੀ ਪਰਮਾਤਮਾ ਹੈ। ਤੁਸੀਂ ਇਹਨਾਂ ਦੋਹਾਂ ਕਥਨਾਂ ਵਿਚਲੇ ਬੜੇ ਸੂਖਮ ਜਿਹੇ ਫ਼ਰਕ ਨੂੰ ਦੇਖ ਰਹੇ ਹੋਵੇਗਾ।” ਪੰਜ ਕੁ ਸਾਲ ਪਿਛੋਂ ਆਪਣੇ ਪਰਚੇ ‘ਹਰੀਜਨ’ ਵਿਚ, ਜਿਸਦਾ ਸੰਪਾਦਨ ਉਹ ਆਪਣੇ ਜੀਵਨ ਦੇ ਅੰਤ ਤੱਕ ਕਰਦੇ ਰਹੇ, ਉਹਨਾਂ ਲਿਖਿਆ ਸੀ, “ਮੇਰੇ ਕੋਲ ਸੰਸਾਰ ਨੂੰ ਸਿੱਖਿਆ ਦੇਣ ਲਈ ਕੋਈ ਨਵੀਂ ਗੱਲ ਨਹੀਂ। ਸੱਚ ਤੇ ਅਹਿੰਸਾ ਓਨੇ ਹੀ ਪੁਰਾਣੇ ਹਨ ਜਿਨੇ ਪਰਬਤ, ਮੈਂ ਸਿਰਫ਼ ਐਨਾ ਹੀ ਕੀਤਾ ਹੈ ਕਿ ਜਿੰਨੀ ਵਿਸ਼ਾਲ ਪੱਧਰ ਉੱਤੇ ਹੋ ਸਕੇ ਇਸਦਾ ਤਰਜਬਾ ਕਰ ਸਕਾਂ ਅਤੇ ਸੱਚ ਦੀ ਜੁਸਤਜੂ ਕਰਦਿਆਂ ਹੀ ਮੈਨੂੰ ਅਹਿੰਸਾ ਦੀ ਪ੍ਰਾਪਤੀ ਹੋਈ।” ਛੇ ਸਾਲ ਬਾਅਦ ਇਕ ਵਾਰ ਫੇਰ ਆਪਣੇ ਉਸੇ ਹੀ ਪਰਚੇ ਵਿਚ ਉਹਨਾਂ ਲਿਖਿਆ, “ਮੈਂ ਇਸ ਵਿਸ਼ਵਾਸ ਉੱਤੇ ਕਾਇਮ ਹਾਂ ਕਿ ਮੈਂ ਕਾਂਗਰਸ ਸਾਹਮਣੇ ਅਹਿੰਸਾ ਨੂੰ ਮਸਲਿਹਤ ਜਾਂ ਲੋੜ-ਅਨੁਕੂਲ ਨੀਤੀ ਵਜੋਂ ਪੇਸ਼ ਕਰ ਸਕਿਆ। ਜੇ ਮੈਂ ਇਸਨੂੰ ਸਿਆਸਤ ਵਿਚ ਦਾਖਲ ਕਰਨਾ ਸੀ ਤਾਂ ਇਸ ਤੋਂ ਇਲਾਵਾ ਮੈਂ ਹੋਰ ਕੁਝ ਕਰ ਹੀ ਨਹੀਂ ਸਾਂ ਸਕਦਾ।” ਉਹਨਾਂ ਇਹ ਵੀ ਲਿਖਿਆ ਸੀ, “ਜਿਥੋਂ ਤੱਕ ਦਲੀਲ ਦੁੜਾਈ ਜਾ ਸਕਦੀ, ਹਿੰਦ ਨੂੰ ਹਥਿਆਰਬੰਦ ਬਗ਼ਾਵਤ ਰਾਹੀਂ ਪੀਹੜੀਆਂ ਤੱਕ ਆਜ਼ਾਦ ਨਹੀਂ ਸੀ ਕਰਾਇਆ ਜਾ ਸਕਦਾ। ਤਸ਼ੱਦਦ ਉੱਤੇ ਆਧਾਰਤ ਰਾਜ ਤੋਂ ਹਿੰਦ ਛੇਤੀ ਹੀ ਅੱਕ ਸਕਦਾ ਹੈ। ਮੇਰੇ ਲਈ ਮੈਦਾਨੀ ਖੇਤਰਾਂ ਦਾ ਇਹੀ ਸੁਨੇਹਾ ਹੈ, ਮੈਦਾਨੀ ਖੇਤਰਾਂ ਦੇ ਲੋਕ ਨਹੀਂ ਜਾਣਦੇ ਕਿ ਸੰਗਠਤ ਹਥਿਆਰਬੰਦ ਲੜਾਈ ਕਿਵੇਂ ਲੜਨ। ਪਰ ਉਹਨਾਂ ਲਈ ਆਜ਼ਾਦ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹ ਆਜ਼ਾਦੀ ਚਾਹੁੰਦੇ ਹਨ। ਉਹਨਾਂ ਸਮਝ ਲਿਆ ਹੈ ਕਿ ਹਿੰਸਾ ਰਾਹੀਂ ਹਾਸਲ ਕੀਤੀ ਤਾਕਤ ਉਹਨਾਂ ਲਈ ਵਧੇਰੇ ਦਮਨ ਦਾ ਕਾਰਨ ਬਣੇਗੀ। ਇੰਝ ਕਹਿ ਲਵੋ ਕਿ ਇਹੀ ਸੀ ਦਲੀਲ ਜਿਸਨੇ ਅਹਿੰਸਾ ਨੂੰ ਧਰਮ ਵਜੋਂ ਨਹੀਂ ਸਗੋਂ ਨੀਤੀ ਵਜੋਂ ਜਨਮ ਦਿੱਤਾ।”
ਇਸ ਤਰ੍ਹਾਂ ਅਹਿੰਸਾ ਮਹਾਤਮਾ ਗਾਂਧੀ ਲਈ ਦੋ ਪੱਧਰਾਂ ਉੱਤੇ ਕੰਮ ਕਰਦੀ ਸੀ- ਉਹਨਾਂ ਦੇ ਆਪਣੇ ਕਈ ਨਿੱਜੀ ਅਕੀਦੇ ਵਜੋਂ ਅਤੇ ਜਨਤਕ ਰਾਜਨੀਤਕ ਸੰਘਰਸ਼ ਵਿਚ ਨੀਤੀ ਜਾਂ ਸਮੇਂ ਅਨੁਕੂਲ ਦਾਅਪੇਚ ਵਜੋਂ। ਪਰ ਜਿਥੋਂ ਤੱਕ ਅਹਿੰਸਾ ਦੇ ਅਕੀਦੇ ਦਾ ਹਿੱਸਾ ਹੋਣ ਦਾ ਸੰਬੰਧ ਹੈ, ਇਹ ਉਸਦੀਆਂ ਆਪਣੀਆਂ ਨਿੱਜੀ ਧਾਰਨਾਵਾਂ ਦਾ ਹਿੱਸਾ ਸੀ। ਮਹਾਤਮਾ ਗਾਂਧੀ ਇਸ ਗੱਲ ਉੱਤੇ ਵੀ ਬਜ਼ਿੱਦ ਸਨ ਕਿ ਜਨਤਕ ਲਾਮਬੰਦੀ ਲਈ ਕਿਸੇ ਵੀ ਹੋਰ ਆਦਰਸ਼ ਜਾਂ ਢੰਗ ਦੇ ਮੁਕਾਬਲੇ ਉੱਤੇ ਅਹਿੰਸਾ ਹੀ ਇੱਕੋ ਇਕ ਤੇ ਸੰਪੂਰਨ ਬਦਲ ਹੋ ਸਕਦਾ ਹੈ ਭਾਵੇਂ ਮੁਕਾਬਲੇ ਦੇ ਹੋਰ ਆਦਰਸ਼ ਜਾਂ ਢੰਗ ਵੀ ਸਨ ਕਮਿਊਨਿਸਟਾਂ ਜਾਂ ਹੋਰ ਕੌਮੀ ਇਬਕਲਾਬੀਆਂ ਵੱਲੋਂ ਜਾਂ ਅਨਾਰਕਿਸਟਾਂ ਵੱਲੋਂ, ਜਿਹਨਾਂ ਨੂੰ ਬਰਤਾਨਵੀ ਸਾਮਰਾਜੀ ਗ਼ਲਤ ਤੌਰ ‘ਤੇ ਦਹਿਸ਼ਤਗਰਦ ਆਖਦੇ ਸਨ, ਦਾ ਨਾਅਰਾ ਸਨ।
ਇਹ ਗੱਲ ਬਹੁਤੀ ਨਹੀਂ ਜਾਣੀ ਜਾਂਦੀ ਕਿ 1924 ਵਿਚ ਬੈਲਗਾਮ ਵਿਚ ਜਦੋਂ ਉਹ, ਸ਼ਾਇਦ ਇੱਕੋ ਇਕ ਵਾਰ, ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ, ਇਕ ਡੈਲੀਗੇਟ ਨੇ ਲੈਨਿਨ ਦੇ ਦਿਹਾਂਤ ਉੱਤੇ ਸੋਗ ਦਾ ਮਤਾ ਪਾਸ ਕਰਨ ਦਾ ਸੁਝਾਅ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਮਤੇ ਦੀ ਪਰਵਨਗੀ ਇਸ ਆਧਾਰ ਉੱਤੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਲੈਨਿਨ ਤਸ਼ੱਦਦ ਦੇ ਹਾਮੀ ਸਨ! ਇੰਝ ਹੀ ਇਸ ਗੱਲ ਦੇ ਵੀ ਚੋਖੇ ਸਬੂਤ ਮੌਜੂਦ ਹਨ 1931 ਵਿਚ ਸ਼ਹਿਰੀ ਨਾਫਰਮਾਨੀ ਤਹਿਰੀਕ ਦੇ ਪਹਿਲੇ ਗੇੜ ਦੇ ਅੰਤ ਉੱਤੇ ਜਦੋਂ ਉਹ ਬਰਤਾਨਵੀ ਵਾਇਸਰਾਏ ਲਾਰਡ ਇਰਵਿਨ ਨਾਲ ਸਮਝੌਤੇ ਦੀਆਂ ਸ਼ਰਤਾਂ ਲਈ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਭਗਤ ਸਿੰਘ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਮਨਸੂਖੀ ਤੇ ਉਸਦੀ ਰਿਹਾਈ ਲਈ ਨਿਸਚਿਤ ਤੌਰ ਜ਼ੋਰ ਨਹੀਂ ਸੀ ਦਿੱਤਾ। ਗੱਲਬਾਤ ਖਤਮ ਹੋਣ ਤੋਂ ਛੇਤੀ ਹੀ ਪਿਛੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਦਿੱਤਾ ਗਿਆ ਸੀ। ਇਸ ਪਰਸੰਗ ਵਿਚ ਗੱਲ ਕਰਦਿਆਂ ਭਗਤ ਸਿੰਘ ਨੂੰ ਵਿਅਕਤਗਿਤ ਦਹਿਸ਼ਤਗਰਦ ਕਰਾਰ ਦੇਣਾ ਦਰੁਸਤ ਨਹੀਂ। ਭਗਤ ਸਿੰਘ ਸਮਝਦਾ ਸੀ ਕਿ ਜਿਹੜੀ ਜਨਤਕ ਲਹਿਰ ਨੇ ਅੱਗੋਂ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰਨਾ ਹੈ, ਉਸਨੂੰ ਹਲੂਣਾ ਦੇਣ ਤੇ ਵਧਾਉਣ ਲਈ ਨਿੱਡਰ ਨੌਜਵਾਨਾਂ ਵੱਲੋਂ ਹਥਿਆਰਬੰਦ ਐਕਸ਼ਨ ਜ਼ਰੂਰੀ ਹੈ। ਉਹ ਨਾਸਤਕ, ਮਾਰਕਸਵਾਦੀ ਤੇ ਸੋਵੀਅਤ ਯੂਨੀਅਨ ਤੇ ਲੈਨਿਨ ਦਾ ਬਹੁਤ ਵੱਡਾ ਪਰਸੰਸਕ ਸੀ। ਫਾਂਸੀ ਵੱਲ ਲਿਜਾਏ ਜਾਣ ਤੋਂ ਕੁਝ ਹੀ ਮਿੰਟ ਪਹਿਲਾਂ ਤੱਕ ਉਹ ਲੈਨਿਨ ਦੀਆਂ ਲਿਖਤਾਂ ਪੜ੍ਹ ਰਿਹਾ ਸੀ। ਇਹ ਗੱਲ ਵੀ ਮਹੱਤਵ ਤੋਂ ਖਾਲੀ ਨਹੀਂ ਸੀ ਕਿ ਜਿਹੜੀ ਜਥੇਬੰਦੀ ਉਸਨੇ ਉਸਾਰੀ ਸੀ ਉਸਦਾ ਨਾਂਅ ਉਸਨੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਰੱਖਿਆ ਸੀ। ਉਹ ਸੈਕੂਲਰਿਜ਼ਮ ਤੇ ਹਿੰਦੂ-ਮੁਸਲਮ ਏਕਤਾ ਦਾ ਦ੍ਰਿੜ ਸਮਰਥਕ ਸੀ। ਉਸਦੀ ਦੇਸ਼ਭਗਤੀ ਦਾ ਕੋਈ ਮੁਕਾਬਲਾ ਨਹੀਂ। ਅਜਿਹੀ ਕਿਆਸਅਰਾਈ ਨਿਰਾਰਥਕ ਨਹੀਂ ਕਿ ਜੇ ਉਸਨੂੰ ਜਿਉਣ ਦਿੱਤਾ ਜਾਂਦਾ ਤਾਂ ਕੀ ਉਹ ਸਾਮਰਾਜ ਦੁਸ਼ਮਨ ਲਾਮਬੰਦੀ ਦੇ ਮੋਢੀ ਤੇ ਜਨਤਕ ਆਗੂ ਵਜੋਂ ਗਾਂਧੀ ਜੀ ਦਾ ਬਦਲ ਬਣ ਸਕਦਾ ਸੀ। ਜਦੋਂ ਭਗਤ ਸਿੰਘ ਦਾ ਚੇਤਾ ਆਉਂਦਾ ਹੈ ਤਾਂ ਬਹੁਤ ਸਾਰੇ ਪੱਖਾਂ ਤੋਂ ਸ਼ੇ ਗਵੇਰਾ ਦਾ ਨਾਂਅ ਦਿਮਾਗ਼ ਵਿਚ ਉੱਭਰਦਾ ਹੈ।
ਮਹਾਤਮਾ ਗਾਂਧੀ ਅਦਮ ਤਸ਼ੱਦਦ ਦੇ ਆਪਣੇ ਸਿਧਾਂਤ ਤੇ ਨੀਤੀ ਨੂੰ ਨਿਸਚੇ ਹੀ ਬਾਲਸ਼ਵਿਕਵਾਦ ਦਾ ਬਦਲ ਸਮਝਦੇ ਸਨ, ਖਾਸ ਤੌਰ ‘ਤੇ ਇਹ ਦੇਖਦਿਆਂ ਹੋਇਆਂ ਕਿ ਪੰਡਤ ਨਹਿਰੂ ਬਾਲਸ਼ਵਿਕ ਵਿਚਾਰਾਂ ਵੱਲ ਆਪਣੇ ਸਪੱਸ਼ਟ ਝੁਕਾ ਦਾ ਇਜ਼ਹਾਰ ਕਰ ਰਹੇ ਸਨ। ਅਸੀਂ ਦੇਖਦੇ ਹਾਂ ਕਿ 1928 ਦੇ ਅੰਤ ਤੱਕ ਉਹ ਲਿਖ ਰਹੇ ਸਨ “ਮੈਂ ਇਹ ਇਅਤਰਾਫ ਕਰਦਾ ਹਾਂ ਕਿ ਮੈਂ ਅਜੇ ਤੱਕ ਬਾਲਸ਼ਵਿਕਵਾਦ ਦੇ ਅਰਥ ਨਹੀਂ ਸਮਝ ਸਕਿਆ। ਮੈਂ ਸਿਰਫ਼ ਐਨਾ ਜਾਣ ਸਕਿਆ ਹਾਂ ਕਿ ਇਹ ਨਿੱਜੀ ਜਾਇਦਾਦ ਦੀ ਸੰਸਥਾ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਆਰਥਕ ਖੇਤਰ ਵਿਚ ਕੇਵਲ ਗ਼ੈਰ-ਮਲਕੀਅਤ ਦੇ ਨੈਤਕ ਆਦਰਸ਼ ਨੂੰ ਅਮਲ ਵਿਚ ਲਿਆਉਣ ਦੇ ਤੁਲ ਹੈ ਅਤੇ ਜੇ ਲੋਕ ਇਸ ਆਦਰਸ਼ ਨੂੰ ਆਪਣੀ ਮਰਜ਼ੀ ਨਾਲ ਆਪਣਾ ਲੈਣ ਜਾਂ ਉਹਨਾਂ ਨੂੰ ਪਰੁਅਮਨ ਢੰਗਾਂ ਨਾਲ ਇਸਨੂੰ ਅਪਨਾਉਣ ਲਈ ਮਨਾਇਆ ਜਾ ਸਕੇ ਤਾਂ ਇਸ ਨਾਲੋਂ ਚੰਗੀ ਹੋਰ ਗੱਲ ਨਹੀਂ ਹੋਵੇਗੀ। ਪਰ ਜਿੰਨਾ ਕੁ ਬਾਲਸ਼ਵਿਜ਼ਮ ਬਾਰੇ ਮੈਂ ਜਾਣਦਾ ਹਾਂ, ਇਹ ਨਿੱਜੀ ਮਾਲਕੀ ਨੂੰ ਜ਼ਬਤ ਕਰਨ ਤੇ ਇਸ ਉੱਤੇ ਸਾਂਝੀ ਸਰਕਾਰੀ ਮਾਲਕੀ ਕਾਇਮ ਕਰਨ ਲਈ ਨਾ ਕੇਵਲ ਤਾਕਤ ਦੀ ਵਰਤੋਂ ਨੂੰ ਵਰਜਿਤ ਨਹੀਂ ਕਰਦਾ ਸਗੋਂ ਇਸਦੀ ਖੁੱਲ੍ਹੀ ਵਰਤੋਂ ਦੀ ਆਗਿਆ ਦਿੰਦਾ ਹੈ। ਜੇ ਇਹ ਹਕੀਕਤ ਹੈ ਤਾਂ ਮੈਨੂੰ ਇਹ ਕਹਿਣ ਵਿਚ ਕੋਈ ਹਿਚਕਚਾਹਟ ਨਹੀਂ ਕਿ ਆਪਣੇ ਮੌਜੂਦ ਰੂਪ ਵਿਚ ਬਾਲਸ਼ਵਿਕ ਹਕੂਮਤ ਬਹੁਤਾ ਚਿਰ ਕਇਮ ਨਹੀਂ ਰਹਿ ਸਕਦੀ। ਕਿਉਂਕਿ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਹਿੰਸਾ ਦੀ ਨੀਂਹ ਉੱਤੇ ਕੋਈ ਦੇਰਪਾ ਉਸਾਰੀ ਨਹੀਂ ਹੋ ਸਕਦੀ। ਪਰ ਇਹ ਗੱਲ ਠੀਕ ਸਾਬਤ ਹੁੰਦੀ ਹੈ ਜਾਂ ਨਹੀਂ, ਇਸ ਹਕੀਕਤ ਤੋਂ ਉੱਕਾ ਹੀ ਇਨਕਾਰ ਨਹੀਂ ਹੋ ਸਕਦਾ ਕਿ ਅਣਗਿਣਤ ਮਰਦ ਔਰਤਾਂ ਨੇ ਬਾਲਸ਼ਵਿਕ ਆਦਰਸ਼ ਲਈ ਆਪਣਾ ਸੱਭ ਕੁਝ ਨਿਸ਼ਾਵਰ ਕਰ ਦਿੱਤਾ ਤੇ ਉਹਨਾਂ ਦੀਆਂ ਪਵਿੱਤਰ ਕੁਰਬਾਨੀਆਂ ਨੇ ਇਸ ਆਦਰਸ਼ ਨੂੰ ਸਿੰਝਿਆ। ਇਹ ਆਦਰਸ਼, ਜਿਸ ਨੂੰ ਲੈਨਿਨ ਜਿਹੀਆਂ ਆਦੁੱਤੀ ਆਤਮਾਵਾਂ ਦੇ ਆਪਣੇ ਬਲੀਦਾਨ ਨਾਲ ਪਾਵਨ ਰੂਪ ਦਿੱਤਾ, ਬਿਰਥਾ ਨਹੀਂ ਜਾ ਸਕਦਾ: ਅਜਿਹੀਆਂ ਆਤਮਾਵਾਂ ਦੇ ਤਿਆਗ ਦਾ ਉੱਚਾ ਸੁੱਚਾ ਪਰਮਾਣ ਸਦਾ ਲਈ ਤੇ ਦਿਨੋ ਦਿਨ ਵਧੇਰੇ ਤਾਬਾਨੀ ਨਾਲ ਜਗਾਮਗਾਉਂਦਾ ਰਹੇਗਾ ਤੇ ਜਿਉਂ ਜਿਉਂ ਸਮਾਂ ਬੀਤੇਗਾ, ਇਹਨਾਂ ਕੁਰਬਾਨੀਆਂ ਦੇ ਸਦਕਾ ਇਹ ਆਦਰਸ਼ ਹੋਰ ਨਿਰਮਲ ਹੁੰਦਾ ਜਾਏਗਾ।”
ਕੁਝ ਸਾਲਾਂ ਬਾਅਦ ਕਮਿਊਨਿਜ਼ਮ ਦਾ ਬਦਲ ਵਧੇਰੇ ਕੱਟੜਤਾ ਨਾਲ ਪੇਸ਼ ਕਰਨ ਦੇ ਸਵਾਲ ਉੱਤੇ ਉਹਨਾਂ ਦਾ ਲਹਿਜਾ ਕਿਤੇ ਵੱਧ ਕਠੋਰ ਸੀ। ਇਸਦਾ ਕਾਰਨ ਓਨਾ ਹਿੰਦ ਕਮਿਊਨਿਸਟ ਪਾਰਟੀ ਦੇ ਅਸਰ ਵਿਚ ਹੋ ਰਿਹਾ ਵਾਧਾ ਨਹੀਂ ਸੀ ਜਿੰਨਾ ਇਹ ਸੀ ਕਿ ਪੰਡਤ ਨਹਿਰੂ ਦੇ ਦ੍ਰਿਸ਼ਟੀਕੋਨ ਦਾ ਮਾਰਕਸਵਾਦ ਵੱਲ ਝੁਕਾਅ ਵਧੇਰੇ ਪ੍ਰਤੱਖ ਹੋ ਗਿਆ ਸੀ। ਮਹਾਤਮਾ ਗਾਂਧੀ ਨੇ ਲਿਖਿਆ ਸੀ “ਸ਼੍ਰੇਣੀ-ਯੁੱਧ ਹਿੰਦ ਦੇ ਮੂਲ ਸੁਭਾਅ ਦੇ ਉੱਲਟ ਹੈ। ਆਪਣੇ ਸੁਭਾਅ ਦੇ ਪੱਖੋਂ ਹਿੰਦ ਕਮਿਊਨਿਜ਼ਮ ਨੂੰ ਅਜਿਹੇ ਢੰਗ ਨਾਲ ਵਿਕਸਤ ਕਰ ਸਕਦਾ ਹੈ ਜਿਹੜਾ ਬਰਾਬਰ ਦੇ ਨਿਆਂ ਨਾਲ ਸਾਰਿਆਂ ਦੇ ਬੁਨਿਆਦੀ ਹੱਕਾਂ ਉੱਤੇ ਆਧਾਰਤ ਹੋਵੇ। ਮੇਰੇ ਸੁਪਨਿਆਂ ਦਾ ਹਿੰਦੁਸਤਾਨ ਰਾਜਿਆਂ ਤੇ ਰੰਕਾਂ ਲਈ ਇੱਕੋ ਜਿਹੇ ਅਧਿਕਾਰ ਯਕੀਨੀ ਬਣਾਉਂਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਨਿਰਸੰਦੇਹ ਸੰਪਤੀ ਦੇ ਕੌਮੀਕਰਣ ਦੀ ਗੱਲ ਕਰਦਾ ਹੈ ਪਰ ਤੁਹਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ। ਜੇ ਕੌਮ ਸੰਪਤੀ ਦੀ ਮਾਲਕ ਹੋ ਸਕਦੀ ਹੈ ਤਾਂ ਇਸਨੂੰ ਵਿਅਕਤੀਆਂ ਦੀ ਸਪੁਰਦਗੀ ਵਿਚ ਦੇ ਕੇ ਹੀ ਹੋ ਸਕਦਾ ਹੈ। ਕੀ ਅਸੀਂ ਨਹੀਂ ਜਾਣਦੇ ਕਿ ਅਸੀਂ ਨਿਵੇਕਲੀ ਪੂਰਬੀ ਰਵਾਇਤ ਰੱਖਦੇ ਹਾਂ? ਕੀ ਅਸੀਂ ਸਰਮਾਏ ਤੇ ਮਿਹਨਤ ਦੇ ਸਵਾਲ ਦਾ ਹੱਲ ਆਪ ਲੱਭਣ ਦੀ ਯੋਗਤਾ ਨਹੀਂ ਰੱਖਦੇ? ਵਰਣਆਸ਼ਰਮ ਦਾ ਪ੍ਰਬੰਧ ਉੱਚੇ ਤੇ ਨੀਵੇਂ ਵਿਚਕਾਰ ਅਤੇ ਇਸਦੇ ਨਾਲ ਨਾਲ ਸਰਮਾਏ ਤੇ ਮਿਹਨਤ ਵਿਚਕਾਰ ਮਤਭੇਦਾਂ ਨੂੰ ਇਕਸਾਰ ਕਰਨ ਦਾ ਵਸੀਲਾ ਨਹੀਂ ਤਾਂ ਹੋਰ ਕੀ ਹੈ?
ਇਥੋਂ ਤੱਕ ਕਿ 1944 ਦੇ ਨੇੜੇ ਤੇੜੇ ਮਾਰਕਸ ਦੀ ਲਿਖਤ ਦਾਸ ਕੈਪੀਟਲ (ਸਰਮਾਇਆ) ਪੜ੍ਹਦਿਆਂ ਉਹਨਾਂ ਸੀæਪੀæਆਈ ਦੇ ਉਸ ਵੇਲੇ ਦੇ ਜੈਨਰਲ ਸਕੱਤਰ ਪੀæਸੀæਜੋਸ਼ੀ ਨੂੰ ਲਿਖੇ ਇਕ ਪੱਤਰ ਵਿਚ ਪੁੱਛਿਆ ਸੀ ਕਿ ਕੀ ਕਮਿਊਨਿਸਟ ਪਾਰਟੀ ਆਪਣੇ ਮੈਂਬਰਾਂ ਨੂੰ ਗਊ ਦਾ ਮਾਸ ਖਾਣ ਲਈ ਮਜਬੂਰ ਕਰਦੀ ਹੈ, ਕੀ ਹਿੰਸਾ ਪ੍ਰਤੀ ਨਿਸ਼ਠਾ ਦੀ ਸਹੁੰ ਚੁਕਾਉਂਦੀ ਹੈ, ਮਾਸਕੋ ਤੋਂ ਰਕਮਾਂ ਹਾਸਲ ਕਰਦੀ ਹੈ, ਅਤੇ ਕੀ ਵਿਆਹ ਦੇ ਉੱਲਟ ਇਸਤਰੀਆਂ ਦੀ ਸਮੂਹਕ ਵਰਤੋਂ ਵਿਚ ਯਕੀਨ ਰਖਦੀ ਹੈ?
ਪੀæਸੀæਜੋਸ਼ੀ ਇਸ ਪੱਤਰ ਤੋਂ ਐਨੇ ਨਾਰਾਜ਼ ਹੋਏ ਸਨ ਕਿ ਉਹਨਾਂ ਉੱਤਰ ਵਿਚ ਲਿਖਿਆ ਸੀ ਕਿ ਜੇ ਮੇਰਾ ਆਪਣਾ ਪਿਤਾ ਮੈਨੂੰ ਅਜਿਹੀ ਚਿੱਠੀ ਲਿਖਦਾ ਤਾਂ ਮੈਂ ਕਦੇ ਵੀ ਉਸਦੇ ਮੱਥੇ ਨਹੀਂ ਸੀ ਲੱਗਣਾ। ਪਰ ਕਿਉਂਕਿ ਤੁਸੀਂ ਕੌਮ ਦੇ ਪਿਤਾ ਹੋ ਇਸ ਲਈ ਮੈਂ ਤੁਹਾਡੇ ਪੱਤਰ ਦਾ ਉੱਤਰ ਦੇ ਰਿਹਾ ਹਾਂ।
ਸ਼ਾਇਦ ਇਤਹਾਸਕ ਤੌਰ ‘ਤੇ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗਾਂਧੀ ਜੀ ਨੂੰ “ਕੌਮ ਦਾ ਪਿਤਾ” ਜਾਂ “ਰਾਸ਼ਟਰ ਪਿਤਾ” ਹੋਣ ਦਾ ਖਿਤਾਬ ਪਹਿਲੀ ਵਾਰ ਇਸੇ ਚਿੱਠੀ ਪੱਤਰ ਵਿਚ ਪਰਦਾਨ ਹੋਇਆ ਸੀ।
ਜਿਥੋਂ ਤੱਕ ਇਸ ਸਵਾਲ ਦਾ ਸੰਬੰਧ ਹੈ ਕਿ ਮਹਾਤਮਾ ਗਾਂਧੀ ਨੇ ਬਲਸ਼ਵਿਕਵਾਦ ਦਾ ਜਿਹੜਾ ਬਦਲ ਸਾਹਮਣੇ ਲਿਆਂਦਾ, ਉਸਨੇ ਕਿੰਨਾ ਕੁ ਜ਼ੋਰ ਫੜਿਆ, ਇਸ ਬਾਰੇ ਐਨੀ ਕੁ ਗੱਲ ਸੌਖਿਆਂ ਹੀ ਆਖੀ ਜਾ ਸਕਦੀ ਹੈ ਇਸਨੇ ਕਿ ਵਧੇਰੇ ਤੇਜ਼ ਖਿਆਲ ਸ਼ਕਤੀ ਤੇ ਪ੍ਰੋਗਰਾਮ ਨੂੰ ਉਭਰਨ ਨਾ ਦਿੱਤਾ, ਭਾਵੇਂ ਇਸ ਵਿਚ ਹਿੰਦ ਦੇ ਕਮਿਊਨਿਸਟਾਂ ਦੀ ਆਪਣੀ ਸੌੜੀ ਤੇ ਸੰਕੀਰਨ ਸੋਚ ਦਾ ਵੀ ਦਖਲ ਸੀ। ਪਰ ਦੇਖਿਆ ਜਾਏ ਤਾਂ ਗਾਂਧੀ ਜੀ ਵਲੋਂ ਪੇਸ਼ ਕੀਤਾ ਗਿਆ ਬਦਲ ਵੀ ਆਪਣੇ ਤੌਰ ‘ਤੇ ਵਿਗਸ ਨਾ ਸਕਿਆ। ਜੋ ਸੁਤੰਤਰਤਾ ਸੰਗਰਾਮ ਦੇ ਦੌਰਾਨ ਇਸਦਾ ਪ੍ਰਭਾਵ ਸੀਮਤ ਹੀ ਸੀ ਤਾਂ ਉਸਤੋਂ ਪਿੱਛੋਂ ਤਾਂ ਇਸਦੀ ਪੁੱਛ ਹੋਰ ਵੀ ਘਟ ਗਈ। ਅਹਿੰਸਾ ਦੇ ਅਕੀਦੇ ਨੂੰ ਕੇਵਲ ਗਿਣਤੀ ਦੇ ਪੈਰੋਕਾਰ ਹੀ ਮਿਲ ਸਕੇ। ਮਹਾਤਮਾ ਗਾਂਧੀ ਦੇ ਸ਼ੋਸ਼ਣ-ਰਹਿਤ ਸੁਪਨੇ ਦਾ ਵੀ ਇਹੀ ਹਸ਼ਰ ਹੋਇਆ। ਵਾਰਧਾ ਦੇ ਨੇੜੇ ਸੇਵਾਗਰਾਮ, ਜਿਥੇ ਮਹਾਤਮਾ ਗਾਂਧੀ ਇਹ ਦਹਾਕੇ ਤੋਂ ਵੱਧ ਸਮਾਂ ਰਹੇ, ਦੇ ਕੁਝ ਹੀ ਮੀਲ ਦੇ ਘੇਰੇ ਤੋਂ ਬਾਹਰ ਜੋ ਕੁਝ ਦੇਖਣ ਤੇ ਅਨੁਭਵ ਕਰਨ ਨੂੰ ਮਿਲਦਾ ਸੀ ਉਸ ਵਿਚ ਬਾਕੀ ਹਿੰਦੁਸਤਾਨ ਨਾਲੋਂ ਕੋਈ ਵੱਖਰੀ ਗੱਲ ਨਹੀਂ ਸੀ। ਉਹਨਾਂ ਦੇ ਅਕੀਦੇ ਕਿਸੇ ਵੀ ਕਿਸਮ ਦੀ ਜ਼ਿਕਰਯੋਗ ਪਦਾਰਥਕ ਤੇ ਅਧਿਆਤਮਕ ਤਬਦੀਲੀ ਨਹੀਂ ਆਈ ਹਾਲਾਂਕਿ ਇਸ ਮਾਮਲੇ ਵੱਲ ਉਹ ਆਪਣਾ ਪੂਰਾ ਨਿੱਜੀ ਧਿਆਨ ਦਿੰਦੇ ਸਨ। ਕਈ ਵਾਰ ਤਾਂ ਇਸ ਮਾਮਲੇ ਵਿਚ ਖੁੱਭੇ ਹੋਣ ਕਾਰਨ ਉਹ ਕਾਂਗਰਸ ਦੇ ਟੀਸੀ ਦੇ ਆਗੂਆਂ ਨਾਲ ਫੌਰੀ ਕੌਮੀ ਮਾਮਲਿਆਂ ਉੱਤੇ ਸੋਚ ਵਿਚਾਰ ਵਿਚ ਵੀ ਸ਼ਾਮਲ ਨਹੀਂ ਸਨ ਹੁੰਦੇ।
ਜਿਥੋਂ ਤੱਕ ਧਨ-ਸੰਪਤੀ ਵਾਲਿਆਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਦਾ ਮਾਮਲਾ ਸੀ ਕਿ ਉਹ ਮਾਲਕ ਬਣੇ ਰਹਿਣ ਦੀ ਥਾਂ ਟਰਸਟੀ ਜਾਂ ਨਿਗਰਾਨ ਬਣ ਜਾਣ ਤੇ ਆਪਣਾ ਧਿਆਨ ਸੱਭ ਤੋਂ ਪਹਿਲਾਂ ਆਪਣੇ ਮੁਲਾਜ਼ਮਾਂ ਤੇ ਮੁਜ਼ਾਰਿਆਂ ਦੀਆਂ ਸਮੱਸਿਆਵਾਂ ਵੱਲ ਦੇਣ, ਇਸ ਬਾਰੇ ਕੁਝ ਨਾ ਹੀ ਕਿਹਾ ਜਾਏ ਤਾਂ ਬਿਹਤਰ ਹੈ। ਜੀ।ਡੀ। ਬਿਰਲਾ ਹਮੇਸ਼ਾ ਉਹਨਾਂ ਦੇ ਪਰਛਾਵੇਂ ਵਿਚ ਹੀ ਰਹਿੰਦਾ ਸੀ ਤੇ ਇਸੇ ਸਿਰਲੇਖ ਨਾਲ ਉਸਨੇ ਇਕ ਕਿਤਾਬ ਵੀ ਲਿਖੀ। ਪਰ ਕੀ ਉਸਨੇ ਟਰਸਟੀਸ਼ਿਪ ਦੇ ਸੰਕਲਪ ਨੂੰ ਕਬੂਲ ਕੀਤਾ? ਅੰਬਾ ਲਾਲ ਸਾਰਾਭਾਈ ਨੇ ਆਪਣੀ ਬੇਟੀ ਮ੍ਰਿਦੂਲਾ ਨੂੰ ਤਾਂ ਗਾਂਧੀ ਜੀ ਦੀ ਸੇਵਾ ਲਈ ਅਰਪਣ ਕਰ ਦਿੱਤਾ ਪਰ ਆਪਣੀਆਂ ਕੱਪੜਾ ਮਿਲਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ।
ਬਹੁਤੇ ਜਾਗੀਰਦਾਰਾਂ ਨੂੰ ਉਹਨਾਂ ਦੀਆਂ ਬਹੁਤ ਜਬਰਦਸਤ ਜ਼ਮੀਨੀ ਮਾਲਕੀਆਂ ਤੋਂ ਅੰਸ਼ਕ ਤੌਰ ‘ਤੇ ਵਾਂਝੇ ਤਾਂ ਕੀਤਾ ਗਿਆ ਪਰ ਹਿਰਦੇ ਪਰੀਵਰਤਨ ਰਾਹੀਂ ਨਹੀਂ ਜਿਵੇਂ ਗਾਂਧੀ ਜੀ ਕਹਿੰਦੇ ਸਨ, ਸਗੋਂ ਆਜ਼ਾਦੀ ਤੋਂ ਪਿੱਛੋਂ ਪਾਸ ਕੀਤੇ ਕਾਨੂੰਨਾਂ ਦੀ ਸ਼ਕਲ ਵਿਚ ਰਾਜਸ਼ਕਤੀ ਰਾਹੀਂ, ਜਿਸ ਦੀ ਵਰਤੋਂ ਨੂੰ ਮਹਾਤਮਾ ਗਾਧੀ ਬਾਲਸ਼ਵਿਕਵਾਦ ਦੇ ਖਿਲਾਫ਼ ਮੁੱਖ ਦਲੀਲ ਵਜੋਂ ਵਰਤਦੇ ਸਨ।
ਇਸ ਤੋਂ ਵੱਧ ਦੁਰਦਸ਼ਾ ਸਨਅਤੀਕਰਣ ਨੂੰ ਰੋਕਣ ਦੇ ਉਹਨਾਂ ਦੇ ਅਸੂਲ ਦੀ ਹੋਈ। ਇਹ ਉਹਨਾਂ ਦੀ ਤਹਿਰੀਕ ਹੀ ਸੀ ਜਿਸਨੇ ਉਹਨਾਂ ਦੇ ਜਿਉਂਦੇ ਜੀਅ ਹਿੰਦੁਸਤਾਨੀ ਸੱਨਅਤਾਂ ਦੀ ਉੱਨਤੀ ਲਈ ਮਾਹੌਲ ਪੈਦਾ ਕਰ ਦਿੱਤਾ ਸੀ ਅਤੇ ਜਿਸਨੇ ਹਿੰਦ ਨੂੰ ਸੰਸਾਰ ਭਰ ਵਿਚ ਸਨਅਤੀ ਤੌਰ ‘ਤੇ ਸੱਭ ਤੋਂ ਉੱਨਤ ਨੌ-ਆਬਾਦੀ ਬਣਾ ਦਿੱਤਾ ਸੀ।
ਭਾਵੇਂ 1934 ਵਿਚ ਉਹਨਾਂ ਨੇ ਛੂਤਛਾਤ ਵਿਰੁੱਧ ਵਰਤ ਵੀ ਰੱਖਿਆ, ਅਛੂਤਾਂ ਲਈ ਹਰੀ ਦਾ ਬੇਟਾ ਵਿਸ਼ੇਸ਼ਣ ਦੀ ਵਰਤੋਂ ਵੀ ਕੀਤੀ, ਉਹਨਾਂ ਲਈ ਮੰਦਰਾਂ ਵਿਚ ਦਾਖ਼ਲੇ ਤੇ ਵਿਧਾਨ ਸਭਾਵਾਂ ਵਿਚ ਉਹਨਾਂ ਲਈ ਸੀਟਾਂ ਦੀ ਰੀਜ਼ਰਵੇਸ਼ਨ ਦੀ ਵਿਵਸਥਾ ਵੀ ਕਰਵਾਈ ਪਰ ਛੂਤ ਛਾਤ ਫੇਰ ਵੀ ਖ਼ਤਮ ਨਾ ਹੋਈ। (ਇਸ ਨੂੰ ਵੀ ਮਹਾਤਮਾ ਗਾਂਧੀ ਦਾ ਬਹੁਤ ਵੱਡਾ ਸਵੈ-ਵਿਰੋਧ ਕਿਹਾ ਜਾ ਸਕਦਾ ਹੈ ਕਿ ਜਿਥੇ ਉਹ ਗਿਣਤੀ ਦੇ ਸਿਰਕੱਢ ਕੌਮੀ ਆਗੂਆਂ ਵਿਚੋਂ ਸਨ ਜਿਹਨਾਂ ਦਲਿਤਾਂ ਲਈ ਆਹ ਦਾ ਨਾਅਰਾ ਮਾਰਿਆ, ਉੱਥੇ ਉਹਨਾਂ ਵਰਣ-ਆਸ਼ਰਮ ਨੂੰ “ਊਚ ਨੀਚ ਅਤੇ ਸਰਮਾਏ ਤੇ ਮਿਹਨਤ ਵਿਚਾਲੇ ਵਿਰੋਧਾਂ ਨੂੰ ਇਕਸੁਰ ਕਰਨ ਦਾ ਨਿਵੇਕਲਾ ਹਿੰਦੁਸਤਾਨੀ ਢੰਗ” ਦੱਸ ਕੇ ਇਸਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਵੀ ਹਾਲਾਂਕਿ ਇਹ ਵਰਣ ਆਸ਼ਰਮ ਹੀ ਦਲਿਤਾਂ ਨਾਲ ਸਦੀਆਂ ਤੋਂ ਤੁਰੇ ਆ ਰਹੇ ਅਣਮਨੁੱਖੀ ਵਿਹਾਰ ਤੇ ਵਿਤਕਰੇ ਦੀ ਜੜ੍ਹ ਹੈ। ਵਰਣ ਵੰਡ ਸਮਾਜ ਦੀਆਂ ਸਾਧਾਰਨ ਆਰਥਕ ਸਰਗਰਮੀਆਂ ਵਿਚੋਂ ਸੁਭਾਵਕ ਤੌਰ ‘ਤੇ ਪੈਦਾ ਹੋਣ ਵਾਲੀ ਵਕਤੀ ਕੰਮ ਵੰਡ ਨਹੀਂ ਸਗੋਂ ਧਰਮ ਦੇ ਨਾਂਅ ਉੱਤੇ ਸਮਾਜ ਉੱਪਰ ਮੜ੍ਹੀ ਗਈ ਅਜਿਹੀ ਆਪਹੁਦਰੀ ਵੰਡ ਹੈ ਜਿਸਨੂੰ “ਜਨਮ ਵੰਡ” ਕਹਿਣਾ ਵਧੇਰੇ ਠੀਕ ਹੋਵੇਗਾ।-ਸੰਪਾਦਕ)
ਖੁਸ਼ਕਿਸਮਤੀ ਨਾਲ ਇਸਤਰੀਆਂ ਤੇ ਬ੍ਰਹਮਚਾਰੀਆ ਬਾਰੇ ਉਹਨਾਂ ਦੇ ਵਿਚਾਰਾਂ ਨੂੰ ਕਿਸੇ ਪਾਸਿਉਂ ਹੁੰਗਾਰਾ ਹੀ ਨਹੀਂ ਮਿਲਿਆ। ਇਸਤਰੀਆਂ ਨੂੰ ਉਹ ਪਾਪ ਦਾ ਪੁੰਜ ਸਮਝਦੇ ਸਨ ਅਤੇ ਉਹਨਾਂ ਦਾ ਵਿਚਾਰ ਸੀ ਕਿ ਸਰੀਰਕ ਤੇ ਦਿਮਾਗ਼ੀ ਸਿਹਤ ਨੂੰ ਕਾਇਮ ਰੱਖਣ ਲਈ ਵੀਰਜ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ।
ਆਪਣੇ ਬਦਲ ਨੂੰ ਕਬੂਲ ਕਰਵਾ ਸਕਣ ਵਿਚ ਆਪਣੀ ਅਸਫ਼ਲਤਾ ਦੇ ਸਿੱਟੇ ਵਜੋਂ ਉਹ ਅਜਿਹੇ ਫ਼ੈਸਲੇ ਉੱਤੇ ਪਹੁੰਚੇ ਜਿਸ ਦੇ ਕਾਰਨ ਕੱਟੜ ਕਿਸਮ ਦੇ ਗਾਂਧੀਵਾਦੀ ਚੋਖਾ ਪਰੇਸ਼ਾਨ ਹੀ ਨਹੀਂ ਸਗੋਂ ਲੋਹੇ ਲਾਖੇ ਵੀ ਹੋਏ।
- ਨਹਿਰੂ -
ਜਦੋਂ ਮਹਾਤਮਾ ਗਾਂਧੀ ਤੋਂ ਪੁੱਛਿਆ ਗਿਆ ਕਿ ਉਹਨਾਂ ਦੇ ਜਾਨਸ਼ੀਨ ਕੌਣ ਹੋਣਗੇ ਤਾਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਕਠੋਰ ਪੁਰਾਤਨਵਾਦੀ ਸਰਦਾਰ ਵੱਲਭ ਭਾਈ ਪਟੇਲ ਜਾਂ ਚਤੁਰ-ਪੁਰਾਤਨਵਾਦੀ ਚੱਕਰਵਰਤੀ ਰਾਜਗੁਪਾਲ ਆਚਾਰੀਆ ਦਾ ਨਾਂਅ ਲੈਣਗੇ। ਪਰ ਮਹਾਤਮਾ ਗਾਂਧੀ ਨੇ ਇਹਨਾਂ ਦੋਹਾਂ ਵਿਚੋਂ ਕਿਸੇ ਨੂੰ ਨਹੀਂ ਚੁਣਿਆ ਅਤੇ ਗੁਣਾ ਪੰਡਤ ਜਵਾਹਰ ਲਾਲ ਨਹਿਰੂ ਉੱਤੇ ਪਾਇਆ, ਜਿਨਾਂ ਦੇ ਖੱਬੇ ਪੱਖੀ ਸੋਸ਼ਲਿਸਟ ਤੇ ਇਥੋਂ ਤੱਕ ਕਿ ਮਾਰਕਸਿਸਟ ਵਿਚਾਰ ਉਦੋਂ ਚੋਖੇ ਦ੍ਰਿਸ਼ਟੀਮਾਨ ਸਨ। ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਇਹ ਠੀਕ ਹੈ ਕਿ ਸਾਡੇ ਦੋਹਾਂ ਵਿਚਾਲੇ ਮੱਤਭੇਦ ਤਾਂ ਹਨ ਪਰ ਜਵਾਹਰ ਲਾਲ ਨਹਿਰੂ ਬੇਦਾਗ਼ ਸ਼ਖਸੀਅਤ ਦੇ ਮਾਲਕ ਹਨ, ਜ਼ਾਬਤੇ ਦਾ ਪਾਲਣ ਕਰਨ ਵਾਲੇ ਹਨ ਤੇ ਮੇਰੇ ਤੁਰ ਜਾਣ ਤੋਂ ਬਾਅਦ ਮੇਰੀ ਤਰਜਮਾਨੀ ਕਰਨਗੇ।
ਇਹ ਸੱਚ ਹੈ ਕਿ ਆਜ਼ਾਦ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਜਵਾਹਰ ਲਾਲ ਨਹਿਰੂ ਨੇ ਉਹਨਾਂ ਖੇਤਰਾਂ ਨੂੰ ਬਹੁਤ ਮਾਯੂਸ ਕੀਤਾ ਜਿਨ੍ਹਾਂ ਨੂੰ ਭੁਲੇਖਾ ਸੀ ਕਿ ਉਹ ਅਜਿਹੇ ਆਰਥਕ-ਸਮਾਜੀ ਪਰੀਵਰਤਨ ਲਿਆਉਣਗੇ ਜਿਨ੍ਹਾਂ ਦੇ ਕਾਰਨ ਹਿੰਦ ਸਿੱਧਾ ਅਜਿਹੇ ਸੋਸ਼ਲਿਜ਼ਮ ਵੱਲ ਅੱਗੇ ਵਧਦਾ ਜਾਏਗਾ ਜਿਹੜਾ ਉਤਪਾਦਨ ਦੇ ਮੁੱਖ ਸਾਧਨਾਂ ਦੀ ਨਿੱਜੀ ਮਾਲਕੀ ਦੇ ਖਾਤਮੇ ਉੱਤੇ ਆਧਾਰਤ ਹੋਵੇਗਾ ਜਿਸ ਬਾਰੇ ਖੁਦ ਪੰਡਤ ਨਹਿਰੂ 1927-37 ਦੇ ਦਹਾਕੇ ਵਿਚ ਐਨੇ ਜ਼ੋਰਦਾਰ ਢੰਗ ਨਾਲ ਲਿਖਦੇ ਰਹੇ ਸਨ।
ਜਵਾਹਰ ਲਾਲ ਨਹਿਰੂ ਦੇ ਆਸਾਂ ਉੱਤੇ ਪੂਰੇ ਨਾ ਉਤਰ ਸਕਣ ਦੇ ਮਾਮਲੇ ਨੂੰ ਖੱਬੇ ਪੱਖ ਨੇ ਆਪਣੀ ਨੁਕਤਾਚੀਨੀ ਦਾ ਉਚੇਚਾ ਨਿਸ਼ਾਨਾ ਬਣਾਇਆ ਤੇ ਮਹਾਤਮਾ ਗਾਂਧੀ ਤੇ ਉਸਦੇ ਇਸ ਚੇਲੇ ਲਈ ਦੰਭੀ ਹੋਣ ਜਿਹੇ ਘਿਰਣਾਜਨਕ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ। ਪਰ ਜੇ ਘੱਟੋ ਘੱਟ ਵੀ ਕਿਹਾ ਜਾਏ ਤਾਂ ਇਹ ਨੁਕਤਾਚੀਨੀ ਇੱਕਪਾਸੜ ਸੀ। ਗਾਂਧੀ ਜੀ ਵਲੋਂ ਨਹਿਰੂ ਦੀ ਚੋਣ ਉਹਨਾਂ ਵਲੋਂ ਆਪਣੀਆਂ ਅਜਿਹੀਆਂ ਕਦਰਾਂ ਦੀ ਪੁਸ਼ਟੀ ਹੀ ਸੀ, ਜਿਨ੍ਹਾਂ ਦਾ ਜ਼ਿਕਰ ਇਸ ਲੇਖ ਦੇ ਦੂਸਰੇ ਭਾਗ ਵਿਚ ਕੀਤਾ ਜਾਏਗਾ। ਇਹ ਇਸ ਗੱਲ ਦਾ ਵੀ ਇਕਬਾਲ ਸੀ ਕਿ ਆਜ਼ਾਦੀ ਤੋਂ ਬਾਅਦ ਪੁਰਾਤਨਤਾ ਨੂੰ ਅਧੁਨਿਕਤਾ ਲਈ ਰਾਹ ਛੱਡਣਾ ਹੀ ਪਏਗਾ। ਇਹ ਕੇਵਲ ਨਹਿਰੂ ਹੋ ਸਕਦਾ ਸੀ ਜਿਹੜਾ ਉਸ ਗਤੀਸ਼ੀਲ ਸੰਤੁਲਨ ਲਈ ਅਗਵਾਈ ਪਰਦਾਨ ਕਰ ਸਕਦਾ ਸੀ ਅਤੇ ਉਸਨੇ ਕੀਤੀ ਵੀ, ਜਿਸਨੂੰ ਮਹਾਤਮਾ ਗਾਂਧੀ ਸੁਤੰਤਰਤਾ ਸੰਗਰਾਮ ਸਮੇਂ ਰੂਪਮਾਨ ਕਰਦੇ ਸਨ।
ਪਰ ਅਹਿੰਸਾ ਦਾ ਨੀਤੀ ਦੇ ਰੂਪ ਵਿਚ ਕੀ ਬਣਿਆ? ਆਮ ਹੜਤਾਲਾਂ, ਜਨਤਕ ਲਾਮਬੰਦੀ ਲਈ ਕਿਸਾਨ ਬਗ਼ਾਵਤਾਂ ਤੇ ਹਥਿਆਰਬੰਦ ਸੰਘਰਸ਼ ਦੇ ਰੂਪ ਵਿਚ ਖੱਬੇ ਪੱਖ ਵਲੋਂ ਪਰਚਾਰੀ ਜਾਂਦੀ ਰਵਾਇਤੀ ਪਹੁੰਚ ਦੇ ਬਦਲ ਵਜੋਂ ਵਰਤਾਂ, ਸਤਿਆਗ੍ਰਹਿ ਤੇ ਹੜਤਾਲਾਂ ਦੇ ਢੰਗਾਂ ਦਾ ਕੀ ਬਣਿਆ? ਕੀ ਇਹ ਢੰਗ ਇਸ ਸ਼ਕਲ ਵਿਚ ਸਫ਼ਲ ਨਹੀਂ ਆਖੇ ਜਾ ਸਕਦੇ ਕਿ ਹਿੰਦ ਨੇ ਇਸੇ ਰਾਹ ਉੱਤੇ ਚਲਦਿਆਂ ਆਜ਼ਾਦੀ ਹਾਸਲ ਕੀਤੀ ਅਤੇ ਚੀਨੀ ਇਨਕਲਾਬ ਦੇ ਰਾਹ ਦੇ ਟਾਕਰੇ ਵਿਚ ਹਿੰਦੁਸਤਾਨੀਆਂ ਨੇ ਆਪਣੇ ਤਰੀਕੇ ਨਾਲ ਬਰਤਾਨਵੀ ਰਾਜ ਦਾ ਅੰਤ ਕਰ ਦਿੱਤਾ?
ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ; ਜਨਤਕ ਲਾਮਬੰਦੀ ਦਾ ਖੱਬੇਪਖੀ ਕੱਟੜਪੰਥੀ ਤੇ ਰਵਾਇਤੀ ਰਾਹ ਸਫ਼ਲ ਨਾ ਰਿਹਾ, ਇਸ ਲਈ ਨਹੀਂ ਕਿ ਇਸ ਦੇ ਮੁਕਾਬਲੇ ਉੱਤੇ ਗਾਂਧੀਵਾਦ ਦਾ ਬਦਲਵਾਂ ਰਾਹ ਮੌਜੂਦ ਸੀ, ਸਗੋਂ ਕੇਵਲ ਇਸ ਲਈ ਕਿ ਖੱਬੇ ਪੱਖੀ ਰਾਹ ਕੱਟੜਪੰਥੀ ਤੇ ਰਵਾਇਤੀ ਸੀ। ਜੇ ਵੇਖਿਆ ਜਾਏ ਤਾਂ ਮਾਓ ਨਾ ਕੱਟੜਪੰਥੀ ਸੀ ਤੇ ਨਾ ਹੀ ਰਵਾਇਤੀ। ਇਸੇ ਲਈ ਉਹ ਚੀਨ ਵਿਚ ਸਫ਼ਲ ਰਿਹਾ ਭਾਵੇਂ ਉਸਦਾ ਰਾਹ ਹਿੰਦ ਲਈ ਢੁੱਕਵਾਂ ਨਹੀਂ ਸੀ, ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਤੇ ਆਜ਼ਾਦੀ ਤੋਂ ਪਿੱਛੋਂ ਤਾਂ ਉੱਕਾ ਹੀ ਨਹੀਂ। ਗਾਂਧੀਵਾਦੀ ਰਾਹ ਵੀ ਪੂਰੀ ਤਰ੍ਹਾਂ ਸਫ਼ਲ ਨਾ ਰਿਹਾ ਭਾਵੇਂ ਇਸ ਨੇ ਸਾਮਰਾਜ ਵਿਰੋਧੀ ਜਨਤਕ ਲਾਮਬੰਦੀ ਵਿਚ ਸੌਖਿਆਂ ਹੀ ਮੁੱਖ ਭੂਮਿਕਾ ਨਿਭਾਈ।
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਜ਼ਾਦੀ ਲਈ ਹਿੰਦੁਸਤਾਨੀ ਸੰਘਰਸ਼ ਬਹੁ-ਧਾਰਾ ਸੰਘਰਸ਼ ਸੀ ਅਤੇ ਇਹ ਉਸਤੋਂ ਬਹੁਤ ਦੇਰ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਜਦੋਂ ਗਾਂਧੀ ਜੀ ਇਸਦੇ ਸਿਰਮੌਰ ਆਗੂ ਬਣੇ। 18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ ਦੇ ਸ਼ੁਰੂ ਦੀਆਂ ਕਿਸਾਨ ਬਗ਼ਾਵਤਾਂ ਆਪਣੇ ਆਪ ਮੁਹਾਰੇ ਖਾਸੇ ਦੇ ਪੱਖੋਂ ਸਾਮਰਾਜ-ਵਿਰੋਧੀ ਅੰਸ਼ ਰੱਖਦੀਆਂ ਸਨ। 1857 ਦੇ ਗ਼ਦਰ ਨੂੰ ਇਸਦੇ ਸ਼ੁਰੂ ਵਿਚ ਵੀ ਮਾਰਕਸ ਤੇ ਏਂਗਲਜ਼ ਨੇ ਆਜ਼ਾਦੀ ਦੀ ਪਹਿਲੀ ਜੰਗ ਕਰਾਰ ਦਿੱਤਾ ਸੀ। 1857 ਤੋਂ ਪਹਿਲਾਂ ਤੇ ਪਿੱਛੋਂ ਦੀਆਂ ਸਮਾਜ ਸੁਧਾਰ ਲਹਿਰਾਂ ਨੇ, ਅਪਣੀਆਂ ਅੱਤ ਸੌੜੀਆਂ ਸੀਮਾਵਾਂ ਤੇ ਡੂੰਘੇ ਭਰਮਾਂ ਦੇ ਬਾਵਜੂਦ ਹਿੰਦ ਨੂੰ ਅਜਿਹਾ ਰੂਪ ਦੇਣ ਦੀ ਪ੍ਰਕਿਰਿਆ ਵਿਚ ਯੋਗਦਾਨ ਪਾਇਆ, ਜਿਸਦਾ ਪਰਚਾਰ ਸਮਾਜੀ ਖੇਤਰ ਵਿਚ ਗਾਂਧੀ ਜੀ ਨੇ ਐਨਾ ਲੰਮਾ ਸਮਾਂ ਬੀਤ ਜਾਣ ਪਿੱਛੋਂ ਕੀਤਾ। ਆਰੰਭਕ ਕੌਮੀ ਇਨਕਲਾਬੀ ਲਹਿਰ ਨੇ ਹਿੰਦੂ ਪੁਨਰ-ਸੁਰਜੀਤੀ ਦੀ ਆਪਣੀ ਰੰਗਤ ਦੇ ਬਾਵਜੂਦ, ਕੌਮੀ ਸੋਚ ਉੱਤੇ ਬਹੁਤ ਵੱਡਾ ਅਸਰ ਪਾਇਆ ਸੀ। ਮਿਸਾਲ ਲਈ ਚਾਪੇਕਰ ਭਰਾ, ਜਿਨਾਂ ਪੰਜਾਂ ਦੇ ਪੰਜਾਂ ਨੂੰ ਬਰਤਾਨਵੀ ਬਸਤੀਵਾਦੀ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਫਾਂਸੀ ਤੇ ਲਟਕਾ ਦਿੱਤਾ ਸੀ, ਆਪਣੇ ਕਾਰਨਾਮਿਆਂ ਦੇ ਕਾਰਨ ਲੋਕ ਕਥਾਵਾਂ ਦੇ ਨਾਇਕ ਬਣ ਗਏ ਸਨ।
ਤਿਲਕ ਦੀ ਅਹਿਮ ਭੂਮਿਕਾ ਨਾਲ 1905-8 ਦੀ ਸਵਦੇਸੀ ਲਹਿਰ ਵਿਚ ਜਿੰਨੇ ਵੱਡੇ ਪੈਮਾਨੇ ਉੱਤੇ ਸ਼ਹਿਰੀ ਜਨਤਾ ਨੇ ਹਿੱਸਾ ਲਿਆ, ਜਿਸ ਤਰ੍ਹਾਂ ਇਹ ਦੇਸ ਵਿਆਪੀ ਲਹਿਰ ਬਣੀ, ਸੰਘਰਸ਼ ਦੇ ਜਿਹੜੇ ਢੰਗ ਇਸਨੇ ਅਪਣਾਏ ਤੇ ਜਿਹੜਾ ਸਭਿਆਚਾਰਕ ਉਭਾਰ ਇਸਨੇ ਪੈਦਾ ਕੀਤਾ, ਜਿਸਦੀ ਗੂੰਜ ਟੈਗੋਰ ਦੇ ਉਸੇ ਵੇਲੇ ਦੇ ਗੀਤਾਂ ਵਿਚ ਖਾਸ ਤੌਰ ‘ਤੇ ਮਿਲਦੀ ਹੈ, ਇਹਨਾਂ ਸਾਰੇ ਪੱਖਾਂ ਤੋਂ ਇਸ ਲਹਿਰ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਲੈਨਿਨ ਨੇ ਸਵਿਟਜਰਲੈਂਡ ਵਿਚ ਕਿਹਾ ਸੀ ਤਾਂ ਐਵੇਂ ਨਹੀਂ ਸੀ ਕਿਹਾ ਕਿ ਤਿਲਕ ਦੇ ਖਿਲਾਫ਼ ਬਰਤਾਨਵੀ ਹਾਕਮਾਂ ਵਲੋਂ ਸੁਣਾਈ ਗਈ ਸਜ਼ਾ ਦੇ ਖਿਲਾਫ਼ ਬੰਬਈ ਦੇ ਮਜ਼ਦੂਰਾਂ ਦੀ 1908 ਦੀ ਹੜਤਾਲ ਬਰਤਾਨਵੀ ਰਾਜ ਦੇ ਖਾਤਮੇ ਦੀ ਘੰਟੀ ਹੈ।
1919 ਦੇ ਨੇੜੇ ਤੇੜੇ ਸੁਤੰਤਰਤਾ ਸੰਘਰਸ਼ ਦੇ ਨਵੇਂ ਦੌਰ ਦੇ ਆਰੰਭ ਦੇ ਸਮੇਂ, ਜਦੋਂ ਗਾਂਧੀ ਜੀ ਇਸਦੇ ਸਰਕਰਦਾ ਆਗੂ ਵਜੋਂ ਸਾਹਮਣੇ ਆਏ, ਇਸ ਵਿਚ ਗੈਰ-ਗਾਂਧੀਵਾਦੀ ਤੇ ਗਾਂਧੀ-ਵਿਰੋਧੀ ਰੁਝਾਣ ਦੋਹਵੇਂ ਪਹਿਲਾਂ ਤੋਂ ਹੀ ਮੌਜੂਦ ਸਨ। 1920 ਤੋਂ ਲੈ ਕੇ ਸੁਤੰਤਰਤਾ ਸੰਘਰਸ਼ ਵਿਚ ਕਮਿਊਨਿਸਟਾਂ ਦਾ ਅਸਰ ਰਸੂਖ ਉਹਨਾਂ ਦੀ ਗਿਣਤੀ ਨਾਲੋਂ ਕਿਤੇ ਵੱਧ ਸੀ। ਵਾਸਤਵ ਵਿਚ ਇਹ ਯਾਦ ਕਰਾਉਣਾ ਯੋਗ ਹੀ ਹੋਵੇਗਾ ਕਿ ਜਿਹੜੀ ਹਿੰਦ ਕਮਿਊਨਿਸਟ ਪਾਰਟੀ ਅਜੇ ਸਥਾਪਤ ਹੋਣੀ ਸੀ, ਉਸਦੇ ਨਾਂਅ ਉੱਤੇ ਜਾਰੀ ਹੋਏ ਮੈਨੀਫੋਸਟੋ ਦੇ ਆਧਾਰ ਉੱਤੇ ਹੀ ਮੌਲਾਨਾ ਹਸਰਤ ਮੋਹਾਨੀ ਨੇ ਕਾਂਗਰਸ ਦੇ 1921 ਦੇ ਅਹਿਮਦਾਬਾਦ ਅਜਲਾਸ ਵਿਚ ਇਹ ਮਤਾ ਪੇਸ਼ ਕੀਤਾ ਸੀ ਕਿ “ਪੂਰਨ ਆਜ਼ਾਦੀ” ਸਾਡੀ ਕੌਮੀ ਲਹਿਰ ਦਾ ਨਿਸ਼ਾਨਾ ਹੋਣੀ ਚਾਹੀਦੀ ਹੈ, ਅਤੇ ਇਹ ਮਹਾਤਮਾ ਗਾਂਧੀ ਸਨ ਜਿਨ੍ਹਾਂ ਦੀ ਜ਼ੋਰਦਾਰ ਵਿਰੋਧਤਾ ਦੇ ਕਾਰਨ ਇਹ ਮਤਾ ਰੱਦ ਗਿਆ ਸੀ।
ਇਥੋਂ ਤੱਕ ਕਿ ਜਦੋਂ ਕਾਂਗਰਸ ਦੇ ਮਦਰਾਸ ਅਜਲਾਸ ਵਿਚ ਇਹੀ ਮਤਾ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੌਸ ਅਤੇ ਕਮਉਨਿਸਟਾਂ ਦੇ ਮਿਲਵੇਂ ਯਤਨਾਂ ਦੇ ਸਿੱਟੇ ਵਜੋਂ ਪਾਸ ਹੋ ਗਿਆ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਉੱਤੇ ਅਮਲ ਇਕ ਸਾਲ ਲਈ ਮੁਲਤਵੀ ਕਰਾ ਲਿਆ ਸੀ। ਸੁਤੰਤਰਤਾ ਸੰਗਰਸ਼ ਵਿਚ ਕਮਿਉਨਿਸਟਾਂ ਦਾ ਹਿੱਸਾ ਇਸ ਲੇਖ ਦਾ ਵਿਸਾ ਨਹੀਂ, ਪਰ ਇਹਨਾਂ ਦੇ ਬਹੁਪੱਖੀ ਯੋਗਦਾਨ ਦਾ ਜ਼ਿਕਰ ਜ਼ਰੂਰੀ ਹੈ। ਅਤੇ ਇਹ ਯੋਗਦਾਨ ਸੀ ਜਨਤਕ ਸ਼੍ਰੇਣੀ ਜਥੇਬੰਦੀਆਂ, ਖਾਸ ਤੌਰ ‘ਤੇ ਹਕੀਕੀ ਟਰੇਡ ਯੂਨੀਅਨਾਂ, ਸੋਸ਼ਲਿਜ਼ਮ ਦੇ ਆਦਰਸ਼ਾਂ ਤੇ ਪ੍ਰੋਗਰਾਮ ਦਾ ਪਰਚਾਰ; ਆਜ਼ਾਦੀ ਦੇ ਹਿੱਸੇ ਵਜੋਂ ਤਿੱਖੇ ਸਮਾਜੀ-ਆਰਥਕ ਪ੍ਰੋਗਰਾਮ, ਤਿੱਖੇ ਭੂਮੀ ਸੁਧਾਰ ਤੇ ਬੁਨਿਆਦੀ ਸਨੱਅਤਾਂ ਦਾ ਕੌਮੀਕਰਣ ਅਤੇ ਪੇਂਡੂ ਖੇਤਰਾਂ ਵਿਚ ਜਨਤਕ ਹਥਿਆਰਬੰਦ ਲੜਾਈ।
ਕਮਿਉਨਿਸਟਾਂ ਤੋਂ ਇਲਾਵਾ, ਜਿਹੜੇ 1939-45 ਦੇ ਸਾਲਾਂ ਨੂੰ ਛੱਡਕੇ ਬਾਕੀ ਬਹੁਤਾ ਸਮਾਂ ਗਾਂਧੀ ਵਿਰੋਧੀ ਹੀ ਰਹੇ, ਕੁਝ ਹੋਰ ਸ਼ਖ਼ਸੀਅਤਾਂ ਵੀ ਸਨ ਜੋ ਕਾਂਗਰਸ ਦੇ ਅੰਦਰ ਸੋਸ਼ਲਿਸਟ ਰੁਝਾਣ ਦੇ ਧੁਰੇ ਦਾ ਦਰਜਾ ਰੱਖਦੀਆਂ ਸਨ। ਉਹਨਾਂ ਵਿਚ ਸ਼ਾਮਲ ਸਨ ਜਵਾਹਰ ਲਾਲ ਨਹਿਰੂ, ਜੈ ਪ੍ਰਕਾਸ਼ ਨਰਾਇਣ ਤੇ ਅਚਾਰੀਆ ਨਰਿੰਦਰ ਦੇਵ। ਨਹਿਰੂ ਖਾਸ ਤੌਰ ‘ਤੇ ਇਸ ਪੱਖੋਂ ਬਹੁਤ ਜਬਰਦਸਤ ਹੱਦ ਤੱਕ ਤੇ ਬੜੇ ਵਰਨਣਯੋਗ ਢੰਗ ਨਾਲ ਸਫ਼ਲ ਰਹੇ ਕਿ ਉਹਨਾਂ ਨੇ ਲੱਖਾਂ ਦੇਸ਼ਭਗਤ ਨੌਜਵਾਨਾਂ ਦੀ ਵਿਸ਼ਾਲ ਗਿਣਤੀ ਦੇ ਵਿਚਾਰਾਂ ਵਿਚ ਤਿੱਖੀ ਤਬਦੀਲੀ ਲਿਆਂਦੀ ਤੇ ਉਹਨਾਂ ਨੂੰ ਗ਼ੈਰ-ਗਾਂਧੀਵਾਦੀ ਲੀਹਾਂ ਉੱਤੇ ਤੋਰਿਆ। ਇਸ ਖੇਤਰ ਵਿਚ ਇਸਤੋਂ ਅਗਲਾ ਨਾਂਅ ਹੈ ਇੰਡੀਅਨ ਨੈਸ਼ਨਲ ਆਰਮੀ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਿਹੜੇ ਕਦੇ ਵੀ ਮਹਾਤਮਾ ਗਾਂਧੀ ਦੇ ਪੈਰੋਕਾਰ ਨਾ ਬਣ ਸਕੇ। ਸਰਦਾਰ ਭਗਤ ਸਿੰਘ, ਜਿਹੜੇ ਕੌਮੀ ਇਨਕਲਾਬੀ ਰੁਝਾਣ ਦੇ ਬਿਹਤਰੀਨ ਪ੍ਰਤਿਨਿਧੀ ਸਨ, ਵੱਲੋਂ ਇਸ ਸੰਬੰਧ ਵਿਚ ਪਾਏ ਗਏ ਹਿੱਸੇ ਦਾ ਪਹਿਲਾਂ ਹੀ ਜ਼ਿਕਰ ਹੋ ਚੁੱਕਾ ਹੈ। ਉਹਨਾਂ ਦੇ ਬਰਾਬਰ ਦੀ ਥਾਂ ਹਾਸਿਲ ਹੈ ਸੂਰੀਯ ਸੇਨ ਤੇ ਉਹਨਾਂ ਦੇ ਸਾਥੀਆਂ ਨੂੰ ਜਿਹਨਾਂ ਨੇ 1930 ਵਿਚ ਚਿਟਾਗਾਂਗ ਅਸਲ੍ਹਾਖ਼ਾਨੇ ਉੱਤੇ ਹਮਲੇ ਦਾ ਦਲੇਰਾਨਾ ਕਾਰਨਾਮਾ ਕਰ ਦਿਖਾਇਆ ਸੀ ਤੇ ਜਿਹੜੇ ਨਾ ਸਿਰਫ਼ ਹਿੰਦੁਸਤਾਨ ਵਿਚ ਵੀ ਸਗੋਂ ਬੰਗਲਾ ਦੇਸ ਵਿਚ ਲੋਕ ਨਾਇਕਾਂ ਵਜੋਂ ਯਾਦ ਕੀਤੇ ਜਾਂਦੇ ਹਨ।
ਵਿਚਾਰਾਂ ਤੇ ਐਕਸ਼ਨਾਂ ਦੇ ਇਹਨਾਂ ਧਾਰਿਆਂ ਨੂੰ ਲੇਖੇ ਵਿਚ ਲਿਆਂਦੇ ਬਿਨਾ ਆਜ਼ਾਦੀ ਲਈ ਹਿੰਦ ਦਾ ਸੰਘਰਸ਼ ਨਾ ਸੋਚਿਆ ਤੇ ਨਾ ਹੀ ਬਿਆਨ ਕੀਤਾ ਜਾ ਸਕਦਾ ਹੈ ਭਾਵੇਂ ਹੱਕ ਦੀ ਗੱਲ ਇਹੀ ਹੈ ਕਿ ਇਹਨਾਂ ਧਾਰਾਵਾਂ ਵਿਚ ਗਾਂਧੀ ਜੀ ਦੀ ਅਗਵਾਈ ਹੇਠਲੀ ਲਹਿਰ ਨੂੰ ਪ੍ਰਮੁੱਖ ਥਾਂ ਹਾਸਲ ਸੀ।
ਇਸ ਪ੍ਰਮੁੱਖਤਾ ਨੂੰ ਪਰਵਾਨ ਕਰਦਿਆਂ ਹੋਇਆਂ ਵੀ ਉਹਨਾਂ ਜ਼ਬਰਦਸਤ ਅਸਫ਼ਲਤਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹਨਾਂ ਦਾ ਸ਼ਿਕਾਰ ਅਹਿੰਸਾ ਨੂੰ ਨੀਤੀ ਵਜੋਂ ਹੋਣਾ ਪਿਆ। ਹਿੰਦੂ ਮੁਸਲਮ ਪਾੜੇ ਕਾਰਨ ਲੱਖਾਂ ਲੋਕਾਂ ਦੇ ਹੋਏ ਕਤਲ ਤੇ ਹਿੰਦ ਦੀ ਵੰਡ ਅਤੇ ਇਸਦੇ ਸਿੱਟੇ ਵਜੋਂ ਹੋਇਆ ਬੇਪਨਾਹ ਖ਼ੂਨ ਖਰਾਬਾ ਮਹਾਤਮਾ ਗਾਂਧੀ ਦੀਆਂ ਇਹਨਾਂ ਆਸਾਂ ਦੀ ਕਤਈ ਸ਼ਿਕਸਤ ਸੀ ਕਿ ਬਰਤਾਨੀਆ ਤੋਂ ਹਕੂਮਤ ਅਨੁਸ਼ਾਸਤ ਅਤੇ ਮੁਕਾਬਲਤਨ ਪੁਰਅਮਨ ਢੰਗ ਨਾਲ ਹਾਸਿਲ ਕਰ ਲਈ ਜਾਏਗੀ। ਉਹਨਾਂ ਇਸ ਗੱਲ ਨੂੰ ਪਰਵਾਨ ਕਰਨ ਦੀ ਈਮਾਨਦਾਰੀ ਵੀ ਦਿਖਾਈ ਜਦੋਂ ਆਲ ਇੰਡੀਆ ਰੇਡੀਓ ਨੇ ਉਹਨਾਂ ਤੋਂ ਰਾਸ਼ਟਰ ਪਿਤਾ ਵਜੋਂ ਆਜ਼ਾਦੀ ਦਿਵਸ ਬਾਰੇ ਕੋਈ ਸਨੇਹਾ ਦੇਣ ਲਈ ਕਿਹਾ ਤਾਂ ਉਹਨਾਂ ਇਹ ਆਖਦਿਆਂ ਨਾਂਹ ਕਰ ਦਿੱਤੀ, “ਅੰਦਰ ਪੂਰੀ ਤਰ੍ਹਾਂ ਹਨੇਰਾ ਪਸਰਿਆ ਹੋਇਆ ਹੈ ਅਤੇ ਜੋ ਕੁਝ ਹੋ ਰਿਹਾ ਹੈ ਜੇ ਉਹ ਮੰਦਾ ਹੈ ਤਾਂ ਇਸਨੂੰ ਮੰਦਾ ਹੀ ਰਹਿਣ ਦਿਓ।”
ਪ੍ਰੋæ ਨਿਰਮਲ ਕੁਮਾਰ ਬੋਸ, ਜਿਹੜੇ ਗਾਂਧੀ ਜੀ ਦੇ ਦਾਨਸ਼ਵਰ ਪੈਰੋਕਾਰ ਅਤੇ ਸਿਰਕੱਢ ਭਾਰਤੀ ਮਾਨਵ-ਵਿਗਿਆਨੀ ਸਨ, ਨੇ ਉਸ ਵੇਲੇ ਦੇ ਦੁਖਦਾਈ ਵਾਕਿਆਤ ਦਾ ਅੱਖੀਂ ਡਿੱਠਾ ਹਾਲ ਕਲਮਬੰਦ ਕੀਤਾ, ਜਦੋਂ ਉਹ 1947 ਵਿਚ ਕਲਕੱਤੇ ਵਿਚ ਗਾਂਧੀ ਜੀ ਦੇ ਨਾਲ ਸਨ। ਫਿਰਕੂ ਫਸਾਦਾਂ ਦੀ ਹਨੇਰੀ ਝੁੱਲ ਰਹੀ ਸੀ। ਇਕ ਸ਼ਾਮ ਦੀ ਗੱਲ ਹੈ, ਹਿੰਦੂ ਨੌਜਵਾਨਾਂ ਦਾ ਇਕ ਜਥਾ ਮਹਾਤਮਾ ਦੇ ਨਿਵਾਸ ਦੇ ਬਾਹਰ ਆਇਆ ਤੇ ਕਹਿਣ ਲੱਗਾ ਕਿ ਉਹ ਗਾਂਧੀ ਜੀ ਦੀ ਆਸ਼ੀਰਵਾਦ ਚਾਹੁੰਦੇ ਹਨ। ਉਹਨਾਂ ਕੋਲ ਬੰਦੂਕਾਂ ਵੀ ਸਨ ਤੇ ਬੰਬ ਵੀ। ਉਹਨਾਂ ਦੱਸਿਆ ਕਿ ਉਹ ਇਹਨਾਂ ਹਥਿਆਰਾਂ ਨਾਲ ਮੁਸਲਮਾਨਾਂ ਦੀ ਰਾਖੀ ਕਰਨਗੇ। ਉਹਨਾਂ ਗਾਂਧੀ ਜੀ ਨੂੰ ਮਿਲੇ ਬਿਨਾ ਹਿੱਲਣ ਤੋਂ ਨਾਂਹ ਕਰ ਦਿੱਤੀ। ਨਾਅਰਿਆਂ ਦਾ ਸ਼ੋਰ ਸੁਣਕੇ ਗਾਂਧੀ ਜੀ ਬਾਹਰ ਆਏ, ਉਹਨਾਂ ਦੀ ਗੱਲ ਸੁਣੀ ਤੇ ਇਹ ਆਖਕੇ ਉਹਨਾਂ ਨੂੰ ਅਸ਼ੀਰਵਾਦ ਦਿੱਤੀ, “ਜਿਥੇ ਮੈਂ ਅਸਫ਼ਲ ਰਿਹਾ ਹਾਂ, ਤੁਸੀਂ ਆਪਣੇ ਜਤਨ ਕਰ ਦੇਖੋ।”
ਪਿਆਰੇ ਲਾਲ ਤੇ ਮਾਈਕਲ ਬ੍ਰੈਸ਼ਰ ਨੇ ਵੀ ਲਿਖਿਆ ਹੈ ਕਿ ਜਦੋਂ ਬਰਤਾਨਵੀ ਪ੍ਰਤਿਨਿਧਾਂ ਤੇ ਕਾਂਗਰਸੀ ਆਗੂਆਂ ਵਿਚਾਲੇ ਗੱਲਬਾਤ ਚਲ ਰਹੀ ਸੀ ਅਤੇ ਇਹ ਸਪਸ਼ਟ ਹੋ ਗਿਆ ਸੀ ਕਿ ਹਿੰਦੁਸਤਾਨ ਦੀ ਵੰਡ ਹੋਣ ਵਾਲੀ ਹੈ, ਗਾਂਧੀ ਜੀ ਨੇ ਸੁਝਾਅ ਦਿੱਤਾ ਸੀ ਕਿ ਇਸ ਵਾਰ 1942 ਦੀ “ਹਿੰਦੁਸਤਾਨ ਛੱਡੋ” ਲਹਿਰ ਨਾਲੋਂ ਵੀ ਵਿਸ਼ਾਲ ਪੱਧਰ ਦਾ ਲੋਕ ਸੰਘਰਸ਼ ਛੇੜਿਆ ਜਾਏ। ਪਰ ਉਹਨਾਂ ਦੇ ਸਾਰੇ ਹੀ ਲੈਫਟੀਨੈਂਟਾਂ-ਨਹਿਰੂ, ਪਟੇਲ, ਕਿਰਪਲਾਨੀ, ਰਾਜਿੰਦਰ ਪ੍ਰਸਾਦ-ਨੇ ਇਸ ਸੁਝਾਅ ਨੂੰ ਪਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਸੀ ਕਿ “ਜੇਲ੍ਹਾਂ ਭਰਨ ਦੇ ਦਿਨ ਹੁਣ ਬੀਤ ਚੁੱਕੇ ਹਨ।” ਪਰ ਜਦੋਂ 1946 ਵਿਚ ਰਾਇਲ ਇੰਡੀਅਨ ਨੇਵੀ ਵਿਚ ਬਗ਼ਾਵਤ ਹੋਈ ਅਤੇ ਇਸਦੀ ਹਮਾਇਤ ਵਿਚ ਬੰਬਈ ਦੇ ਮਜ਼ਦੂਰਾਂ ਨੇ ਅਨਿਸ਼ਚਿਤ ਹੜਤਾਲ ਕੀਤੀ ਅਤੇ ਇਸ ਤਰ੍ਹਾਂ ਹਿੰਦੂ-ਮੁਸਲਮ ਏਕਤਾ ਸੰਘਰਸ਼ ਦੀ ਅਗਨ ਕੁਠਾਲੀ ਵਿਚੋਂ ਮਜ਼ਬੂਤ ਹੋ ਕੇ ਨਿਕਲੀ ਤਾਂ ਮਹਾਤਮਾ ਗਾਂਧੀ ਨੇ ਇਸਨੂੰ “ਲਾਲ ਤਬਾਹੀ” ਦੱਸਿਆ ਅਤੇ ਇਸ “ਮੋਰਚਾਬੰਦੀ ਦੀ ਏਕਤਾ” ਦੀ ਨਿੰਦਾ ਕੀਤੀ ਤੇ ਅਤੇ ਕਿਹਾ ਕਿ ਜੇ ਹਿੰਦ ਦੀ ਆਜ਼ਾਦੀ ਦਾ ਇਹੀ ਰਾਹ ਹੈ ਤਾਂ ਮੈਨੂੰ 125 ਸਾਲ ਤੱਕ ਜਿਉਣ ਦੀ ਕੋਈ ਇੱਛਾ ਨਹੀਂ।
ਪਰ ਉਹ ਆਪਣੇ ਵੱਲੋਂ ਹਾਲਾਤ ਦਾ ਕੋਈ ਬਦਲ ਪੇਸ਼ ਨਾ ਕਰ ਸਕੇ। ਉਹਨਾਂ ਨੂੰ ਆਪ ਅੱਗੇ ਆ ਕੇ ਕਾਂਗਰਸੀ ਸਫਾਂ ਨੂੰ ਇਸ ਗੱਲ ਲਈ ਪ੍ਰੇਰਨਾ ਪਿਆ ਕਿ ਉਹ ਉਸ ਨਿਪਟਾਰੇ ਨੂੰ ਪਰਵਾਨ ਕਰ ਲੈਣ ਜਿਸਨੂੰ ਇਤਹਾਸ ਵਿਚ ‘ਸੱਤਾ ਦੀ ਤਬਦੀਲੀ’ ਜਾਂ ‘ਮਾਉਂਟਬੈਟਨ ਪਲੈਨ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜਿਤਨੀ ਤੇਜ਼ੀ ਨਾਲ ਕਾਂਗਰਸ ਦਾ ਪਤਨ ਹੋਇਆ, ਉਸਨੇ ਉਹਨਾਂ ਨੂੰ ਐਨਾ ਮਾਯੂਸ ਕੀਤਾ ਕਿ ਉਹਨਾਂ ਕਾਂਗਰਸ ਨੂੰ ਭੰਗ ਕਰਨ ਅਤੇ ਉਸਦੀ ਥਾਂ ਲੋਕ ਸੇਵਕ ਸੰਘ ਕਾਇਮ ਕਰਨ ਦਾ ਸੱਦਾ ਦਿੱਤਾ। ਅੰਤ ਵਿਚ ਉਹਨਾਂ ਨੂੰ ਨਥੂ ਰਾਮ ਗਾਡਸੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ, ਉਹਨਾਂ ਦਾ ਕਾਤਲ ਆਪਣੇ ਆਪ ਨੂੰ ਗਾਂਧੀ ਜੀ ਨਾਲੋਂ ਵਧੇਰੇ ਬਿਹਤਰ ਹਿੰਦੂ ਸਮਝਦਾ ਸੀ। ਪਰ ਜਦੋਂ ਉਹਨਾਂ ਦਾ ਦਿਹਾਂਤ ਹੋਇਆ ਤਾਂ ਲੱਖਾਂ ਕਰੋੜਾਂ ਲੋਕਾਂ ਨੇ ਜਿਸ ਢੰਗ ਨਾਲ ਸੋਗ ਮਾਨਇਆ ਉਸਨੂੰ ਇਸ ਦੇਸ ਨੇ ਇਸਤੋਂ ਪਹਿਲਾਂ ਨਾ ਕਦੇ ਦੇਖਿਆ ਸੀ ਤੇ ਨਾ ਹੁਣ ਤੱਕ ਦੇਖਿਆ ਹੈ। ਉਹਨਾਂ ਦੀ ਸ਼ਿਕਰਤ ਦੇ ਸਮੇਂ ਉਹਨਾਂ ਨੂੰ ਐਨੀ ਵਿਆਪਕ ਸ਼ਰਧਾਜਲੀਂ ਕਿਉਂ?
æ2॥
ਲੋਕਾਂ ਵਲੋਂ ਗਾਂਧੀ ਜੀ ਨੂੰ ਇਸ ਲਾਮਿਸਾਲ ਸ਼ਰਧਾਂਜਲੀ ਦਾ ਕਾਰਨ ਗਾਂਧੀਵਾਦ ਦਾ ਅਮਿੱਟ ਵਿਰਸਾ ਹੈ। ਅਤੇ ਇਹ ਵਿਰਸਾ ਅੱਜ ਵੀ ਓਨਾ ਹੀ ਪਰਸੰਗਕ ਹੈ।
ਮਹਾਤਮਾ ਗਾਂਧੀ ਨੇ 1937 ਦੇ ਪਹਿਲੇ ਅੱਧ ਵਿਚ ਆਪ ਵੀ ਹਰੀਜਨ ਵਿਚ ਲਿਖਿਆ ਸੀ, “ਮੇਰੀਆਂ ਲਿਖਤਾਂ ਦਾ ਮੇਰੀ ਦੇਹ ਦੇ ਨਾਲ ਹੀ ਸੰਸਕਾਰ ਕਰ ਦਿੱਤਾ ਜਾਏ। ਜੋ ਕੁਝ ਮੈਂ ਲਿਖਿਆ ਜਾ ਕਿਹਾ, ਉਹ ਨਹੀਂ ਸਗੋਂ ਜੋ ਕੁਝ ਮੈਂ ਕੀਤਾ, ਉਹੀ ਕਾਇਮ ਰਹੇਗਾ। ਇਸ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦੇ ਦਿਲੋਂ ਨਿਕਲੀ ਆਵਾਜ਼ ਇਹ ਸੀ, “ਮੈਂ ਤਾਂ ਕਸ਼ਮਕਸ਼ ਵਿਚੋਂ ਲੰਘ ਰਹੀ ਇਕ ਨਿਮਾਣੀ ਜਿਹੀ ਰੂਹ ਹਾਂ ਜਿਹੜੀ ਪੂਰੀ ਤਰ੍ਹਾਂ ਨੇਕ ਹੋਣਾ ਤਾਂਘਦੀ ਹੈ।”
ਜਿਸ ਗੱਲ ਨੇ ਉਹਨਾਂ ਨੂੰ ਮਹਾਨ ਬਣਾਇਆ, ਉਹ ਸੀ ਉਹਨਾਂ ਦਾ ਹਿੰਦ ਲਈ ਅਤੇ ਇਸਦੇ ਗਰੀਬਾਂ ਲਈ ਪਿਆਰ, ਜਿਹੜੇ ਜ਼ਿਆਦਾਤਰ ਪਿੰਡਾਂ ਵਿਚ ਵਸਦੇ ਸਨ। ਇਕ ਸਾਲ ਪਹਿਲਾਂ, ਜਿਸ ਤਰ੍ਹਾਂ ਉਹਨਾਂ ਹਰੀਜਨ ਵਿਚ ਲਿਖਿਆ ਸੀ, “ਮੇਰਾ ਧਰਮ ਪਰਮਾਤਮਾ ਦੀ ਤੇ ਇਸ ਤਰ੍ਹਾਂ ਗਰੀਬਾਂ ਦੀ ਸੇਵਾ ਕਰਨਾ ਹੈ। ਮੈਂ ਕੇਵਲ ਸਮੁੱਚੀ ਲੋਕਾਈ ਦਾ ਹਿੱਸਾ ਹੀ ਹਾਂ। ਮੈਂ ਪਰਮਾਤਮਾ ਨੂੰ ਮਨੁੱਖਤਾ ਨਾਲੋਂ ਵੱਖਰਾ ਕਰਕੇ ਨਹੀਂ ਪਾ ਸਕਦਾ। ਮੇਰੇ ਦੇਸ਼ਵਾਸੀ ਹੀ ਮੇਰੇ ਨੇੜਲੇ ਗਵਾਂਢੀ ਹਨ ਅਤੇ ਉਹ ਐਨੇ ਬੇਬੱਸ, ਐਨੇ ਸਾਧਨਹੀਣ, ਐਨੇ ਸਿਥਲ ਹੋ ਗਏ ਹਨ ਕਿ ਮੈਨੂੰ ਆਪਣਾ ਸਾਰਾ ਧਿਆਨ ਉਹਨਾਂ ਦੀ ਸੇਵਾ ਵੱਲ ਦੇਣਾ ਪੈਣਾ ਹੈ।
ਇਹ ਅਧੁਨਿਕ ਹਿੰਦੁਸਤਾਨ ਦੀ ਇਕ ਹੋਰ ਮਹਾਨ ਆਤਮਾ ਸੀ, ਜਿਹੜੀ ਗਾਂਧੀ ਜੀ ਨਾਲ ਮੱਤਭੇਦ ਵੀ ਰੱਖਦੀ ਸੀ ਅਤੇ ਉਹਨਾਂ ਨੂੰ ਸਮਝਦੀ ਵੀ ਸੀ। ਇਹ ਆਤਮਾ ਸੀ ਰਾਬਿੰਦਰਨਾਥ ਟੈਗੋਰ ਜਿਸਦਾ ਲੋਕਾਂ ਦੇ ਦਿਲਾਂ ਉੱਤੇ ਓਨਾ ਹੀ ਰਾਜ ਸੀ ਜਿਨਾ ਮਹਾਤਮਾ ਗਾਂਧੀ ਦਾ। ਉਹਨਾਂ ਆਪਣੀਆਂ ਲਿਖਤਾਂ ਵਿਚ ਗਾਂਧੀਵਾਦੀ ਲਹਿਰ ਦੀ ਬੌਧਿਕਤਾ-ਵਿਰੋਧੀ ਤੇ ਤੰਗਨਜ਼ਰ ਸੋਚ ਦੀ ਤੇ ਇਥੋਂ ਤੱਕ ਕਿ ਖੁਦ ਗਾਂਧੀ ਜੀ ਦੀ ਤਿੱਖੀ ਨੁਕਤਾਚੀਨੀ ਕੀਤੀ ਸੀ ਅਤੇ ਜਦੋਂ ਮਹਾਤਮਾ ਗਾਂਧੀ ਨੇ 1934 ਵਿਚ ਬਿਹਾਰ ਦੇ ਭਿਆਨਕ ਭੁਚਾਲ ਨੂੰ ਈਸ਼ਵਰੀ ਕਰੋਪੀ ਆਖਿਆ ਸੀ ਤਾਂ ਟੈਗੋਰ ਨੇ ਇਸ ਉੱਤੇ ਸਖ਼ਤ ਰੋਹ ਦਾ ਪ੍ਰਗਟਾਵਾ ਕੀਤਾ ਸੀ। 1921 ਵਿਚ ‘ਮਾਡਰਨ ਇੰਡੀਆ’ ਵਿਚ ਲਿਖਦਿਆਂ ਉਹਨਾਂ ਚਰਖਾ ਕੱਤਣ ਰਾਹੀਂ ਆਜ਼ਾਦੀ ਹਾਸਲ ਕਰਨ ਦੇ ਗਾਂਧੀ ਜੀ ਦੇ ਸੱਦੇ ਦੀ ਨੁਕਤਾਚੀਨੀ ਕੀਤੀ ਸੀ ਪਰ ਨਾਲ ਹੀ ਲਿਖਿਆ ਸੀ ਕਿ ਗਾਂਧੀ ਜੀ ਉਹੀ ਕੁਝ ਹਨ ਜੋ ਕੁਝ ਉਹ ਹੋ ਸਕਦੇ ਹਨ। ਉਹਨਾਂ ਲਿਖਿਆ ਸੀ, “ਮਾਇਆ ਅਨ੍ਹੇਰੇ ਦਾ ਦੂਸਰਾ ਨਾਂਅ ਹੀ ਤਾਂ ਹੈ। ਕੋਈ ਘੋੜਾ, ਭਾਵੇਂ ਉਹ ਕਿੰਨਾ ਵੀ ਤੇਜ਼ ਰਫ਼ਤਾਰ ਕਿਉਂ ਨਾ ਹੋਵੇ, ਸਾਨੂੰ ਇਸ ਅਨ੍ਹੇਰੇ ਤੋਂ ਪਾਰ ਨਹਂੀਂ ਲਿਜਾ ਸਕਦਾ ਅਤੇ ਕਿੰਨੀ ਵੀ ਮਾਤਰਾ ਵਿਚ ਪਾਣੀ ਇਸ ਅਨ੍ਹੇਰੇ ਨੂੰ ਧੋ ਨਹੀਂ ਸਕਦਾ। ਸੱਚ ਇਕ ਚਿਰਾਗ਼ ਵਾਂਗ ਹੈ। ਜਦੋਂ ਇਹ ਜਗ ਉੱਠਦਾ ਹੈ ਤਾਂ ਅਨ੍ਹੇਰਾ ਆਪਣੇ ਆਪ ਦੂਰ ਹੋ ਜਾਂਦਾ ਹੈ। ਜੇ ਅਸੀਂ ਆਪਣੇ ਦੇਸ ਦੇ ਰੂਪ ਵਿਚ ਸੱਚ ਨੂੰ ਆਪਣੇ ਅੰਦਰ ਵਸਾ ਲਈਏ ਤਾਂ ਸਾਡੀ ਬਾਹਰਲੀ ਮਾਇਆ ਆਪਣੇ ਆਪ ਅਲੋਪ ਹੋ ਜਾਏਗੀ। ਅਸੀਂ ਸਾਰੇ ਹੀ ਤਾਂ ਹਾਂ ਜਿਸਨੂੰ ਅਸੀਂ ਆਪਣਾ ਦੇਸ ਕਹਿੰਦੇ ਹਾਂ। ਲੋੜ ਕੇਵਲ ਇਸ ਵਿਸ਼ਵਾਸ ਨੂੰ ਦੁਹਰਾਉਣ ਦੀ ਹੈ ਕਿ ਅਸਾਂ ਆਪਣੇ ਦੇਸ ਨੂੰ ਸਾਕਾਰ ਬਣਾਉਣਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਡੇ ਵਿਚੋਂ ਹਰ ਇਕ ਨੂੰ ਹਿੰਮਤ ਕਰਨੀ ਪੈਣੀ ਹੈ। ਹਰ ਇਕ ਵਾਸਤਵਿਕ ਦਾ ਸੱਚਾ ਦੇਸ਼ ਉਹੀ ਹੈ ਜਿਸਨੂੰ ਉਸਨੇ ਆਪਣੀਆਂ ਸ਼ਕਤੀਆਂ ਨੂੰ ਆਪਣੇ ਅੰਦਰੋਂ ਜਗਾ ਕੇ ਸਿਰਜਿਆ ਹੋਵੇ: ਸਿਰਜਣਾ ਦਾ ਕਾਰਜ ਆਪਣੇ ਆਪ ਵਿਚ ਸੱਚ ਨੂੰ ਸਾਕਾਰ ਕਰਨ ਵਾਂਗ ਹੁੰਦਾ ਹੈ…
“ਮਹਾਤਮਾ ਗਾਂਧੀ ਆਏ ਤੇ ਲੱਖਾਂ ਵਿਰਵੇ ਲੋਕਾਂ ਦੀ ਕੁਟੀਆ ਅੱਗੇ ਜਾ ਖੜ੍ਹੇ ਹੋਏ। ਉਹਨਾਂ ਦਾ ਪਹਿਰਾਵਾ ਵਿਰਵੇ ਲੋਕਾਂ ਜਿਹਾ ਹੈ ਤੇ ਉਹ ਉਹਨਾਂ ਦੀ ਬੋਲੀ ਹੀ ਬੋਲਦੇ ਹਨ। ਅੰਤ ਨੂੰ ਅਸੀਂ ਸੱਚ ਨੂੰ ਸਾਕਾਰ ਦੇਖ ਰਹੇ ਹਾਂ। ਇਹ ਕਿਸੇ ਕਿਤਾਬ ਵਿਚੋਂ ਪੇਸ਼ ਕੀਤੇ ਹਵਾਲੇ ਵਾਂਗ ਨਹੀਂ। ਉਸਨੂੰ ਦਿੱਤਾ ਗਿਆ ਮਹਾਤਮਾ ਦਾ ਨਾਂਅ ਉਸਦਾ ਅਸਲ ਨਾਂਅ ਹੈ। ਹੋਰ ਕੌਣ ਹੈ ਜਿਸਨੇ ਐਨੇ ਮਰਦ ਔਰਤਾਂ ਨੂੰ ਆਪਣਾ ਹੀ ਲਹੂ ਤੇ ਮਾਸ ਸਮਝਿਆ ਹੋਵੇ? ਸੱਚ ਦੀ ਛੋਹ ਨਾਲ ਆਤਮਾ ਦੀਆਂ ਦੱਬੀਆਂ ਹੋਈਆਂ ਸ਼ਕਤੀਆਂ ਜਾਗ ਉੱਠੀਆਂ ਹਨ। ਜਿਵੇਂ ਹੀ ਸੱਚੇ ਪਿਆਰ ਨਾਲ ਉਸਨੇ ਹਿੰਦ ਦੇ ਦਵਾਰ ਉੱਤੇ ਹੋਕਾ ਦਿੱਤਾ, ਇਹ ਦਵਾਰ ਆਪਣੇ ਆਪ ਖੁੱਲ੍ਹ ਗਿਆ, ਸਾਰੀਆਂ ਹਿਚਕਚਾਹਟਾਂ ਤੇ ਸਾਰੀਆਂ ਰੋਕਾਂ ਦੂਰ ਹੋ ਗਈਆਂ। ਸੱਚ ਨੇ ਸੱਚ ਜਗਾ ਦਿੱਤਾ… ਜਿਹੜੀ ਗੱਲ ਸਭ ਤੋਂ ਵੱਧ ਮਹੱਤਵਪੂਰਨ ਹੈ ਉਹ ਇਹ ਹੈ ਕਿ ਮਹਾਤਮਾ ਦੇ ਸਰਵਉੱਚ ਪਿਆਰ ਨੇ ਦੇਸ ਦੇ ਪਿਆਰ ਨੂੰ ਆਪਣੇ ਅੰਦਰ ਵਸਾ ਲਿਆ ਹੈ। ਇਸ ਸਾਰੇ ਕੁਝ ਦੇ ਕਾਰਨ ਜੋ ਕੁਝ ਹੋਇਆ ਹੈ ਉਹ ਆਜ਼ਾਦੀ ਦੇ ਜਨਮ ਤੋਂ ਘੱਟ ਨਹੀਂ ਅਤੇ ਇਹ ਆਪਣੇ ਆਪ ਵਿਚ ਦੇਸ਼ ਦੀ ਪ੍ਰਾਪਤੀ ਹੈ।”
“ਮਹਾਤਮਾ ਨੇ ਆਪਣੇ ਪਿਆਰ ਨਾਲ ਹਿੰਦ ਦਾ ਦਿਲ ਜਿੱਤ ਲਿਆ ਹੈ; ਇਸ ਦੇ ਲਈ ਅਸੀਂ ਉਸਦੀ ਸਰਦਾਰੀ ਪਰਵਾਨ ਕਰ ਚੁੱਕੇ ਹਾਂ। ਉਸਨੇ ਸਾਨੂੰ ਸੱਚ ਦੀ ਸ਼ਕਤੀ ਪ੍ਰਤੱਖ ਕਰਕੇ ਦਿਖਾ ਦਿੱਤੀ ਹੈ; ਇਸਦੇ ਲਈ ਅਸੀਂ ਉਸ ਨੂੰ ਆਪਣਾ ਲੱਖ ਲੱਖ ਸ਼ੁਕਰਾਨਾ ਪੇਸ਼ ਕਰਦੇ ਹਾਂ । ਅਸਾਂ ਸੱਚ ਦਾ ਜ਼ਿਕਰ ਕਿਤਾਬਾਂ ਵਿਚ ਪੜ੍ਹਿਆ ਸੀ। ਪਰ ਸਾਡੇ ਲਈ ਇਹ ਯਾਦਗਾਰੀ ਚਿੰਨ੍ਹ ਬਣ ਗਿਆ ਹੈ ਕਿ ਅਸੀਂ ਇਸਨੂੰ ਆਪਣੇ ਰੂ-ਬ-ਰੂ ਦੇਖ ਰਹੇ ਹਾਂ। ਤਿਲਕ ਸਮੇਤ ਬਹੁਤ ਸਾਰੇ ਆਗੂਆਂ ਨੇ ਇਸਦੇ ਕਿਸੇ ਇਸ ਜਾਂ ਉਸ ਪੱਖ ਦੀ ਝਲਕ ਹੀ ਦੇਖੀ ਸੀ। ਹੋਰਨਾਂ ਨੇ ਜਿਸ ਗੱਲ ਵੱਲ ਧਿਆਨ ਦੁਆਇਆ ਉਹ ਇਹ ਸੀ ਕਿ ਸਾਮਰਾਜਸ਼ਾਹੀ ਦੇ ਖਿਲਾਫ਼ ਤੇ ਸ਼ੋਸਲਿਜ਼ਮ ਲਈ ਸੰਘਰਸ਼ ਵਾਸਤੇ ਸੰਸਾਰ ਵਿਆਪੀ ਪ੍ਰਕਿਰਿਆ ਦੀਆਂ ਮੁਆਫ਼ਕ ਹਾਲਤਾਂ ਜ਼ਰੂਰੀ ਹਨ ਪਰ ਉਹਨਾਂ ਦਾ ਜ਼ੋਰ ਵਧੇਰੇ ਕਰਕੇ ਮੁਆਫ਼ਕ ਹਾਲਤਾਂ ਉੱਤੇ ਹੁੰਦਾ ਸੀ। ਕੁਝ ਹੋਰਨਾਂ ਨੇ ਸਮਾਜੀ ਵੰਡੀਆਂ ਉੱਤੇ ਉਚੇਚਾ ਜ਼ੋਰ ਦਿੱਤਾ। ਜਿਸਦੇ ਪਰਮਾਣ ਦਾ ਆਧਾਰ ਉਹ ਅਜਿਹੇ ਦੇਸ਼ਾਂ ਦੇ ਤਜਰਬਿਆਂ ਨੂੰ ਬਣਾਉਂਦੇ ਸਨ ਜਿਥੇ ਸ਼੍ਰੇਣੀ ਵੰਡ ਪੱਕ ਚੁੱਕੀ ਸੀ ਅਤੇ ਭਾਰੂ ਹਕੀਕਤ ਬਣ ਚੁੱਕੀ ਸੀ।
ਜੇ ਹਿੰਦ ਨੇ ਆਪਣੇ ਆਪ ਨੂੰ ਪਹਿਚਾਨਣਾ ਸੀ ਅਤੇ ਕਾਯਾਕਲਪ ਰਾਹੀਂ ਆਪਣੇ ਆਪ ਨੂੰ ਸਾਕਾਰ ਕਰਨਾ ਸੀ ਤਾਂ ਇਸਦੇ ਲਈ ਹਿੰਦ ਦਾ ਗਿਆਨ ਪਹਿਲੀ ਸ਼ਰਤ ਸੀ। ਹਿੰਦ ਦੀ ਮਹਾਨ ਸੱਭਿਆਤਮਕ ਹੋਂਦ ਸੱਜਰੀ ਕਾਯਾਕਲਪ ਦੀ ਉਡੀਕ ਵਿਚ ਸੀ। ਠੀਕ ਇਹਨਾਂ ਅਰਥਾਂ ਵਿਚ ਹੀ ਗਾਂਧੀ ਜੀ ਨੇ ਸਮੇਂ ਨੂੰ ਪਛਾਣਿਆਂ, ਇਸਦਾ ਨਿਰੂਪਣ ਕੀਤਾ ਤੇ ਇਸਨੂੰ ਜਗਾਇਆ। ਇਹ ਕੇਵਲ ਕੌਮਪ੍ਰਸਤੀ ਨਹੀਂ ਸੀ ਸਗੋਂ ਇਸਤੋਂ ਕੁਝ ਵਧੇਰੇ ਸੀ ਤੇ ਇਸਨੂੰ ਆਪਣਾ ਆਪ ਹੋਣ ਲਈ ਅਪਣੇ ਤੋਂ ਕੁਝ ਵੱਧ ਹੋਣਾ ਜ਼ਰੂਰੀ ਸੀ। ਪਹਿਲੇ ਪੱਖ ਨੂੰ ਗਾਂਧੀ ਜੀ ਨੇ ਬੁਝਾ ਲਿਆ ਸੀ ਪਰ ਦੂਸਰਾ ਪੱਖ ਉਹਨਾਂ ਦੀ ਗ੍ਰਿਫਤ ਵਿਚ ਨਾ ਆ ਸਕਿਆ।
ਇਸ ਮਾਮਲੇ ਵਿਚ ਕੇਵਲ ਦੋ ਹੀ ਸ਼ਖ਼ਸੀਅਤਾਂ ਹਨ ਜਿਨ੍ਹਾਂ ਨਾਲ ਉਹਨਾਂ ਦੀ ਤੁਲਨਾ ਹੋ ਸਕਦੀ ਹੈ। ਇਕ ਮਾਓ ਜੇ ਤੁੰਗ ਤੇ ਦੂਸਰੇ ਹੋ ਚੀ ਮਿੰਨ੍ਹ। ਪਹਿਲੀ ਸ਼ਖ਼ਸੀਅਤ ਅਖੀਰ ਵਿਚ ਥਿੜਕ ਗਈ ਭਾਵੇਂ ਗਾਂਧੀ ਜੀ ਨਾਲੋਂ ਵੱਖਰੇ ਢੰਗ ਨਾਲ ਦੂਸਰੀ ਸ਼ਖ਼ਸੀਅਤ ਅਖੀਰ ਤੋਂ ਹੋਰ ਅੱਗੇ ਤੱਕ ਜਾ ਸਕੀ ਭਾਵੇਂ ਉਸਦੀ ਸਰਗਰਮੀ ਗਾਂਧੀ ਅਤੇ ਮਾਓ ਨਾਲੋਂ ਗੁਣਾਤਾਮਕ ਤੌਰ ‘ਤੇ ਛੋਟੇ ਪਨ੍ਹੇ ਦੀ ਸੀ। ਮਰਹੂਮ ਕੇ। ਦਮੋਦਰਨ ਨੇ 1963 ਵਿਚ ਹੋਨਈ ਵਿਚ ਹੋ ਚੀ ਮਿੰਨ੍ਹ ਨਾਲ ਗੱਲਬਾਤ ਰਿਕਾਰਡ ਕੀਤੀ ਸੀ। ਉਹਨਾਂ ਵੀਅਤਨਾਮੀ ਆਗੂ ਨੂੰ ਪੁੱਛਿਆ ਸੀ ਕਿ ਕੀ ਕਾਰਨ ਹੈ ਕਿ ਹਿੰਦੁਸਤਾਨ ਦੇ ਕਮਿਉਨਿਸਟ ਵੀਅਤਨਾਮੀ ਕਮਿਉਨਿਸਟਾਂ ਦੇ ਮੁਕਾਬਲੇ ਉੱਤੇ ਬਹੁਤ ਹੀ ਊਣੇ ਨਤੀਜੇ ਪੈਦਾ ਕਰ ਸਕੇ। ਹੋ ਚੀ ਮਿੰਨ੍ਹ ਦਾ ਉੱਤਰ ਸੀ ਕਿ ਹਿੰਦੁਸਤਾਨ ਵਿਚ ਕਮਿਉਨਿਸਟਾਂ ਨੂੰ ਗਾਂਧੀ ਜੀ ਦਾ ਮੁਕਾਬਲਾ ਕਰਨਾ ਪਿਆ ਜਦਕਿ ਵੀਅਤਨਾਮ ਵਿਚ ਉਹ ਆਪ ਗਾਂਧੀ ਸੀ। ਇਸਤੋਂ ਪਹਿਲਾਂ ਹੋ ਚੀ ਮਿੰਨ੍ਹ ਨੇ ਆਪਣੇ ਆਪ ਨੂੰ ਗਾਂਧੀ ਜੀ ਦਾ ਪੈਰੋਕਾਰ ਦੱਸਿਆ ਸੀ। ਪ੍ਰਤੱਖ ਤੌਰ ‘ਤੇ ਅਹਿੰਸਾਵਾਦ ਪੱਖੋ ਨਹੀਂ -ਪਰ ਹਕੀਕਤ ਨੂੰ ਉਸਦੇ ਸਮੁੱਚੇ ਰੂਪ ਵਿਚ ਸਮਝਣ ਦੇ ਪੱਖੋਂ ਨਿਸਚੇ ਹੀ।
ਇਹ ਕਹਿਣਾ ਕਿੰਨਾ ਸਰਲ ਜਾਪਦਾ ਹੈ ਕਿ ਹਿੰਦੁਸਤਾਨ ਪੂਰਾ ਹੀ ਤਾਂ ਹੈ। ਪਰ ਅਜਿਹੀਆਂ ਸੱਚਾਈਆਂ ਦੀ ਸਰਲਤਾ ਇਕ ਅਜਿਹੀ ਚੀਜ਼ ਹੈ ਜਿਸਦੀ ਹਾਥ ਮਹਾਨ ਆਤਮਾਵਾਂ ਹੀ ਪਾ ਸਕਦੀਆਂ ਹਨ ਅਤੇ ਇਸ ਤੋਂ ਲੱਖਾਂ ਕਰੋੜਾਂ ਲੋਕਾਂ ਨੂੰ ਸੁਚੇਤ ਕਰ ਸਕਦੀਆਂ ਹਨ। ਆਜ਼ਾਦੀ ਤੋਂ ਬਾਅਦ ਦੇ ਦਹਾਕਿਆਂ ਵਿਚ ਹਿੰਦ ਵਿਚ ਬਹੁਤ ਕੁਝ ਬਦਲ ਚੁੱਕਾ ਹੈ। ਪੂੰਜੀਵਾਦੀ ਸ਼੍ਰੇਣੀ ਦੇ ਵਿਕਸਤ ਹੋਣ ਨਾਲ ਸ਼੍ਰੇਣੀ ਵਖਰੇਵੇਂ ਵਧੇਰੇ ਸਪਸ਼ਟ ਹੋ ਗਏ ਹਨ ਤੇ ਵਧੇਰੇ ਨਿਖਰਵੇਂ ਰੂਪ ਵਿਚ ਸਾਹਮਣੇ ਆ ਗਏ ਹਨ। ਸਮਾਜੀ ਸਵਾਲ ਦਿਨੋ ਦਿਨ ਵਧੇਰੇ ਉਭਰ ਕੇ ਅੱਗੇ ਆ ਰਹੇ ਹਨ। ਹਿੰਦ ਅਜੇ ਤੱਕ ਪੂਰੇ ਦਾ ਪੂਰਾ ਹੈ, ਭਾਵੇਂ ਇਸਦੀ ਪੂਰਨਤਾ ਲਈ ਖ਼ਤਰਾ ਵੱਧ ਰਿਹਾ ਹੈ।
ਪਰ ਇਹ ਕੇਵਲ ਗਾਂਧੀ ਜੀ ਦੀ ਦੂਰਦਰਸ਼ਤਾ ਦੀ ਸਮੱਗਰਤਾ ਨਹੀਂ ਸੀ ਤੇ ਨਾ ਹੀ ਅਜਿਹੀਆਂ ਪ੍ਰਸਥਿਤੀਆਂ ਦੀ ਸਮੱਗਰਤਾ ਸੀ ਜਿਹਨਾਂ ਨੂੰ ਉਹਨਾਂ ਤਹਿਰੀਕ ਦਾ ਰੂਪ ਦਿੱਤਾ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਵੀ ਨਹੀਂ ਸੀ ਕਿ ਉਹਨਾਂ ਹਿੰਦ ਦੀ ਕੰਗਾਲੀ ਨੂੰ ਸਮਝਿਆ। ਉਹਨਾਂ ਦੀ ਦੂਰਦਰਸ਼ਤਾ ਇਸ ਗੱਲ ਵਿਚ ਸੀ ਕਿ ਉਹਨਾਂ ਹਿੰਦ ਦੇ ਗਰੀਬ ਲੋਕਾਂ ਦੀ ਸ਼ਕਤੀ ਨੂੰ ਪਛਾਣਿਆਂ। ਉਹਨਾਂ ਇਸ ਗੱਲ ਨੂੰ ਸਮਝਿਆ ਕਿ ਇਹ ਇਹੀ ਲੋਕ ਹਨ ਜਿਨ੍ਹਾਂ ਤੱਕ ਪਹੁੰਚ ਕਰਨੀ ਅਤੇ ਜਿਨ੍ਹਾਂ ਨੂੰ ਜਾਗਰਤ ਕਰਨਾ ਤੇ ਜਿਥੋਂ ਤੱਕ ਸੰਭਵ ਹੋ ਸਕੇ ਸੱਚਮੁਚ ਜਨਤਕ ਪੱਧਰ ਅਤੇ ਕੁੱਲ ਹਿੰਦ ਪੈਮਾਨੇ ਉੱਤੇ ਅਜਿਹੇ ਐਕਸ਼ਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ, ਜਿਸ ਵਿਚ ਸ਼ਕਤੀਸਾਲੀ ਲਹਿਰ ਬਨਣ ਦੀ ਸੰਭਾਵਨਾ ਹੋਵੇ।
ਪਰ ਜਿਸ ਢੰਗ ਨਾਲ ਗਾਂਧੀ ਜੀ ਆਪਣੀ ਕਾਰਜਨੀਤੀ ਨੂੰ ਅਮਲ ਵਿਚ ਲਿਆਉਣਾ ਚਾਹੁੰਦੇ ਸਨ, ਉਸ ਕਾਰਨ ਉਹਨਾਂ ਦਾ ਟੈਗੋਰ ਨਾਲ ਟਕਰਾਅ ਪੈਦਾ ਹੋਇਆ। ਦੋ ਮਹਾਨ ਆਤਮਾਵਾਂ ਵਿਚਾਲੇ ਮੱਤਭੇਦਾਂ ਦੀ ਇਹ ਅੱਤ ਦਿਲਚਸਪੀ ਮਿਸਾਲ ਸੀ। ਟੈਗੋਰ ਦੇ ਜਿਸ ਲੇਖ ਦਾ ਹਵਾਲਾ ਉੱਤੇ ਦਿੱਤਾ ਗਿਆ ਹੈ, ਉਸੇ ਵਿਚ ਉਹਨਾਂ ਗਾਂਧੀਵਾਦੀ ਲਹਿਰ ਦੀ ਤੰਗਨਜ਼ਰੀ ਦੀ ਤੇ ਉਸਦੇ ਆਪਮੁਹਾਰੇਪਨ ਤੋਂ ਵਿਰਵੇ ਹੋਣ ਦੀ ਸ਼ਕਾਇਤ ਕੀਤੀ ਸੀ; ਉਹਨਾਂ ਪਾਰਦਰਸ਼ਤਾ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ, “ਮੇਰਾ ਇਕ ਪਲ ਲਈ ਵੀ ਇਹ ਮਤਲਬ ਨਹੀਂ ਕਿ ਜਿਹੜਾ ਕਾਰਜ ਅਸਾਂ ਸ਼ੁਰੂ ਕਰ ਰੱਖਿਆ ਹੈ, ਉਸਨੂੰ ਅਸੀਂ ਘਟਾ ਕੇ ਦੇਖੀਏ। ਜਦੋਂ ਸਵੇਰਸਾਰ ਕਿਸੇ ਪੰਛੀ ਦੀ ਜਾਗ ਖੁੱਲ੍ਹਦੀ ਹੈ, ਉਸਦੀ ਜਾਗ ਇਕਦਮ ਦਾਣੇ-ਦੁਣਕੇ ਦੀ ਭਾਲ ਦਾ ਰੂਪ ਧਾਰਨ ਨਹੀਂ ਕਰਦੀ। ਉਸਦੇ ਪੰਖ ਆਪਮੁਹਾਰੇ ਆਕਾਸ਼ ਦੇ ਸੱਦੇ ਦਾ ਹੁੰਗਾਰਾ ਭਰਦੇ ਹਨ ਤੇ ਨਵਾਂ ਚਾਨਣ ਪਸਰਨ ਦੀ ਖੁਸ਼ੀ ਵਿਚ ਉਸਦੇ ਕੰਠ ਵਿਚੋਂ ਗੀਤ ਫੁੱਟ ਪੈਂਦੇ ਹਨ। ਵਿਸ਼ਵ ਮਨੁੱਖਤਾ ਨੇ ਸਾਨੂੰ ਵੀ ਆਪਣਾ ਸੱਦਾ ਦੇ ਭੇਜਿਆ ਹੈ। ਸਾਡੇ ਮਨ ਨੂੰ ਵੀ ਇਸ ਸੱਦੇ ਦਾ ਹੁੰਗਾਰਾ ਆਪਣੀ ਬੋਲੀ ਵਿਚ ਭਰਨਾ ਚਾਹੀਦਾ ਹੈ।
ਇਸਦੇ ਉੱਤਰ ਵਿਚ ਮਹਾਤਮਾ ਨੇ ਕਵੀ ਨੂੰ, ਜਿਸਨੂੰ ਉਹ ਦੇਸ ਦਾ ਮਹਾਨ ਰੱਖਿਅਕ ਆਖਦੇ ਸਨ, ਉੱਤਰ ਦਿੰਦਿਆਂ ਲਿਖਿਆ ਸੀ, “ਆਪਣੀ ਕਾਵਿਕ ਅੰਤਰ-ਪਰੇਰਨਾ ਦੇ ਅਨੁਸਾਰ ਆਉਣ ਵਾਲੇ ਕੱਲ੍ਹ ਲਈ ਜਿਉਂਦਾ ਹੈ ਤੇ ਸਾਥੋਂ ਵੀ ਇਹੀ ਆਸ ਰੱਖਦਾ ਹੈ। ਉਹ ਸਾਡੀ ਪਰਸੰਸਾ ਭਰੀ ਨਜ਼ਰ ਲਈ ਪਹੁਫਟਾਲੇ ਦੀ ਦਿਲਕਸ਼ ਤਸਵੀਰ ਪੇਸ਼ ਕਰਦਾ ਹੈ ਜਦੋਂ ਪੰਛੀ ਆਕਾਸ਼ ਵਿਚ ਉਡਾਰੀਆਂ ਲਾਉਂਦੇ ਹਨ ਤੇ ਉਸਤਤੀ ਦੇ ਗੀਤ ਗਾਉਂਦੇ ਹਨ। ਇਹਨਾਂ ਪੰਛੀਆਂ ਨੇ ਦਿਨ ਭਰ ਚੋਗਾ ਚੁਗ ਲਿਆ ਹੁੰਦਾ ਹੈ ਅਤੇ ਰਾਤ ਭਰ ਦੇ ਆਰਾਮ ਪਿੱਛੋਂ ਨਵੇਂ ਲਹੂ ਤੇ ਥਕੇਵਾਂ-ਲੱਥੇ ਪਰਾਂ ਨਾਲ ਉਹ ਆਕਾਸ਼ ਵਿਚ ਉਡਾਰੀਆਂ ਭਰ ਸਕਦੇ ਹਨ। ਪਰ ਮੈਨੂੰ ਅਜਿਹੇ ਪੰਛੀਆ ਨੂੰ ਦੇਖਣ ਦਾ ਦੁੱਖ ਸਹਿਣਾ ਪੈਂਦਾ ਹੈ ਜਿਹੜੇ ਜਾਗਦੇ ਹਨ ਤਾਂ ਉਹਨਾਂ ਵਿਚ ਪਰ ਫੜਫਾਉਣਾ ਜੋਗੀ ਹਿੰਮਤ ਵੀ ਨਹੀਂ ਹੁੰਦੀ। ਹਿੰਦੁਸਤਾਨੀ ਆਕਾਸ਼ ਹੇਠ ਮਨੁੱਖੀ ਪੰਛੀ ਜਦੋਂ ਜਾਗਦੇ ਹਨ ਤਾਂ ਆਰਾਮ ਕਰਨ ਦਾ ਭਰਮ ਪਾਲਣ ਨਾਲੋਂ ਵੀ ਵੱਧ ਥੱਕੇ ਹੁੰਦੇ ਹਨ। ਕਰੋੜਾਂ ਲੋਕਾਂ ਲਈ ਜਾਂ ਤਾਂ ਸਦੀਵੀ ਜਗਰਾਤਾ ਹੈ ਜਾਂ ਸਦੀਵੀ ਘੂਕੀ ਦੀ ਹਾਲਤ ਹੈ। ਇਹ ਨਾਕਾਬਲੇ ਬਿਆਨ ਸਥਿਤੀ ਹੈ ਜਿਸਦਾ ਅਹਿਸਾਸ ਇਹਦੇ ਤਜਰਬੇ ਰਾਹੀਂ ਹੀ ਹੋ ਸਕਦਾ ਹੈ। ਮੈਂ ਦੇਖਿਆ ਹੈ ਕਿ ਦੁੱਖ ਭੋਗ ਰਹੇ ਲੋਕਾਂ ਨੂੰ ਕਬੀਰ ਦੇ ਗੀਤਾਂ ਨਾਲ ਦਿਲਾਸਾ ਦੇਣਾ ਕਿੰਨਾ ਅਸੰਭਵ ਹੈ। ਕਰੋੜਾਂ ਭੁੱਖੇ ਲੋਕ ਇੱਕੋ ਕਵਿਤਾ ਦੀ ਮੰਗ ਕਰਦੇ ਹਨ ਤੇ ਉਹ ਹੈ ਸਰੀਰ ਵਿਚ ਜਾਨ ਪੈਦਾ ਕਰਨ ਜੋਗਾ ਅੰਨ। ਇਹ ਉਹਨਾਂ ਨੂੰ ਦਿੱਤਾ ਨਹੀਂ ਜਾ ਸਕਦਾ। ਇਹ ਉਹ ਕਮਾ ਕੇ ਹੀ ਖਾ ਸਕਦੇ ਹਨ ਅਤੇ ਇਹ ਉਹ ਆਪਣੇ ਲਹੂ-ਮੁੜ੍ਹਕੇ ਨਾਲ ਹੀ ਕਮਾ ਸਕਦੇ ਹਨ।”
ਪੰਜ ਸਾਲ ਤੇ ਕੁਝ ਮਹੀਨੇ ਪਿੱਛੋਂ ਉਹਨਾਂ ‘ਯੰਗ ਇੰਡੀਆ’ ਵਿਚ ਉਹਨਾਂ ਲਿਖਿਆ ਸੀ, “ਹਨੂਮਾਨ ਨੇ ਆਪਣਾ ਸੀਨਾ ਚੀਰਕੇ ਦਿਖਾਇਆ ਸੀ ਕਿ ਉਸਦੇ ਹਿਰਦੇ ਵਿਚ ਸਿਵਾਏ ਰਾਮ ਨਾਮ ਦੇ ਹੋਰ ਕੁਝ ਵੀ ਨਹੀਂ। ਪਰ ਮੇਰੇ ਵਿਚ ਆਪਣਾ ਸੀਨਾ ਚੀਰਕੇ ਦਿਖਾਉਣ ਦੀ ਉਹ ਸ਼ਕਤੀ ਨਹੀਂ ਹੈ। ਜਿਹੜੀ ਹਨੂਮਾਨ ਵਿਚ ਸੀ। ਪਰ ਮੈਂ ਤੁਹਾਨੂੰ ਯਕੀਨ ਦੁਆ ਸਕਦਾ ਹਾਂ ਕਿ ਜੇ ਤੁਹਾਡੇ ਵਿਚੋਂ ਕੋਈ ਮੇਰਾ ਸੀਨਾ ਚੀਰਨ ਦੀ ਰੁਚੀ ਰੱਖਦਾ ਹੋਵੇ ਤਾਂ ਤੁਸੀਂ ਮੇਰੇ ਸੀਨੇ ਵਿਚ ਵੀ ਉਸੇ ਰਾਮ ਦਾ ਪਿਆਰ ਹੀ ਦੇਖੋਗੇ ਜਿਸਨੂੰ ਮੈਂ ਹਿੰਦ ਦੇ ਕਰੋੜਾਂ ਫ਼ਾਕਾਕਸ਼ ਲੋਕਾਂ ਦੇ ਚਿਹਰੇ ਵਿੱਚੋਂ ਦੇਖਦਾ ਹਾਂ”। ਗਾਂਧੀ ਜੀ ਨੇ ‘ਦਰਿਦਰ ਨਰਾਇਣ’ ਦਾ ਨਵਾਂ ਕਥਨ ਵੀ ਘੜਿਆ ਸੀ-ਦਰਿਦਰ ਨਰਾਇਣ ਦਾ ਅਰਥ ਗਰੀਬਾਂ ਦਾ ਦੇਵਤਾ ਨਹੀਂ ਸਗੋਂ ਗਰੀਬਾਂ ਤੋਂ ਹੈ ਜੋ ਆਪ ਦੇਵਤਾ ਹਨ। ਉਹਨਾਂ ਦੀ ਪੂਜਾ ਅਜਿਹੀ ਸੇਵਾ ਰਾਹੀਂ ਕਰਨੀ ਲੋੜੀਂਦੀ ਹੈ ਜਿਹੜੀ ਉਹਨਾਂ ਨੂੰ ਕੰਮ ਕਰਨ ਤੇ ਸੰਘਰਸ਼ ਕਰਨ ਤੇ ਇਸ ਤਰ੍ਹਾਂ ਗਰੀਬੀ ਤੋਂ ਛੁਟਕਾਰਾ ਹਾਸਲ ਕਰਨ ਵਿਚ ਸਹਾਈ ਹੋ ਸਕੇ।”
ਉਹਨਾਂ ਗਰੀਬਾਂ ਨੂੰ ਉੱਥੇ ਲੱਭਿਆ ਜਿਥੇ ਉਹ ਵਸਦੇ ਸਨ-ਅਰਥਾਤ ਪਿੰਡਾਂ ਵਿਚ। ਮਾਰਚ, 1922 ਵਿਚ ਅਦਾਲਤ ਵਿਚ ਦਿੱਤੇ ਆਪਣੇ ਧੜੱਲੇ ਭਰੇ ਬਿਆਨ ਵਿਚ ਉਹਨਾਂ ਕਿਹਾ ਸੀ: “ਸ਼ਹਿਰਾਂ ਵਿਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ ਵਿਚ ਲਹਿੰਦੇ ਜਾ ਰਹੇ ਹਨ। ਸ਼ਹਿਰਾਂ ਵਿਚ ਵਸਣੇ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਬਦੇਸ਼ੀ ਲੋਟੂਆਂ ਲਈ ਕਰ ਰਹੇ ਹਨ। ਉਹ ਨਹੀਂ ਜਾਣਦੇ ਕਿ ਜਿਨ੍ਹਾਂ ਮੁਨਾਫ਼ਿਆਂ ਤੇ ਜਿਸ ਦਲਾਲੀ ਦੇ ਆਸਰੇ ਉਹ ਜਿਉਂ ਰਹੇ ਹਨ, ਉਹ ਲੋਕਾਂ ਦਾ ਖ਼ੂਨ ਚੂਸਕੇ ਹਾਸਲ ਕੀਤੀ ਜਾ ਰਹੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ ਵਿਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ ਵਿਚ ਉਹਨਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤਾਹਨੂੰ ਸਾਖਿਆਤ ਦੇਖਣ ਨੂੰ ਮਿਲਦੇ ਹਨ। ਮੈਨੂੰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਵਿਚ ਅਤੇ ਹਿੰਦ ਦੇ ਸ਼ਹਿਰਾਂ ਵਿਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖਿਲਾਫ਼ ਉਸ ਭਿਆਨਕ ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸਦੀ ਮਿਸਾਲ ਹਿੰਦ ਵਿਚ ਹੋਰ ਕੋਈ ਨਹੀਂ ਮਿਲਦੀ।”
ਨਿਸਚੇ ਹੀ ਇਹ ਗਾਂਧੀ ਜੀ ਦਾ ਉਸ ਦਰਦਮੰਦੀ ਦਾ ਪਤਾ ਦਿੰਦੀ ਸੀ ਜਿਹੜੀ ਉਹ ਵਿਰਵੇ ਲੋਕਾਂ ਤੇ ਗਰੀਬਾਂ ਲਈ ਮਹਿਸੂਸ ਕਰਦੇ ਸਨ। ਪਰ ਇਹ ਗੱਲ ਦਰਦਮੰਦੀ ਤੋਂ ਇਲਾਵਾ ਕੁਝ ਹੋਰ ਨੂੰ ਵੀ ਦਰਸਾਉਂਦੀ ਸੀ। ਇਹ ਸਾਡੇ ਦੇਸ਼ ਦੇ ਸਮਾਜੀ ਦ੍ਰਿਸ਼ ਦੀ ਹਕੀਕਤ ਦੀ ਪਛਾਣ ਕਰ ਲੈਣ ਦਾ ਪਤਾ ਦਿੰਦੀ ਹੈ ਜਿਸਦਾ ਅੱਤ ਭਾਰੂ ਪੱਖ ਸੀ ਪੇਂਡੂ ਦੁਰਦਸ਼ਾ। ਪਰ ਇਸਦੇ ਸਮਾਜੀ ਪੱਖ ਵਿਚ ਜਾਣ ਤੋਂ ਪਹਿਲਾਂ ਉਹਨਾਂ ਦੀ ਦਰਦਮੰਦੀ ਬਾਰੇ ਕੁਝ ਲਫ਼ਜ਼ ਕਹਿਣੇ ਜ਼ਰੂਰੀ ਹਨ। ਇਹ ਠੀਕ ਨਹੀਂ ਹੋਵੇਗਾ ਕਿ ਇਸ ਉੱਤੇ ਟਕੋਰ ਕੀਤੀ ਜਾਏ। ਨਾ ਹੀ ਇਸ ਦ੍ਰਿਸ਼ ਦਾ ਨਿਰੋਲ ਵਿਗਿਆਨਕ ਵਿਸ਼ਲੇਸ਼ਨ ਇਸਦੀ ਥਾਂ ਲੈ ਸਕਦਾ ਹੈ। ਇਸ ਨੂੰ ਖੈਰਾਤ ਜਾਂ ਪਰਉਪਕਾਰ ਨਾਲ ਤੁਲਨਾ ਦੇਣੀ ਵੀ ਠੀਕ ਨਹੀਂ। ਇਹ ਅਜਿਹੀ ਮੌਜੂਦਾ ਰਿਵਾਜੀ ਬਹਿਸ ਨਾਲੋਂ ਵੀ ਉੱਕਾ ਹੀ ਵੱਖਰੀ ਹੈ ਕਿ ਕੰਗਾਲੀ ਦੀ ਰੇਖਾ ਕੀ ਹੈ ਅਤੇ ਕਿੰਨੇ ਲੋਕ ਉਸ ਤੋਂ ਹੇਠਾਂ ਜਾਂ ਉੱਤੇ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਨੈਤਕਿਤਾ ਦੀ ਹੈ, ਨਿਆਂ ਤੇ ਬਰਾਬਰੀ ਲਈ ਜਜ਼ਬੇ ਦੀ ਹੈ, ਜਿਸ ਤੋਂ ਬਿਨਾ ਹਿੰਦ ਵਿਚ ਸਾਡੇ ਲੋਕਾਂ ਵਾਸਤੇ ਜ਼ਿੰਦਗੀ ਲਈ ਜਾਂ ਵਧੇਰੇ ਮਨੁੱਖੀ ਹਾਲਤਾਂ ਲਈ ਕੋਈ ਕਦਰਯੋਗ ਸੰਘਰਸ਼ ਨਹੀਂ ਹੋ ਸਕਦਾ, ਸ਼ੋਸ਼ਲਿਜ਼ਮ ਲਈ ਸੰਘਰਸ਼ ਦੀ ਤਾਂ ਗੱਲ ਹੀ ਛੱਡੋ।
ਮਾਰਕਸ ਨੇ ਆਪ ਵੀ ਲਿਖਿਆ ਸੀ ਕਿ ਜੋ ਕੁਝ ਮੈਂ ਕੀਤਾ, ਉਸਦਾ ਬਦਲ ਸਿਰਫ਼ ਇਹੀ ਸੀ ਮੈਂ ਪਸ਼ੂਆਂ ਜਿਹੇ ਵਿਹਾਰ ਤੋਂ ਕੰਮ ਲੈਂਦਾ ਅਤੇ ਮਨੁੱਖਤਾ ਵੱਲ ਪਿੱਠ ਕਰ ਲੈਂਦਾ।
ਲੈਨਿਨ ਨੇ ਨਾ ਸਿਰਫ਼ ਇਨਕਲਾਬੀ ਵਲਵਲੇ ਅਤੇ ਵਿਗਿਆਨਕ ਸਮਝ ਨੂੰ ਇੱਕਮਿਕ ਕਰਨ ਦੀ ਗੱਲ ਕੀਤੀ ਸੀ ਸਗੋਂ ਮਜ਼ਦੂਰ ਸ਼੍ਰੇਣੀ ਦੇ ਆਵੱਸ਼ਕ ਇਤਹਾਸਕ ਰੋਲ ਵਿਚ ਉਹਨਾਂ ਦਾ ਵਿਸ਼ਵਾਸ ਐਨਾ ਜ਼ੋਰਦਾਰ ਸੀ ਇਸ ਨੇ ਸਮੁੱਚੀ ਮਜ਼ਦੂਰ ਸ਼੍ਰੇਣੀ ਨੂੰ ਆਪਣੇ ਵੇਗ ਵਿਚ ਸਮੋ ਲਿਆ ਸੀ। ਮਾਓ ਜ਼ੇ ਤੁੰਗ ਦੇ ਪ੍ਰਮਾਣੀਕ ਪੱਖ ਦਾ ਵੀ ਇਹ ਹਿੱਸਾ ਸੀ ਕਿ ਉਹਨਾਂ ਆਪਣੇ ਅੰਦਰ ਗਰੀਬਾਂ ਲਈ ਡੂੰਘਾ ਜਜ਼ਬਾ ਪੈਦਾ ਕਰਨ ਉੱਤੇ ਜ਼ੋਰ ਦਿੱਤਾ। ਪ੍ਰਮਾਣੀਕ ਮਾਓਵਾਦ ਦੇ ਬਿਹਤਰਹੀਨ ਵਿਆਖਿਆਕਾਰ ਲਿਊਸ਼ਾਓਕੀ ਨੇ ਵੀ ਕਮਿਊਨਿਸਟ ਪਾਰਟੀ ਦੀ ਆਵੱਸ਼ਕ ਜਨਤਕ ਸੇਧ ਉੱਤੇ ਜ਼ੋਰ ਦਿੰਦਿਆਂ ਲਿਖਿਆ ਸੀ ਜਨਤਾ ਨਾਲ ਪਿਆਰ ਇਸਦਾ ਪਹਿਲਾ ਲਾਜ਼ਮੀ ਅੰਸ਼ ਹੈ।
ਇਹ ਮੰਨਣਾ ਹੀ ਪੈਂਦਾ ਹੈ ਕਿ ਲੋਕਾਂ ਲਈ ਪਿਆਰ ਤੇ ਗਰੀਬਾਂ ਲਈ ਦਰਦਮੰਦੀ ਨੂੰ ਕੁਝ ਇਨਕਲਾਬੀ ਹਲਕਿਆਂ ਵਿਚ ਇਹਨੀਂ ਦਿਨੀਂ ਘਿਰਣਾ ਜਿਹੀ ਨਾਲ ਦੇਖਿਆ ਜਾਂਦਾ ਹੈ ਜਾਂ ਫਿਰ ਇਸਨੂੰ ਉਪਭਵਾਕਤਾ ਆਖਕੇ ਇਸਦਾ ਮਖੌਲ ਉਡਾਇਆ ਜਾਂਦਾ ਹੈ। ਪਰ ਲੋਕਾਂ ਦੇ ਦੁੱਖਾਂ ਪ੍ਰਤੀ ਇਹ ਕਾਰੋਬਾਰੀ ਜਿਹੀ ਪਹੁੰਚ ਹੀ ਦੱਸਦੀ ਹੈ ਕਿ ਜਿਹੜੇ ਹਲਕੇ ਅਜਿਹੀ ਪਹੁੰਚ ਤੋਂ ਕੰਮ ਲੈਂਦੇ ਹਨ ਉਹ ਲੋਕਾਂ ਤੋਂ ਕਿਉਂ ਦੂਰ ਹੋ ਜਾਂਦੇ ਹਨ ਤੇ ਕਿਉਂ ਉਹ ਜਨਤਕ ਹੁੰਗਾਰਾ ਹਾਸਲ ਕਰਨ ਵਿਚ ਸਫ਼ਲ ਨਹੀਂ ਹੁੰਦੇ। ਜਿਹੜੇ ਵਿਅਕਤੀ ਹਿੰਦ ਵਿਚ ਜਨਤਕ ਕਾਰਜ ਵਿਚ ਸ਼ਾਮਲ ਹਨ ਉਹਨਾਂ ਸਾਰਿਆਂ ਲਈ ਸ਼ਾਇਦ ਆਪਣੇ ਆਪ ਨੂੰ ਗਾਂਧੀ ਜੀ ਵਾਂਗ ਲੋਕਾਂ ਨਾਲ ਤਨੋਂ ਮਨੋਂ ਇੱਕਮਿਕ ਕਰ ਸਕਣਾ ਨਾ ਜ਼ਰੂਰੀ ਹੈ ਤੇ ਨਾ ਹੀ ਸੰਭਵ ਪਰ ਗਾਂਧੀ ਜੀ ਵਰਗੀ ਪੂਰਨ ਅਭੇਦਤਾ ਜ਼ਰੂਰੀ ਹੈ।
ਇਸ ਨੈਤਿਕ ਰਾਜਨੀਤਕ ਨੁਕਤੇ ਨੂੰ ਲਾਂਭੇ ਛੱਡਦਿਆਂ ਪੇਂਡੂ ਨਿਰਧਨਤਾ ਦੇ ਇਸ ਵਰਤਾਰੇ ਨੂੰ ਸਮਝਣਾ ਇਕ ਹੋਰ ਅਹਿਮ ਕਾਰਜ ਹੈ। ਹਿੰਦ ਦੇ ਬਹੁਤ ਸਾਰੇ ਪੇਂਡੂ ਖੇਤਰਾਂ ਵਿਚ ਕੰਗਾਲੀ ਦੇ ਪਸਰਨ ਦੇ ਨਾਲ ਨਾਲ ਚੱਲ ਰਿਹਾ ਨਿਰਧਨਤਾ ਦਾ ਇਹ ਚੱਕਰ ਪਰਲੋਤਾਰੀਕਰਣ ਦੀ ਜਾਂ ਇੰਝ ਕਹਿ ਲਵੋ ਕਿ ਮਜ਼ਦੂਰ ਸ਼੍ਰੇਣੀ ਨੂੰ ਹੋਂਦ ਵਿਚ ਆਉਣ ਦੀ ਗਤੀ ਨਾਲੋਂ ਕਿਤੇ ਵੱਧ ਤੇਜ਼ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਚੱਕਰ ਕਸਬਿਆਂ ਤੇ ਮਹਾਨਗਰਾਂ ਨੂੰ ਹੈਰਾਨਕੁਨ ਹੱਦ ਤੱਕ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਸ ਵਰਤਾਰੇ ਨੂੰ ਲੁੰਪਨੀਕਰਣ ਦੇ ਖਾਨੇ ਵਿਚ ਲਿਖ ਛੱਡਣਾ ਵੀ ਗ਼ਲਤ ਹੋਵੇਗਾ। ਇਹ ਪੇਂਡੂ-ਸ਼ਹਿਰੀ ਕੰਗਾਲੀ ਦੀ ਨਿਰੰਤਰ ਪ੍ਰਕ੍ਰਿਆ ਹੈ। ਸਾਰੇ ਹੀ ਗਰੀਬ ਲੁੰਪਨ, ਉਜੱਡ ਤੇ ਸੋਚਹੀਣ ਪ੍ਰੋਲੇਤਾਰੀਆ ਨਹੀਂ ਆਖੇ ਜਾ ਸਕਦੇ ਕਈ ਪੱਖਾਂ ਤੋਂ ਇਸ ਤੱਥ ਦਾ ਅੱਤ ਕਰੁਣਾਮਈ ਪ੍ਰਗਟਾਵਾ ਬਾਲ-ਮਜ਼ਦੂਰੀ ਵਿਚ ਹੋ ਰਿਹਾ ਵਾਧਾ ਹੈ। ਅਣਸੰਗਠਤ ਗਰੀਬ ਭਾਵੇਂ ਉਹ ਪਿੰਡਾਂ ਵਿਚ ਵਸਦੇ ਹਨ ਜਾਂ ਸ਼ਹਿਰਾਂ ਵਿਚ, ਉਹਨਾਂ ਹਲਕਿਆਂ ਲਈ ਕਿਤੇ ਵੱਧ ਧਿਆਨ ਦਾ ਕੇਂਦਰ ਹੋਣੇ ਚਾਹੀਦੇ ਹਨ, ਜਿਹੜੇ ਸਾਡੇ ਦੇਸ ਦੀ ਸੋਸ਼ਲਿਸਟ ਕਾਯਾਪਲਟ ਲਈ ਕੰਮ ਕਰ ਰਹੇ ਹਨ।
ਗਾਂਧੀ ਜੀ ਦੀ ਦੇਣ ਦੇ ਇਕ ਹੋਰ ਪੱਖ ਨੂੰ ਅਜਿਹੇ ਬਹੁਤ ਸਾਰੇ ਲੋਕਾਂ ਵਲੋਂ ਵੀ ਵਿਵਾਦਪੂਰਣ ਗਿਣਿਆ ਜਾਏਗਾ ਜਿਹੜੇ ਉਂਝ ਉਹਨਾਂ ਦੇ ਪਰਸੰਸਕ ਤੇ ਪੁਜਾਰੀ ਹਨ। ਇਸਦਾ ਸੰਬੰਧ ਸੈਕੂਲਰਿਜ਼ਮ ਜਾਂ ਧਰਮ ਨਿਰਪੱਖਤਾ ਨਾਲ ਹੈ। ਗਾਂਧੀ ਜੀ ਅਕਸਰ ਆਪਣੇ ਆਪ ਨੂੰ ਨਾ ਸਿਰਫ਼ ਹਿੰਦੂ ਸਗੋਂ ਸਨਾਤਨੀ ਧਰਮੀ ਹਿੰਦੂ ਆਖਦੇ ਸਨ। ਉਹ ਵਰਣ-ਆਸ਼ਰਮ-ਧਰਮ ਨੂੰ ਇਸਦੇ ਪੁਰਾਤਨ ਰੂਪ ਵਿਚ ਜਾਇਜ਼ ਠਹਿਰਾਉਂਦੇ ਸਨ। ਉਹ ਆਪਣੇ ਆਪ ਨੂੰ ਭਗਵਤ ਗੀਤਾ ਦਾ ਪੁਜਾਰੀ ਵੀ ਦਸਦੇ ਸਨ। ਉਹ ਕਹਿੰਦੇ ਸਨ ਕਿ ਉਹਨਾਂ ਦਾ ਆਦਰਸ਼ ਰਾਮ ਰਾਜ ਹੈ। ਪ੍ਰਾਰਥਨਾ ਮੀਟਿੰਗਾਂ, ਜਿਨ੍ਹਾਂ ਨੂੰ ਉਹ ਆਪਣੀ ਐਜੀਟੇਸ਼ਨ ਲਈ ਮੁੱਖ ਸਾਧਨ ਵਜੋਂ ਵਰਤਦੇ ਸਨ ਇਹਨਾਂ ਮੀਟਿੰਗਾਂ ਵਿਚ ਭਜਨ ਗਾਏ ਜਾਂਦੇ ਸਨ ਭਾਵੇਂ ਇਸਦੇ ਨਾਲ ਨਾਲ ਕੁਰਾਨ ਸਰੀਫ਼ ਦੀਆਂ ਆਇਤਾਂ ਤੇ ਈਸਾਈ ਸ਼ਬਦ ਵੀ ਪੜ੍ਹੇ ਜਾਂਦੇ ਸਨ। ਇਸ ਬਾਰੇ ਕਿਹਾ ਜਾਂਦਾ ਹੈ ਕਿ ਗਾਂਧੀ ਜੀ ਦੇ ਇਸ ਵਤੀਰੇ ਨੇ ਮੁਸਲਿਮ ਭਾਵਨਾਵਾਂ ਨੂੰ ਠੇਸ ਪਹੁੰਚਾਈ, ਉਹਨਾਂ ਨੂੰ ਕਾਂਗਰਸ ਨਾਲੋਂ ਦੂਰ ਕਰ ਦਿੱਤਾ ਅਤੇ ਹਿੰਦੂ ਪੁਨਰ-ਉਥਾਨ ਨੂੰ ਉਤਸ਼ਾਹਿਤ ਕੀਤਾ। ਇਹ ਵੀ ਕਿਹਾ ਜਾਂਦਾ ਹੈ ਕਿ ਸੈਕੂਲਰਿਜ਼ਮ ਦਾ ਅਰਥ ਸਾਰੇ ਧਰਮਾਂ ਨਾਲ ਇਕੋ ਜਿਹਾ ਸਲੂਕ ਨਹੀਂ ਸਗੋਂ ਧਰਮ ਨੂੰ ਪਬਲਿਕ ਖੇਤਰ ਵਿਚੋਂ ਬਾਹਰ ਰੱਖਣ ਤੇ ਇਸਨੂੰ ਨਿੱਜੀ ਵਿਸ਼ਵਾਸ ਤੱਕ ਸੀਮਤ ਕਰਨ ਨਾਲ ਹੈ।
ਮਹਾਤਮਾ ਗਾਂਧੀ ਦੀ ਅਜਿਹੀ ਨਕਤਚੀਨੀ ਉਸ ਇਤਹਾਸਕ ਸਮੇਂ ਤੇ ਸਥਿਤੀ ਦਾ ਸਹੀ ਮੁਲਅੰਕਣ ਨਹੀਂ, ਜਿਸ ਵਿਚ ਉਹ ਜੀਵੇ ਤੇ ਉਹਨਾਂ ਕੰਮ ਕੀਤਾ। ਵਾਸਤਵ ਵਿਚ ਅਜਿਹੀ ਨੁਕਤਾਚੀਨੀ ਹਿੰਦੁਸਤਾਨ ਦੇ ਸਮੇਂ ਤੇ ਸਥਿਤੀ ਨੂੰ ਵੀ ਠੀਕ ਅਰਥਾਂ ਵਿਚ ਨਾ ਪੜ੍ਹਨ ਦੇ ਬਰਾਬਰ ਹੈ। ਜੇ ਹਿੰਦੁਸਤਾਨ ਧਾਰਮਿਕ ਰਾਜ ਨਹੀਂ ਬਣਿਆ ਅਤੇ ਜੇ ਇਸਦੇ ਲੋਕ ਡੂੰਘੀਆਂ ਧਾਰਮਕ ਭਾਵਨਾਵਾਂ ਦੇ ਤੇ ਧਰਮਾਂ ਦੀ ਅਨੇਕਤਾ ਦੇ ਬਾਵਜੂਦ ਸੈਕੂਲਰ ਹੀ ਹਨ ਤਾਂ ਇਹ ਸੱਭ ਤੋਂ ਵੱਧ ਗਾਂਧੀ ਜੀ ਦੀ ਸਿਆਣੀ, ਸਹਿਨਸ਼ੀਲ ਤੇ ਦ੍ਰਿੜ ਅਗਵਾਈ ਦਾ ਹੀ ਸਦਕਾ ਸੀ। ਨਹਿਰੂ, ਭਗਤ ਸਿੰਘ ਕਮਿਊਨਿਸਟਾਂ ਤੇ ਹੋਰਨਾਂ ਨੇ ਵੀ ਹਿੰਦੂਸਤਾਨ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ। ਪਰ ਇਸਦਾ ਮੁੱਖ ਸਿਹਰਾ ਗਾਂਧੀ ਜੀ ਨੂੰ ਹੀ ਜਾਂਦਾ ਹੈ।
ਇਹ ਗਾਂਧੀ ਜੀ ਸਨ ਜਿਨ੍ਹਾਂ ਕਿਸੇ ਵੀ ਹੋਰ ਨਾਲੋਂ ਵੱਧ ਹਿੰਦੂ ਸੋਚ ਨੂੰ ਸੈਕੂਲਰ ਬਨਾਉਣ ਵਿਚ ਹਿੱਸਾ ਪਾਇਆ, ਹਿੰਦੂਆਂ ਦੀ ਵਿਸ਼ਾਲ ਬਹੁਗਿਣਤੀ ਨੂੰ ਸਾਰੇ ਹੀ ਧਰਮਾਂ ਨਾਲ ਇਕੋ ਜਿਹਾ ਸਲੂਕ ਕਰਨ ਦੀ ਸਿੱਖਿਆ ਤੇ ਪ੍ਰੇਰਨਾ ਦਿੱਤੀ। ਇਹ ਉਹਨਾਂ ਦੀ ਦੇਣ ਹੀ ਸੀ ਕਿ ਨਾਸਤਿਕਤਾ ਨੂੰ ਵੀ ਹਿੰਦੂ ਸਮੂਹ ਦਾ ਹਿੱਸਾ ਸਮਝਿਆ ਜਾਣ ਲੱਗਾ। ਉਹਨਾਂ ਦਾ ਧਰਮ ਇਕ ਅਜਿਹਾ ਧਰਮ ਸੀ ਜਿਸਨੂੰ ਨਾ ਚਰਚ ਦੀ ਲੋੜ ਸੀ ਤੇ ਨਾ ਹੀ ਰਾਜ ਦੀ। ਇਹ ਇਕ ਅਜਿਹੀ ਪ੍ਰਾਪਤੀ ਸੀ ਜਿਸਦੀ ਮਿਸਾਲ ਇਤਹਾਸ ਵਿਚ ਹੋਰ ਕੋਈ ਨਹੀਂ ਮਿਲਦੀ। ਇਹ ਪ੍ਰਾਪਤੀ ਸੀ ਧਾਰਮਕ ਪ੍ਰਵਿਰਤੀਆਂ ਨੂੰ ਠੇਸ ਪਹੁੰਚਾਏ ਬਿਨਾ ਸੈਕੂਲਰ ਸ਼ਕਤੀਆਂ ਨੂੰ ਅੱਗੇ ਲਿਆਉਣ ਵਿਚ ਸਫ਼ਲਤਾ ਹਾਸਲ ਕਰਨ ਦੀ, ਭਾਵੇਂ ਇਹ ਪ੍ਰਾਪਤੀ ਵਿਗਿਆਨਕ ਸੋਚ ਨੂੰ ਜਨਤਕ ਪੱਧਰ ਉੱਤੇ ਭਾਰਤੀ ਸੁਭਾਅ ਦਾ ਹਿੱਸਾ ਬਨਾਉਣ ਤੱਕ ਨਾ ਪਹੁੰਚ ਸਕੀ। ਇਸਦਾ ਇਕ ਅਹਿਮ ਕਾਰਨ ਇਹ ਸੀ ਕਿ ਸ਼ੋਸ਼ਲਿਸਟ ਇਨਕਲਾਬ ਲਈ ਕੰਮ ਕਰ ਰਹੀਆਂ ਸ਼ਕਤੀਆਂ ਇਸ ਦੇਸ਼ ਵਿਚ ਬਹੁਤੀ ਪ੍ਰਗਤੀ ਨਾ ਕਰ ਸਕੀਆਂ।
ਹਿੰਦੂ ਫਿਰਕਾਪ੍ਰਸਤੀ ਨੂੰ ਉਹਨਾਂ ਵਿਚੋਂ ਆਪਣਾ ਅਸਲ ਦੁਸ਼ਮਣ ਦਿਸਿਆ, ਇਸੇ ਲਈ ਉਹਨਾਂ ਨੇ ਮਹਾਤਮਾ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਮੁਸਲਮ ਫਿਰਕਾਪ੍ਰਸਤੀ ਜਿਨ੍ਹਾਂ ਕਾਰਨਾਂ ਕਰਕੇ ਵਧੀ ਤੇ ਪਸਰੀ ਜਨਤਕ ਐਜੀਟੇਸ਼ਨ ਤੇ ਪ੍ਰਾਪੇਗੰਡੇ ਬਾਰੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਨ ਤੇ ਮੁਹਾਵਰੇ ਨਾਲ ਕੋਈ ਸੰਬੰਧ ਨਹੀਂ। ਸੱਚਮੁਚ ਧਾਰਮਕ ਮੁਸਲਮ ਆਗੂ, ਭਾਵੇਂ ਉਹ ਮੌਲਾਨਾ ਆਜ਼ਾਦ ਸਨ ਜਾਂ ਦਿਓਬੰਦ ਮਦਰਸੇ ਦੇ ਖਾਨ ਅਬਦੁਲ ਗ਼ੁਖ਼ਾਰ ਖਾਨ, ਗਾਂਧੀ ਜੀ ਤੇ ਉਹਨਾਂ ਦੀ ਲਹਿਰ ਦੇ ਨੇੜੇ ਸਨ। ਮੁਹੰਮਦ ਅਲੀ ਜਿਨਾਹ, ਜਿਹੜੇ ਸਿਗਰਟ ਅਤੇ ਸ਼ਰਾਬ ਪੀਂਦੇ ਸਨ, ਜਿਨ੍ਹਾਂ ਕੁਰਾਨ ਸ਼ਰੀਫ ਕਦੇ ਨਹੀਂ ਸੀ ਪੜ੍ਹਿਆ ਤੇ ਨਮਾਜ਼ ਵੀ ਕਦੇ ਘੱਟ ਹੀ ਪੜ੍ਹੀ ਸੀ ਤੇ ਜਿਹੜੇ ਪਾਰਸੀ ਸੁਆਣੀ ਨਾਲ ਵਿਆਹ ਹੋਏ ਸਨ, ਖਾੜਕੂ ਮੁਸਲਮ ਫਿਰਕਾ ਪ੍ਰਸਤੀ ਦੇ ਆਗੂ ਜਾ ਬਣੇ ਅਤੇ ਆਗੂ ਵੀ ਉਹ ਆਪਣੇ ਉਤਲੇ ਖਾਸਿਆਂ ਦੇ ਬਾਵਜੂਦ ਨਹੀਂ ਸਗੋਂ ਇਹਨਾਂ ਖਾਸਿਆਂ ਕਰਕੇ ਬਣੇ। ਗਾਂਧੀ ਜੀ ਦੇ ਦੋਸਤਾਂ ਤੇ ਹਮਦਰਦਾਂ ਵਿਚ ਨਾ ਸਿਰਫ਼ ਕੱਟੜ ਇਸਲਾਮੀ ਆਗੂ ਵੀ ਸ਼ਾਮਲ ਸਨ ਸਗੋਂ ਅਜਿਹੇ ਆਗੂ ਵੀ ਸ਼ਾਮਲ ਸਨ ਜਿਨ੍ਹਾਂ ਦੀ ਸੋਚ ਬੜੀ ਪ੍ਰਗਤੀਸ਼ੀਲ ਸੀ ਤੇ ਜਿਨ੍ਹਾਂ ਨੂੰ ਇਸਲਾਮੀ ਮੁਸਲਮ ਆਗੂ ਵੀ ਨਹੀਂ ਕਿਹਾ ਜਾ ਸਕਦਾ। ਮੁਹੰਮਦ ਅਲੀ ਜਿਨਾਹ ਦੇ ਆਪਣੇ ਆਪ ਨੂੰ ਪਾਕਿਸਤਾਨੀ ਨਾਅਰੇ ਨਾਲ ਨੱਥੀ ਕਰ ਲੈਣ ਪਿੱਛੋਂ ਜੇ ਅਜਿਹੇ ਮੁਸਲਮ ਆਗੂਆਂ ਦਾ ਮੁਸਲਮ ਵਸੋਂ ਵਿਚ ਜਨਤਕ ਪ੍ਰਭਾਵ ਨਾ ਰਿਹਾ। ਇਸ ਦੇ ਕਾਰਨ ਕੋਈ ਹੋਰ ਸਨ।
ਅਜੋਕੇ ਹਿੰਦੁਸਤਾਨ ਵਿਚ ਜੇ ਫਿਰਕੂ ਹਾਲਤ ਵਿਗੜੀ ਹੈ ਤਾਂ ਉਹ ਪਾਕਿਸਤਾਨ ਦੇ ਬਨਣ ਨਾਲ ਵਿਗੜੀ ਹੈ ਭਾਵੇਂ ਹਿੰਦੂ ਫਿਰਕੂਪ੍ਰਸਤੀ ਵਧੇਰੇ ਖ਼ਤਰਨਾਕ ਫਿਰਕਾਪ੍ਰਸਤੀ ਹੈ ਪਰ ਮੁਸਲਮ ਫਿਰਕਾਪ੍ਰਸਤੀ ਵੀ ਕਦੇ ਨਿਸਕਿਰਿਆ ਨਹੀਂ ਰਹੀ। ਸਗੋਂ ਇੰਝ ਕਹਿਣਾ ਚਾਹੀਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਹੋਰ ਵੀ ਜ਼ਹਿਰਲੀ ਹੋ ਗਈ ਹੈ। ਫਿਰਕਾਪ੍ਰਸਤੀ ਦਾ ਇਹ ਵਿਗੜਿਆ ਰੂਪ ਸਾਡੇ ਦੇਸ਼ ਵਿਚ ਅੱਗੇਵਧੂ ਤੇ ਸੋਸ਼ਲਿਸਟ ਮੁੱਖੀ ਲਹਿਰਾਂ ਨੂੰ ਦਰਪੇਸ਼ ਸੱਭ ਤੇ ਖ਼ਤਰਨਾਕ ਸਮੱਸਿਆਵਾਂ ਵਿਚੋਂ ਇਕ ਹੈ। ਇਸ ਵਿਰੁੱਧ ਰਾਜਨੀਤਕ ਤੇ ਜਥੇਬੰਦਕ ਲੜਾਈ ਲੜਨ ਤੋਂ ਇਲਾਵਾ ਇਸ ਨਾਲ ਵਿਚਾਰਧਾਰਕ ਤੌਰ ‘ਤੇ ਨਿਪਟਣ ਲਈ ਵੱਖ ਵੱਖ ਪੱਧਰਾਂ ਉੱਤੇ ਉਪਰਾਲੇ ਕਰਨੇ ਪੈਣਗੇ। ਬੁਨਿਆਦੀ ਸੋਸ਼ਲਿਸਟ ਵਿਚਾਰਧਾਰਾ ਦਾ ਪਰਚਾਰ, ਵਿਗਿਆਨਕ ਰਵੱਈਏ ਦਾ ਪਾਸਾਰ ਤੇ ਧਾਰਮਕ ਸਹਿਨਸ਼ੀਲਤਾ ਦੀ ਪਾਣ-ਇਹ ਤਿੰਨੇ ਗੱਲਾਂ ਨਾਲੋਂ ਨਾਲ ਕਰਨੀਆਂ ਪੈਣਗੀਆਂ। ਇਸ ਖੇਤਰ, ਵਿਚ ਗਾਂਧੀ ਜੀ ਦੇ ਢੰਗਾਂ ਤੇ ਵਿਰਸੇ ਦੀ ਜ਼ਬਰਦਸਤ ਅਹਿਮੀਅਤ ਹੈ।
ਇਸ ਪਰਸੰਗ ਵਿਚ ਇਹ ਜ਼ਿਕਰ ਵੀ ਉਚਿੱਤ ਹੀ ਹੋਵੇਗਾ ਕਿ ਕੇਵਲ ਅਜਿਹੇ ਚਾਰ ਵਿਅਕਤੀ ਹੀ ਹੋਏ ਹਨ ਜਿਨ੍ਹਾਂ ਗਾਂਧੀ ਜੀ ਨੂੰ ਸੱਚਮੁਚ ਸਮਝਿਆ। ਪਹਿਲਾ ਵਿਅਕਤੀ ਸੀ। ਬਿਰਲਾ ਜਿਸਨੇ ਸਾਲਾਂਬੱਧੀ ਗਾਂਧੀ ਜੀ ਦੇ ਪਰਛਾਵੇਂ ਵਿਚ ਰਹਿਕੇ ਅਸਲ ਅਰਥਾਂ ਵਿਚ ਉਸਦਾ ਪੂਰਾ ਲਾਭ ਉਠਾਇਆ। ਦੂਜਾ ਵਿਅਕਤੀ ਸੀ ਨੱਥੂ ਰਾਮ ਗਾਡਸੇ ਜਿਸਨੂੰ ਮਹਿਸੂਸ ਹੋਇਆ ਕਿ ਖਾੜਕੂ ਹਿੰਦੂ ਫਿਰਕਾਪ੍ਰਸਤੀ ਦੇ ਫੈਲਣ ਲਈ ਗਾਂਧੀ ਜੀ ਨੂੰ ਰਾਹ ਵਿਚੋਂ ਹਟਾਉਣਾ ਜ਼ਰੂਰੀ ਹੈ। ਤੀਜਾ ਵਿਅਕਤੀ ਸੀ ਜਵਾਹਰ ਲਾਲ ਨਹਿਰੂ ਜੋ ਜਾਣਦਾ ਸੀ ਕਿ ਮਹਾਤਮਾ ਗਾਂਧੀ ਦੀ ਲੀਡਰਸ਼ਿਪ ਤੋਂ ਬਿਨਾ ਇਕ ਆਧੁਨਿਕ ਤੇ ਆਜ਼ਾਦ ਹਿੰਦੁਸਤਾਨ ਦੇ ਉੱਭਰ ਕੇ ਅੱਗੇ ਆਉਣ ਦੀ ਕੋਈ ਸੰਭਾਵਨਾ ਨਹੀਂ, ਤੇ ਚੌਥਾ ਵਿਅਕਤੀ ਸੀ ਲੈਨਿਨ ਜਿਸਨੇ 1920 ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਸਰੀ ਕਾਂਗਰਸ ਸਮੇਂ ਐੱਮ।ਐੱਨ।ਰਾਏ ਦੀ ਤੰਗਨਜ਼ਰੀ ਦਾ ਵਿਰੋਧ ਕੀਤਾ ਤੇ ਕਮਿਉਨਿਸਟਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਆਜ਼ਾਦ ਹਸਤੀ ਤੇ ਤਾਕਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਦਿਆਂ ਤੇ ਮਜ਼ਬੂਤ ਕਰਦਿਆਂ ਗਾਂਧੀ ਦੀ ਅਗਵਾਈ ਹੇਠਲੀ ਲਹਿਰ ਨਾਲ ਮੁਤਹਿੱਦ ਹੋਣਾ।
ਗਾਂਧੀ ਜੀ ਦੀ ਜ਼ਿੰਦਗੀ ਤੇ ਕੰਮ ਦਾ ਅੰਤਲਾ ਉਸਾਰੂ ਤੇ ਪਰਸੰਗਕ ਪੱਖ ਉਹ ਰਣਨੀਤੀ ਹੈ ਜਿਹੜੀ ਉਹਨਾਂ ਸਾਮਰਾਜ ਵਿਰੋਧੀ ਸੰਘਰਸ਼ ਲਈ ਤੇ ਬਰਤਾਨਵੀ ਬਸਤੀਵਾਦੀ ਰਾਜ ਨੂੰ ਉਲਟਾਉਣ ਲਈ ਵਿਕਸਤ ਕੀਤੀ। ਇਸ ਤੱਥ ਨੂੰ ਬਹੁਤ ਉਛਾਲਿਆ ਜਾਂਦਾ ਹੈ ਕਿ ਉਹ ਲਹਿਰ ਨੂੰ ਬੜੇ ਨਾਜ਼ਕ ਪਲਾਂ ਉੱਤੇ ਵਾਪਸ ਲੈ ਲੈਂਦੇ ਰਹੇ। ਇਸਦਾ ਮਤਲਬ ਇਹ ਲਿਆ ਜਾਂਦਾ ਹੈ ਕਿ ਉਹਨਾਂ ਲੋਕਾਂ ਦੇ ਆਪ ਮੁਹਾਰੇ ਇਨਕਲਾਬੀ ਉਭਾਰ ਨੂੰ ਠੱਲ ਪਾ ਦਿੱਤੀ, ਜਦ ਕਿ ਇਸ ਉਭਾਰ ਨੇ ਉਸਦੀ “ਸੋਧਵਾਦੀ ਅਗਵਾਈ” ਨੂੰ ਤੇ ਉਸ ਵੱਲੋਂ ਸ਼ੁਰੂ ਕੀਤੇ ਗਏ “ਸ਼ਾਂਤੀਵਾਦੀ ਇਨਕਲਾਬ” ਨੂੰ ਪਿੱਛੇ ਛੱਡ ਜਾਣਾ ਸੀ। “ਸ਼ਾਂਤੀਵਾਦੀ ਇਨਕਲਾਬ” ਦੇ ਪੱਦ ਦੀ ਵਰਤੋਂ ਗ੍ਰਾਮਚੀ ਦੇ ਹਵਾਲੇ ਨਾਲ ਕੀਤੀ ਜਾ ਰਹੀ ਹੈ। ਗ੍ਰਾਮਚੀ ਨੇ ਗਾਂਧੀ ਜੀ ਦੇ ਸੰਬੰਧ ਵਿਚ ਇਸ ਪਦਾਵਲੀ ਦਾ ਜ਼ਿਕਰ ਆਪਣੀ ਲਿਖਤ “ਬੰਦੀਖ਼ਾਨੇ ਦੀਆਂ ਨੋਟਬੁਕਸ, ਵਿਚ ਦੋ ਵਾਰ ਕੀਤਾ ਸੀ।
‘ਤੇਜ਼ ਖਿਆਲ’ ਨੁਕਤਾਚੀਨ ਇਸ ਗੱਲ ਨੂੰ ਕਦੇ ਵੀ ਸੰਤੋਖਜਨਕ ਢੰਗ ਨਾਲ ਬਿਆਨ ਨਹੀਂ ਕਰ ਸਕੇ ਕਿ ਆਖਰ ਕੀ ਕਾਰਨ ਸੀ ਕਿ ਲੋਕ ਸੰਘਰਸ਼ ਨੂੰ ਉਭਾਰ ਵਿਚ ਆਉਣ ਲਈ ਗਾਂਧੀ ਜੀ ਦੀ ਅਗਵਾਈ ਦੀ ਉਡੀਕ ਰਹੀ ਅਤੇ ਕਿਉਂ ਅਜਿਹਾ ਹੋਇਆ ਕਿ ਸਿਵਾਏ 1945-46 ਦੇ ਸੰਖੇਪ ਜਿਹੇ ਵਕਫ਼ੇ ਦੇ ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਗਾਂਧੀ ਨੇ ਇਸ ਸੰਘਰਸ਼ ਨੂੰ ਵਾਪਸ ਲੈਣ ਦਾ ਆਦੇਸ਼ ਦਿੱਤਾ ਹੋਵੇ ਪਰ ਇਹ ਫੇਰ ਵੀ ਜਾਰੀ ਰਿਹਾ ਹੋਵੇ। ਕੀ ਕਾਰਨ ਹੈ ਕਿ ਗਾਂਧੀ ਦੀ ਦੀ ਕਥਿੱਤ ‘ਗ਼ਦਰੀ’ ਉਹਨਾਂ ਦੇ ਜਨਤਕ ਪ੍ਰਭਾਵ ਨੂੰ ਘਟਾਉਣ ਦਾ ਕਾਰਨ ਨਾ ਬਣੀ। ਇਹ ਕਿਵੇਂ ਹੋਇਆ ਕਿ ਵਧੇਰੇ ਇਨਕਲਾਬੀ ਅੰਸ਼ ਤਿੰਨ ਦਹਾਕਿਆਂ ਦੇ ਲੰਮੇ ਸਮੇਂ ਵਿਚ ਉਹਨਾਂ ਵਿਰੁੱਧ ਬੇਪਰਤੀਤੀ ਪੈਦਾ ਨਾ ਕਰ ਸਕੇ ਤੇ ਸੰਘਰਸ਼ ਦੀ ਅਗਵਾਈ ਆਪਣੇ ਹੱਥਾਂ ਵਿਚ ਨਾ ਲੈ ਸਕੇ। 20ਵੀਂ ਸਦੀ ਵਿਚ ਤਿੰਨ ਦਹਾਕਿਆਂ ਦੇ ਸਮੇਂ ਨੂੰ ਐਨੀ ਛੋਟੀ ਇਤਹਾਸਕ ਅਵਧੀ ਵੀ ਨਹੀਂ ਆਖਿਆ ਜਾ ਸਕਦਾ।
ਗਾਂਧੀ ਜੀ ਦੀ ਰਣਨੀਤੀ ਨੂੰ ਸਮਝਣ ਵਿਚ ਜਿਹੜੀ ਗੱਲ ਹੋਰ ਵੀ ਸਹਾਈ ਹੋ ਸਕਦੀ ਹੈ ਉਹ ਹੈ ਗ੍ਰਾਮਚੀ ਦਾ ਵਿਸਤਰਤ ਵਿਸ਼ਲੇਸ਼ਨ ਜਿਹੜਾ ਉਹਨਾਂ ਆਪਣੀ ਪੁਸਤਕ “ਪ੍ਰਿਜ਼ਨ ਨੋਟਬਕਸ” ਵਿਚ ਕੀਤਾ; “ਇਸ ਤਰ੍ਹਾਂ ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਲੜਾਈ ਦੇ ਤਿੰਨ ਰੂਪਾਂ ਵਿਚ ਸਾਹਮਣੇ ਆਇਆ। ਇਹ ਸੀ: ਗਤੀਵਿਧੀ ਦੀ ਲੜਾਈ, ਪੈਂਤੜੇ ਦੀ ਲੜਾਈ, ਤੇ ਜ਼ਮੀਨਦੋਜ਼ ਲੜਾਈ। ਗਾਂਧੀ ਜੀ ਦਾ ਸ਼ਾਂਤੀਵਾਦੀ ਸਤਿਆਗ੍ਰਹਿ ਪੈਂਤੜੇ ਦੀ ਲੜਾਈ ਸੀ। ਇਹ ਲੜਾਈ ਕਦੇ ਗਤੀਵਿਧੀ ਦੀ ਲੜਾਈ ਬਣ ਜਾਂਦੀ ਸੀ ਅਤੇ ਕਦੇ ਜ਼ਮੀਨਦੋਜ਼ ਲੜਾਈ। ਬਾਈਕਾਟ ਪੈਂਤੜੇ ਦੀ ਲੜਾਈ ਆਖੀ ਜਾ ਸਕਦੀ ਹੈ ਜਦਕਿ ਕਈ ਪੜਾਵਾਂ ਉੱਤੇ ਹੜਤਾਲਾਂ ਗਤੀਵਿਧੀ ਦੀ ਲੜਾਈ ਬਣ ਜਾਂਦੀਆਂ ਹਨ ਅਤੇ ਹਥਿਆਰ ਤੇ ਲੜਾਕੇ ਦਸਤਿਆਂ ਦੀ ਖੁਫ਼ੀਆ ਤਿਆਰੀ ਜ਼ਮੀਨਦੋਜ਼ ਸੰਗਰਾਮ ਨਾਲ ਸੰਬੰਧ ਰੱਖਦੀ ਹੈ। ਛਾਪਾਮਾਰ ਦਾਅਪੇਚ ਵੀ ਜ਼ਮੀਨਦੋਜ਼ ਸੰਗਰਾਮ ਦਾ ਹੀ ਹਿੱਸਾ ਹਨ।”
ਗਾਂਧੀ ਜੀ ਦੇ ਖੱਬੇਪੱਖੀ ਤੇ ਮਾਰਕਸਵਾਦੀ ਆਲੋਚਕ ਬਹੁਤੀ ਵਾਰ ਇਹੀ ਗੱਲ ਦੁਹਰਾਉਂਦੇ ਹਨ ਕਿ ਉਹਨਾਂ ਜਨਤਕ ਲਹਿਰ ਨੂੰ ਖਾਸ ਹੱਦਾਂ ਤੋਂ ਅੱਗੇ ਨਾ ਜਾਣ ਦਿੱਤਾ। ਇਹ ਗੱਲ ਠੀਕ ਹੈ। ਇਸਤੋਂ ਇਲਾਵਾ ਜਨਤਾ ਪ੍ਰਤੀ ਗਾਂਧੀ ਜੀ ਦੀ ਪਹੁੰਚ ਦਾ ਇਕ ਹੋਰ ਜੁੜਵਾਂ ਪੱਖ ਵੀ ਸੀ। ਅਤੇ ਜਿਸ ਤਰ੍ਹਾਂ ਉਹਨਾਂ ਆਪ ਹੀ ਇਸਨੂੰ ਬੜੇ ਕਰੁਣਾਮਈ ਤੇ ਕਾਵਿਕ ਅੰਦਾਜ਼ ਨਾਲ ਬਿਆਨ ਕੀਤਾ -ਉਹਨਾਂ ਦਾ ਇਹ ਜੁੜਵਾਂ ਪੱਖ ਸੀ ਕਿ ਉਹ ਹਰ ਅੱਖ ਦਾ ਹਰ ਹੰਝੂ ਪੂੰਝਣ ਦੀ ਆਕਾਂਖਿਆ ਰੱਖਦੇ ਸਨ। ਇਸ ਸਿੱਕੇ ਦਾ ਦੂਸਰਾ ਪਾਸਾ ਇਹ ਸੀ ਹੰਝੂ ਪੂੰਝਣ ਦਾ ਕੰਮ ਉਹ ਆਪਣੇ ਤੱਕ ਸੀਮਤ ਰੱਖਣਾ ਚਾਹੁੰਦੇ ਸਨ। ਉਹਨਾਂ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਂਗਰਸ, ਜਿਸਦੀ ਅਗਵਾਈ ਉਹ ਆਪ ਕਰਦੇ ਸਨ, ਨੂੰ ਕਰੋੜਾਂ ਬੇਜ਼ੁਬਾਨ ਲੋਕਾਂ ਦੀ ਜ਼ੁਬਾਨ ਬਨਣਾ ਚਾਹੀਦਾ ਹੈ -ਇਹ ਨਹੀਂ ਕਿ ਕਰੋੜਾਂ ਬੇਜ਼ੁਬਾਨ ਲੋਕਾਂ ਨੂੰ ਆਪਣੀ ਬੇਬਸੀ ਛੱਡਕੇ ਆਪਣੀ ਆਵਾਜ਼ ਆਪ ਉਠਾਉਣੀ ਚਾਹੀਦੀ ਹੈ।
ਨਿਰਸੰਦੇਹ, ਸੱਭ ਕੁਝ ਕਹਿਣ ਤੇ ਕਰਨ ਤੋਂ ਬਾਅਦ ਵੀ ਗਾਂਧੀ ਜੀ ਬਾਰੇ ਇਹ ਵਰਨਣਯੋਗ ਤੱਥ ਕਾਇਮ ਰਹਿੰਦਾ ਹੈ ਕਿ ਸਾਡੀ ਲੰਮੀ ਤੇ ਸ਼ਾਨਦਾਰ ਤਾਰੀਖ ਵਿਚ ਜਨਤਾ ਨੂੰ ਜਗਾਉਣ ਵਾਲਾ ਜੇ ਕੋਈ ਸਭ ਤੇ ਮਹਾਨ ਆਗੂ ਹੋਇਆ, ਉਹ ਮਹਾਤਮਾ ਗਾਂਧੀ ਹੀ ਸੀ ਤੇ ਰਹੇਗਾ। ਗਾਂਧੀ ਜੀ ਤੋਂ ਇਲਾਵਾ ਹੋਰ ਕਿਸੇ ਆਗੂ ਦੇ ਸੱਦੇ ਉਤੇ ਲੱਖਾਂ ਕਰੋੜਾਂ ਹਿੰਦੁਸਤਾਨੀ ਕਿਸੇ ਨਾ ਕਿਸੇ ਰੂਪ ਵਿਚ ਜਨਤਕ ਲਹਿਰ ਵਿਚ ਸ਼ਾਮਲ ਨਹੀਂ ਸਨ ਹੋਏ । ਸੱਚਮੁਚ ਅਧੁਨਿਕ, ਤੇਜ਼ ਖਿਆਲ ਤੇ ਇਨਕਲਾਬੀ ਲਹਿਰ ਉਦੋਂ ਹੋਂਦ ਵਿਚ ਆਈ ਜਦੋਂ ਉਹਨਾਂ ਦੀ ਪਹਿਲੀ ਸ਼ਕਤੀਸ਼ਾਲੀ ਪਰੇਰਨਾ ਨੇ ਲੱਖਾਂ ਕਰੋੜਾਂ ਲੋਕਾਂ ਨੂੰ ਹਲੂਣਾ ਦਿੱਤਾ, ਇਹ ਠੀਕ ਹੈ ਕਿ ਇਹ ਲਹਿਰਾਂ ਐਕਸ਼ਨ ਦਾ ਉਹੋ ਜਿਹਾ ਕੌਮ-ਵਿਆਪੀ ਰੂਪ ਧਾਰਨ ਨਾ ਕਰ ਸਕੀਆਂ, ਜਿਹੜਾ ਹੋਣਾ ਚਾਹੀਦਾ ਸੀ। ਇਥੋਂ ਤੱਕ ਕਿ ਆਪਮੁਹਾਰੇ ਜਨਤਕ ਉਭਾਰ ਨੇ ਵੀ ਵਰਨਣਯੋਗ ਵਿਸ਼ਾਲਤਾ ਕੇਵਲ 1945-46 ਵਿਚ ਹੀ ਅਖਤਿਆਰ ਕੀਤੀ, ਇਸਤੋਂ ਪਹਿਲਾਂ ਅਜਿਹਾ ਉਭਾਰ ਘੱਟ ਹੀ ਦੇਖਣ ਵਿਚ ਆਇਆ। ਜਿਥੋਂ ਤੱਕ ਮਹਾਤਮਾ ਗਾਂਧੀ ਦੀਆਂ ਅਸਫ਼ਲਤਾਵਾਂ ਦਾ ਸੰਬੰਧ ਹੈ, ਉਹਨਾਂ ਇਹਨਾਂ ਦਾ ਇਕਬਾਲ ਕੀਤਾ। ਪਰ ਖੱਬੇ ਪੱਖ ਤੇ ਉਸਦੀਆਂ ਊਣਤਾਈਆਂ ਬਾਰੇ ਕੀ ਕਿਹਾ ਜਾਏ? ਇਸ ਵਿਚ ਕੋਈ ਸ਼ੱਕ ਨਹੀਂ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਦੇ ਦੋ ਹੰਗਾਮਾਖੇਜ਼ ਦਹਾਕਿਆਂ ਦੇ ਦੌਰਾਨ ਤੇ ਇਸ ਪਿਛੋਂ 1947-49 ਦੇ ਸਾਲਾਂ ਤੱਕ ਸਾਰੇ ਏਸ਼ੀਆ ਵਿਚ ਮਹਾਤਮਾ ਗਾਂਧੀ ਦੇ ਬਰਾਬਰ ਦਾ ਕੋਈ ਹੋਰ ਆਗੂ ਸਰਵਉੱਚ ਆਗੂ ਹੋਇਆ ਤਾਂ ਉਹ ਮਾਓ ਜ਼ੇ ਤੁੰਗ ਹੀ ਸੀ।
ਜੇ ਮਹਾਤਮਾ ਗਾਂਧੀ ਸਰਵਉੱਚ ਆਗੂ ਬਣੇ ਅਤੇ ਉਹਨਾਂ ਆਪਣੀ ਇਸ ਸਰਵਉੱਚਤਾ ਨੂੰ ਕਾਇਮ ਰੱਖਿਆ ਤਾਂ ਇਸ ਵਿਚ ਵੱਡਾ ਹੱਥ ਉਹਨਾਂ ਦੀ ਆਪਣੀ ਅਣਥੱਕ ਮਿਹਨਤ ਦਾ ਸੀ। ਜਿਸ ਤਰ੍ਹਾਂ ਵਿਲੀਅਮ ਬਲੇਕ ਨੇ ਬਹੁਤ ਚਿਰ ਪਹਿਲਾਂ ਲਿਖਿਆ ਸੀ- ਊਰਜਾ ਸਦੀਵੀ ਖੁਸ਼ੀ ਹੈ। ਪਰ ਇਹ ਨਿਰੀ ਉਹਨਾਂ ਦੇ ਸਖਸ਼ੀ ਕਮਾਲ ਜਾਂ ਕ੍ਰਿਸ਼ਮੇ ਦਾ ਸਿੱਟਾ ਨਹੀਂ ਸੀ। ਉਂਝ ਵੀ ਕ੍ਰਿਸ਼ਮਾ ਆਪਣੇ ਆਪ ਵਿਚ ਕੋਈ ਬਹੁਤਾ ਅਰਥ ਨਹੀਂ ਰੱਖਦਾ। ਜੇ ਉਹਨਾਂ ਨੂੰ ਸਰਵਉੱਚਤਾ ਦਾ ਲਾਸਾਨੀ ਅਸਥਾਨ ਹਾਸਲ ਹੋਇਆ ਇਸ ਵਿਚ ਤਿੰਨ ਗੱਲਾਂ ਦਾ ਸੁਮੇਲ ਸ਼ਾਮਲ ਸੀ। ਉਹਨਾਂ ਬਰਤਾਨਵੀ ਬਸਤੀਵਾਦੀ ਪ੍ਰਬੰਧ ਦੇ ਮੁਕਾਬਲੇ ਉੱਤੇ ਅਜਿਹਾ ਮੁਕੰਮਲ ਬਦਲ ਪੇਸ਼ ਕੀਤਾ ਜਿਸਨੂੰ ਲੋਕ ਸਮਝ ਸਕਦੇ ਸਨ ਤੇ ਚਾਹੁੰਦੇ ਸਨ। ਉਹਨਾਂ ਇਕ ਅਜਿਹੀ ਜਥੇਬੰਦੀ -ਇੰਡੀਅਨ ਨੈਸ਼ਨਲ ਕਾਂਗਰਸ- ਉਸਾਰੀ ਜਿਸਦੇ ਅੰਦਰ ਲੋੜਾਂ ਦਾ ਅਨੁਸ਼ਾਸ਼ਨ ਵੀ ਸੀ ਪਰ ਜਿਹੜੀ ਨਾਲੋ ਨਾਲ ਜਨਤਕ ਲਹਿਰ ਵੀ ਬਣੀ ਰਹੀ। ਜਿਸ ਇਕ ਹੋਰ ਗੱਲ ਵਿਚ ਉਹ ਸਫ਼ਲ ਰਹੇ ਉਹ ਇਹ ਸੀ ਕਿ ਉਹਨਾਂ ਨਿਰੰਤਰ ਉੱਭਰ ਰਹੀਆਂ ਲਹਿਰਾਂ ਤੇ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ ਦੇ ਸੁਮੇਲ ਰਾਹੀਂ ਲੋਕਾਂ ਨਾਲ ਨਾਤਾ ਕਾਇਮ ਰੱਖਿਆ “ਸ਼ਾਂਤੀ ਵੇਲੇ” ਦੀਆਂ ਸਰਗਰਮੀਆਂ, ਜਿਨ੍ਹਾਂ ਨੂੰ ਉਹ ਉਸਾਰੂ ਸਰਗਰਮੀਆਂ ਕਹਿੰਦੇ ਸਨ, ਵਿਚ ਚਰਖਾ ਤੇ ਖਾਦੀ, ਸਵੈ-ਸਾਵੀਦਤ ਤੇ ਸਹਿਕਾਰਤਾ ਰਾਹੀਂ ਪਿੰਡਾਂ ਦੀ ਉੱਨਤੀ ਦੇ ਕੰਮ ਸ਼ਾਮਲ ਸਨ। ਪਰ ਇਹ ਕੰਮ ਨਿਰੇ ਉਤਪਾਦਨ ਖੇਤਰ ਤੱਕ ਹੀ ਸੀਮਤ ਨਹੀਂ ਸਨ ਸਗੋਂ ਸਿਹਤ ਸਫ਼ਾਈ, ਪੀਣ ਵਾਲੇ ਪਾਣੀ ਤੇ ਸਮਾਜੀ ਸੁਧਾਰਾਂ ਨਾਲ ਵੀ ਸੰਬੰਧ ਰੱਖਦੇ ਸਨ। ਇਹ ਲਗਾਤਾਰ ਸਰਗਰਮੀ ਕਾਂਗਰਸ ਨੂੰ ਨਾ ਕੇਵਲ ਕੰਮ ਲਾਈ ਰੱਖਦੀ ਸੀ ਤੇ ਲੋਕਾਂ ਦੇ ਨੇੜੇ ਹੋਣ ਵਿਚ ਮੱਦਦ ਕਰਦੀ ਸੀ ਸਗੋਂ ਅੰਗਰੇਜ਼ ਰਾਜ, ਖੱਬੇਪੱਖ ਅਤੇ ਜਦੋਜਹਿਦ ਕਈ ਨਿਰੋਲ ਕਾਨੂੰਨੀ ਢੰਗਾਂ ਤੋਂ ਵਰਤੋਂ ਕਰਨ ਦੇ ਹਾਮੀਆਂ ਦੇ ਮੁਕਾਬਲੇ ਉੱਤੇ ਇਕ ਠੋਸ ਬਦਲ ਵੀ ਪੇਸ਼ ਕਰਦੀ ਸੀ, ਇਸਦੀ ਮੱਦਦ ਨਾਲ ਅਜਿਹੇ ਅਣਗਿਣਤ ਕਾਰਕੁਨ ਵੀ ਪੈਦਾ ਹੋ ਰਹੇ ਸਨ, ਜਿਹੜੇ ਆਮ ਲੋਕਾਂ ਦਾ ਹੀ ਹਿੱਸਾ ਸਨ ਅਤੇ ਜਿਨ੍ਹਾਂ ਨੂੰ ਪਤਾ ਸੀ ਕਿ ਜਨਤਾ ਨੂੰ ਜਥੇਬੰਦ ਕਿਵੇਂ ਕਰਨਾ ਹੈ।
ਅੰਤ ਵਿਚ ਉਹਨਾਂ ਸਾਂਝੇ ਮੁਹਾਜ਼ ਦਾ ਵਿਚਾਰ ਵੀ ਸਾਹਮਣੇ ਲਿਆਂਦਾ। ਉਹ ਸਰਮਾਏਦਾਰਾਂ, ਜਾਗੀਰਦਾਰਾਂ ਤੇ ਇਥੋਂ ਤੱਕ ਕਿ ਰਜਵਾੜਿਆਂ ਨੂੰ ਵੀ ਅਜਿਹੇ ਮੁਹਾਜ਼ ਤੋਂ ਬਾਹਰ ਨਹੀਂ ਸਨ ਰੱਖਦੇ। ਉਹ ਰਾਜਿਆਂ ਦੇ ਖਾਤਮੇ ਦਾ ਵੀ ਵਿਰੋਧ ਕਰਦੇ ਸਨ। ਉਹਨਾਂ ਦੀ ਦਲੀਲ ਸੀ ਕਿ ਵਿਸ਼ਾਲ ਤੋਂ ਵਿਸ਼ਾਲ ਸਾਮਰਾਜ ਵਿਰੋਧੀ ਸੰਘਰਸ਼ ਲਈ ਇਹ ਜ਼ਰੂਰੀ ਹੈ। ਤਾਂ ਵੀ ਅਜਿਹੇ ਮੁਹਾਜ਼ ਦੀ ਸਥਾਪਨਾ ਸਮੇਂ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਕਿ ਮਿਹਤਕਸ਼ ਲੋਕਾਂ ਅਤੇ ਆਮ ਗਰੀਬਾਂ ਲਈ ਅਜਿਹੇ ਪ੍ਰੋਗਰਾਮ ਤੇ ਉਦੇਸ਼ ਵੀ ਉਲੀਕੇ ਜਾਣ ਜਿਹੜੇ ਇਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਅਤੇ ਤੇ ਇਹਨਾਂ ਨੂੰ ਤੁਰੰਤ ਰਾਹਤ ਵੀ ਪਹੁੰਚਾਉਣ। ਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਆਮ ਲੋਕਾਂ ਦੇ ਸੰਬੰਧ ਵਿਚ ਇਹੀ ਰਣਨੀਤੀ ਅਪਣਾਈ ਭਾਵੇਂ ਇਹ ਸਰਮਾਏਦਾਰ ਸ਼੍ਰੇਣੀ ਸੀ ਜਿਸਨੂੰ ਉਹਨਾਂ ਦੀ ਅਗਵਾਈ ਹੇਠਲੀ ਕਾਂਗਰਸ ਹੱਥੋਂ ਨਾ ਸਿਰਫ਼ ਬਹੁਤ ਜ਼ਿਆਦਾ ਲਾਭ ਹੋਇਆ ਸਗੋਂ ਰਾਜਸੀ ਸੱਤਾ ਵਿਚ ਵੀ ਇਸਦੀ ਭਾਈਵਾਲੀ ਪੈ ਗਈ। ਤਾਂ ਵੀ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਸਾਰਾ ਲਾਭ ਸਰਮਾਏਦਾਰ ਸ਼੍ਰੇਣੀ ਨੂੰ ਹੀ ਪਹੁੰਚਾ। ਆਮ ਲੋਕਾਂ ਤੇ ਸਮੁੱਚੇ ਰੂਪ ਵਿਚ ਪੂਰੀ ਕੌਮ ਨੂੰ ਵੀ ਪ੍ਰਾਪਤੀ ਹੋਈ। ਇਹ ਪ੍ਰਾਪਤੀ ਕਿਸੇ ਹੱਦ ਤੱਕ ਪਦਾਰਥਕ ਅਰਥ ਵੀ ਰੱਖਦੀ ਸੀ ਪਰ ਇਸਨੇ ਵਧੇਰੇ ਕਰਕੇ ਚੇਤਨਾ, ਗੌਰਵ ਤੇ ਕੌਮੀ ਸਵੈ-ਆਦਰ ਪਰਦਾਨ ਕੀਤਾ।
ਮਹਾਤਮਾ ਗਾਂਧੀ ਲਈ ਆਪਣੇ ਲੀਡਰਸ਼ਿਪ ਲਈ ਕਿਸੇ ਕਿਸਮ ਦਾ ਚੈਲਿੰਜ ਗਵਾਰਾ ਨਹੀਂ ਸੀ, ਜਿਥੋਂ ਤੱਕ ਕਮਿਉਨਿਸਟਾਂ ਦਾ ਸੰਬੰਧ ਹੈ, ਉਹਨਾਂ ਵੱਲੋਂ ਤਾਂ ਉੱਕਾ ਹੀ ਨਹੀਂ। ਪਰ ਇਸਦੇ ਨਾਲ ਨਾਲ ਉਹ ਕਮਿਉਨਿਸਟਾਂ ਦੀ ਮਿਲਵਰਤਣ ਵੀ ਚਾਹੁੰਦੇ ਸਨ। ਇਹ ਗੱਲ ਵੀ ਲਿਖਤ ਵਿਚ ਆ ਚੁੱਕੀ ਹੈ ਕਿ ਜਦੋਂ 1929 ਵਿਚ ਅੰਗਰੇਜ਼ ਹਾਕਮਾਂ ਨੇ ਕਮਿਉਨਿਸਟ ਆਗੂਆਂ ਨੂੰ ਮੇਰਠ ਵਿਚ ਜੇਲ੍ਹਬੰਦ ਕਰ ਦਿੱਤਾ ਸੀ ਤਾਂ ਮਹਾਤਮਾ ਗਾਂਧੀ ਉਹਨਾਂ ਨੂੰ ਜੇਲ੍ਹ ਵਿਚ ਮਿਲਣ ਗਏ ਸਨ। ਉੱਥੇ ਉਹਨਾਂ ਕਿਹਾ ਕਿ ਮੈਂ ਤੁਹਾਡਾ ਸਹਿਯੋਗ ਚਾਹੁੰਦਾ ਹਾਂ ਤੇ ਉਸਦੀ ਕਦਰ ਕਰਦਾ ਹਾਂ। ਐੱਸ਼ਏ ਡਾਂਗੇ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਜੇ ਜਨਤਕ ਸੰਘਰਸ਼ ਦੇ ਦੌਰਾਨ ਹਿੰਸਾ ਦੀ ਕੋਈ ਇੱਕਾ ਦੁੱਕਾ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਸੰਘਰਸ਼ ਨੂੰ ਹੀ ਵਾਪਸ ਤਾਂ ਨਹੀਂ ਲੈ ਲਓਗੇ, ਉਂਝ ਹੀ ਜਿਵੇਂ 1922 ਵਿਚ ਚੌਰਾਚੌਰੀ ਸਮੇਂ ਤੁਸਾਂ ਕੀਤਾ ਸੀ ਜਦੋਂ ਭੜਕੀ ਹੋਈ ਭੀੜ ਨੇ ਕੁਝ ਪੁਲਸ ਦੇ ਬੰਦੇ ਜਿਉਂਦੇ ਸਾੜ ਦਿੱਤੇ ਸਨ? ਉਹਨਾਂ ਉਤਰ ਦਿੱਤਾ ਸੀ ਕਿ ਅਜਿਹਾ ਨਹੀਂ ਹੋਵੇਗਾ।
ਕਮਿਉਨਿਸਟ ਆਗੂਆਂ ਵਿਰੁੱਧ ਮੁਕੱਦਮੇ ਦੀ ਪੈਰਵਾਈ ਕਰਨ ਵਾਲਿਆਂ ਵਿਚ ਸਰਕਦਾ ਕਾਂਗਰਸੀ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਮੋਤੀ ਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਦੇ ਨਾਂਅ ਜ਼ਿਕਰਯੋਗ ਹਨ।
ਨਿਰਸੰਦੇਹ ਅੱਜ ਦਾ ਆਜ਼ਾਦ ਹਿੰਦੁਸਤਾਨ ਬਸਤੀਵਾਦੀ ਹਿੰਦੁਸਤਾਨ ਨਾਲੋਂ ਬਹੁਤ ਬਦਲ ਚੁੱਕਾ ਹੈ। ਹਿੰਦੁਸਤਾਨ ਵਿਚ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾਹੜਨ ਦਾ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਨਾਲੋਂ ਸਿਫ਼ਤੀ ਤੌਰ ‘ਤੇ ਵਾਪਰੀ ਪੱਧਰ ਉੱਤੇ ਚੱਲ ਰਿਹਾ ਹੈ। ਇਸਦੇ ਲਈ ਵੱਖਰੀ ਸ਼੍ਰੇਣੀ-ਮਜ਼ਦੂਰ ਜਮਾਤ- ਦੀ ਸਰਦਾਰੀ ਦੀ ਲੋੜ ਹੈ ਅਤੇ ਵੱਖ ਵੱਖ ਸ਼੍ਰੇਣੀਆਂ ਦੀ ਕੁਲੀਜ਼ਨ ਦਾ ਸ਼੍ਰੇਣੀ ਸੱਤਾ ਉੱਤੇ ਕਬਜ਼ਾ ਹੀ ਵਰਤਮਾਨ ਚੌਧਰ ਤੇ ਸੱਤਾ ਦਾ ਭੋਗ ਪਾ ਸਕਦਾ ਹੈ। ਇਸਦੇ ਲਈ ਜਿਸ ਪੱਧਰ ਦੀ ਜਨਤਕ ਚੇਤਨਾ ਤੇ ਸ਼ਮੂਲੀਅਤ ਦੀ ਲੋੜ ਹੈ ਉਹ ਵੀ ਵੱਖਰੀ ਕਿਸਮ ਦੀ ਹੋਵੇਗੀ। ਇਹਨਾਂ ਫਰਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਨਾ ਹੀ ਗਾਂਧੀਵਾਦ ਦੀ ਇਕਟੱਕ ਨੁਕਤਾਚੀਨੀ ਕੀਤੇ ਅਤੇ ਉਸਦਾ ਪ੍ਰਭਾਵ ਘਟਾਏ ਬਿਨਾ ਕੌਮੀ ਜਮਹੂਰੀ ਇਨਕਲਾਬ ਵੱਲ ਅੱ ਗੇ ਵਧਿਆ ਜਾ ਸਕਦਾ ਹੈ। ਪਰ ਫੇਰ ਵੀ ਗਾਂਧੀਵਾਦ ਦਾ ਨਿਰੋਲ ਨਿਖੇਧ ਵੀ ਨਹੀਂ ਹੋ ਸਕਦਾ।

Sunday, November 15, 2009

RYF Units..............

District unit of Fatehgarhsahib was announced on 11november,2009 in which Randev Singh Debi was elected as District President, Baljinder Singh As Cashier,Davinder Singh As Vice-President,Parvesh Kumar Press Secretary And Barinder Singh As Organizer.
Rajpura BLock announced on 20th february2010, in which islam mohmand was elected as Rajpura Block President,Ravinder Singh as Vice-President,Sandeep Bawa as General Secretary,Shiv Aggarwal as Joint Secretary,Kamalpreet Singh as Cashier and Harwinder Singh Organiser.

Saturday, November 14, 2009

Activities..............



President RYF Harjit Singh Jeeti Honoured by the Youth At Village Panjoli Dist. Fatehgarh Sahib(PUNJAB)


RYF President with office bearers of pbi. university after announcing the Punjabi University unit




BLOOD DONATION CAMP ORGANIZED AT GURMAT CHETNA SAMAGAM HELD ON 14th NOV.2009 AT FATEHGARH SAHIB